ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥




 

ਭ੍ਰਮਿ = ਭਟਕ ਕੇ, ਭੌਂ ਕੇ। ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ-ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ।੧।ਰਹਾਉ। ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤਿ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ। ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ।੧। ਸੰਪਤਿ = ਧਨ। ਮਹਿ = ਵਿਚ। ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ ॥੨॥੮॥੧੨॥

 



ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ- ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥

 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!