ਪਰਮਜੀਤ ਸਿੰਘ ਦੀ ਰਿਪੋਰਟ 
Baba Banda Singh Bahadur: ਪਹਿਲੇ ਸਿੱਖ ਬਾਦਸ਼ਾਹ ਦਾ ਰੁਤਬਾ ਹਾਸਲ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਕਸ਼ਮੀਰ ਦੇ ਪੁਣਛ ਦੇ ਜੰਮਪਲ ਸਨ। ਆਪ ਦਾ ਪਹਿਲਾ ਨਾਮ ਲਛਮਣ ਦਾਸ ਸੀ। ਉਨ੍ਹਾਂ ਨੇ ਸਿੱਖ ਰਾਜ ਦੀ ਨੀਂਹ ਰੱਖੀ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਵਾਰ ਹਿਰਨੀ ਦਾ ਸ਼ਿਕਾਰ ਕਰਦਿਆਂ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਉਨ੍ਹਾਂ ਕੋਲੋਂ ਮੌਤ ਹੋ ਗਈ। ਇਸ ਦਾ ਆਪ ਦੁੱਖ ਨਾ ਸਹਾਰਦੇ ਹੋਏ ਬੈਰਾਗੀ ਬਣ ਗਏ ਤੇ ਗੋਦਾਵਰੀ ਦੇ ਕੰਡੇ ਤੇ ਆਪਣਾ ਟਿਕਾਣਾ ਕੀਤਾ।


ਦਸਮ ਪਾਤਸ਼ਾਹ ਨੇ ਜਦੋਂ ਦੱਖਣ ਵਿੱਚ ਗੋਦਾਵਰੀ ਤੇ ਟਿਕਾਣਾ ਕੀਤਾ ਤਾਂ ਇਸ ਬੈਰਾਗੀ ਸਾਧ ਦੇ ਡੇਰੇ ਜਾ ਇਸ ਦੇ ਪਲੰਘ ਤੇ ਬੈਠ ਗਏ। ਮਾਧੋ ਦਾਸ ਨੇ ਦਸਮ ਪਾਤਸ਼ਾਹ ਤੇ ਜੰਤਰ ਮੰਤਰ ਵਰਤੇ ਪਰ ਕਾਮਯਾਬ ਤੇ ਨਾ ਹੋ ਸਕਿਆ ਤੇ ਹਾਰ ਕੇ ਗੁਰੂ ਸਾਹਿਬ ਦੇ ਚਰਨੀ ਢਹਿ ਪਿਆ ਤੇ ਕਿਹਾ ਕਿ ਗੁਰੂ ਜੀ ਮੈਂ ਤੁਹਾਡਾ ਬੰਦਾ, ਭਾਵ ਤੁਹਾਡਾ ਸੇਵਕ।



ਇਸ ਤਰ੍ਹਾਂ ਉਨ੍ਹਾਂ ਦਾ ਨਾਮ ਬਾਬਾ ਬੰਦਾ ਸਿੰਘ ਮਸ਼ਹੂਰ ਹੋਇਆ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਸਿੰਘਾਂ ਦਾ ਜਥੇਦਾਰ ਥਾਪਿਆ ਤੇ ਉਸ ਦੇ ਪੰਜ ਸਲਾਹਾਕਾਰ ਨਿਯੁਕਤ ਕੀਤੇ ਤੇ ਸ਼ਸ਼ਤਰ ਦੇ ਕੇ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਜ਼ਾਲਮਾਂ ਦੇ ਦੰਦ ਖੱਟੇ ਕਰ ਦਿੱਤੇ, ਆਪ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਛੋਟੇ ਸਾਹਿਜ਼ਾਦਿਆਂ ਦੇ ਕਾਤਲ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ।



ਜਦੋਂ ਦਿੱਲੀ ਦਾ ਬਾਦਸ਼ਾਹ ਫਰਖਸੀਅਰ ਗੱਦੀ ‘ਤੇ ਬੈਠਾ ਤਾਂ ਉਸ ਨੇ ਸਿੱਖਾਂ ਦੀ ਦਿਨੋਂ ਦਿਨ ਵੱਧ ਰਹੀ ਤਾਕਤ ਨੂੰ ਵੇਖ ਕੇ ਬਹੁਤ ਗੁੱਸਾ ਖਾਧਾ ਤੇ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਬੜੀ ਭਾਰੀ ਗਿਣਤੀ ‘ਚ ਫੌਜ ਭੇਜੀ, ਬਾਬਾ ਜੀ ਨੇ ਗੁਰਦਾਸ ਨੰਗਲ ਦੀ ਗੜੀ ‘ਚ ਵੈਰੀ ਦੇ ਟਿੱਡੀ ਦੱਲ ਦਾ ਡੱਟ ਕੇ ਸਾਹਮਣਾ ਕੀਤਾ…ਆਖਰਕਾਰ ਵੈਰੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬ ਹੋ ਗਏ ਤੇ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਅਨੇਕਾ ਤਸੀਹੇ ਦਿੱਤੇ ਗਏ।


ਉਨ੍ਹਾਂ ਦੇ ਪੁੱਤਰ ਦਾ ਕਲੇਜਾ ਕੱਢ ਉਨ੍ਹਾਂ ਦੇ ਮੂੰਹ ਵਿੱਚ ਤੁੰਨ੍ਹਿਆ ਗਿਆ ਪਰ ਉਨ੍ਹਾਂ ਸਿੱਖੀ ਸਿਦਕ ਨਹੀਂ ਛੱਡਿਆ ਤੇ ਆਖੀਰ 9 ਜੂਨ 1716 ਈ ਨੂੰ ਸ਼ਹੀਦ ਕਰ ਦਿੱਤਾ ਗਿਆ। ਐਸੀ ਮਹਾਨ ਸ਼ਖਸੀਅਤ ਦੇ ਸ਼ਹੀਦੀ ਦਿਹਾੜੇ ਮੌਕੇ ਏਬੀਪੀ ਸਾਂਝਾ ਵੀ ਸ਼ਰਧਾ ਅਰਪਨ ਕਰਦਾ ਹੈ।