ਪਰਮਜੀਤ ਸਿੰਘ
ਸ਼੍ਰੀ ਅਨੰਦਪੁਰ ਸਾਹਿਬ ਇੱਕ ਕਸਬਾ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ‘ਚ ਵੱਸਦੇ ਸਿੱਖਾਂ ਦਾ ਪਹਿਲਾ ਘਰ ਹੈ। ਇਸੇ ਕਾਰਨ ਇਸ ਧਰਤ ਸੁਹਾਵੀ ਨੂੰ ਖ਼ਾਲਸਾ ਪੰਥ ਦਾ ਘਰ ਕਹਿ ਕੇ ਸਤਿਕਾਰਿਆ ਜਾਂਦਾ ਹੈ। ਦੁਨੀਆਂ ਦੇ ਨਕਸ਼ੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਛਾਣ ਇਸ ਲਈ ਵੀ ਹੈ ਕਿ ਇਸ ਧਰਤੀ ਨੇ ਮੁਰਦਾ ਹੋ ਚੁੱਕੀ ਕੌਮ ਅੰਦਰ ਨਵੀਂ ਰੂਹ ਪਾਈ। ਇਸ ਧਰਤੀ ਤੇ ਖ਼ਾਲਸਾ ਪੰਥ ਦੀ ਸਾਜਨਾ ਹੋਈ। ਇੱਥੇ ਹੀ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਗੁੜਤੀ ਦੇ ਕੇ ਅਜਿਹੀ ਸ਼ਕਤੀ ਬਖਸ਼ੀ ਜਿਸ ਦੀ ਗਵਾਹੀ ਅੱਜ ਵੀ ਚਮਕੌਰ ਦੀ ਗੜ੍ਹੀ ਭਰਦੀ ਹੈ।
ਇਸ ਛੋਟੇ ਜਿਹੇ ਕਸਬੇ ਨੇ ਬਹੁਤ ਵੱਡੀ ਤੇ ਅਮੀਰ ਵਿਰਾਸਤ ਸੰਭਾਲ ਕੇ ਰੱਖੀ ਹੈ। ਇਤਿਹਾਸ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਦਾ ਮੁੱਢ ਉਸ ਵਕਤ ਬੱਝਾ ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਤੇਗ ਬਹਾਦਰ ਜੀ ਨੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਮੁੱਲ਼ ਜ਼ਮੀਨ ਦੀ ਖਰੀਦ ਕੀਤੀ ਜਿਸ ਵਿੱਚ ਪ੍ਰਮੁੱਖ ਪਿੰਡ ਮਾਖੋਵਾਲ, ਲੋਧੀਪੁਰ, ਮੀਆਂਪੁਰ ਆਦਿ ਸ਼ਾਮਲ ਸਨ। ਗੁਰੁ ਸਾਹਿਬ ਨੇ 19 ਜੂਨ ਸੰਨ 1665 ਈ ਨੂੰ ਇਹ ਨਗਰੀ ਵਸਾਈ ਤੇ ਇਸ ਪਵਿਤਰ ਰਮਣੀਕ ਥਾਂ ਦਾ ਨਾਮ ਆਪਣੇ ਪੂਜਨੀਕ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ। ਸ਼੍ਰੀ ਗੁਰੁ ਪੰਥ ਪ੍ਰਕਾਸ਼ ਅਨੁਸਾਰ-
ਜੈਸੇ ਪੁਰਾ ਗੁਰੁ ਬਹੁ ਗ੍ਰਾਮ ਹੈ ਬਸਾਏ,
ਤੈਸੇ ਹਮ ਭੀ ਨਗਰ ਏਕ ਰਚੀਏ ਸਛੰਦ ਹੈ॥
ਐਸੇ ਮਨਿ ਧਾਰਿਕੈ ਨਿਹਾਰ ਕੈ ਜਮੀਨ ਵਰ,
ਬਾਂਧਯੋ ਅਨੰਦਪੁਰ ਦਾਇ ਪਰਮਾਨੰਦ ਹੈ॥
ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਮਾਹਾਰਾਜ ਦੀ ਕਰਮਭੂਮੀ ਵੀ ਹੈ। ਇਸ ਦੀ ਇਤਿਹਾਸਕ ਮਹੱਤਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਲਗਪਗ 27 ਸਾਲ ਇਸ ਧਰਤੀ ਤੇ ਬਤੀਤ ਕੀਤਾ ਤੇ ਇਹ ਧਰਤੀ ਪੁੱਠੇ ਲੇਖਾਂ ਨੂੰ ਸਿੱਧੇ ਕਰਨ ਵਾਲੀ ਬਣੀ। ਇਹੀ ਉਹ ਪਵਿਤਰ ਧਰਤੀ ਸੀ ਜਿੱਥੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਤੇ 9 ਸਾਲ ਦੀ ਉਮਰ ਦੇ ਬਾਲ ਗੋਬਿੰਦ ਰਾਏ ਨੇ ਧਰਮ ਦੀ ਖਾਤਰ ਪਿਤਾ ਸ਼੍ਰੀ ਗੁਰੁ ਤੇਗ ਬਹਾਦਰ ਜੀ ਨੂੰ ਬਲਿਦਾਨ ਦੇਣ ਲਈ ਦਿੱਲੀ ਰਵਾਨਾ ਕੀਤਾ।
ਇੱਥੇ ਹੀ ਦਸਮ ਪਾਤਸ਼ਾਹ ਦੇ ਗ੍ਰਹਿ ਤਿੰਨ ਸਾਹਿਬਜਾਦਿਆਂ ਦਾ ਜਨਮ ਹੋਇਆ। ਇੱਥੋਂ ਹੀ ਗੁਰੂ ਨਾਨਕ ਸਾਹਿਬ ਦੁਆਰਾ ਸਮੁੱਚੀ ਕਾਇਨਾਤ ਨੂੰ ਦਿੱਤੇ ਸਰਬ ਸਾਝੀਵਾਲਤਾ ਦੇ ਪੈਗਾਮ ਦਾ ਹੋਕਾ ਵਿਸ਼ਵ ਭਰ ‘ਚ ਸੇਵਾ ਦੇ ਰੂਪ ‘ਚ ਪਹੁੰਚਿਆ ਜਦੋਂ ਭਾਈ ਘਨ੍ਹੱਈਆ ਜੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਕੇ ਮਲ੍ਹਮ ਪੱਟੀ ਕਰਕੇ ਮਾਨਵਤਾ ਦੀ ਸੇਵਾ ਦਾ ਸੰਕਲਪ ਦ੍ਰਿੜ੍ਹ ਕਰਵਾਇਆ। ਮੁਗਲ ਹੁਕਮਤ ਦੇ ਅੱਤਿਆਚਾਰਾਂ ਤੋਂ ਤੰਗ ਇਸ ਧਰਤੀ ਦੇ ਲੋਕ ਜੋ ਅਕਸਰ ਕਿਹਾ ਕਰਦੇ ਸਨ ਕਿ ਅਸੀਂ ਕਦੇ ਨੰਗੀ ਕਰਦ ਨਹੀਂ ਫੜੀ ਤਾਂ ਮੈਦਾਨੇ ਜੰਗ ‘ਚ ਸ਼ਮਸ਼ੀਰ ਕਿੱਥੋਂ ਫੜ੍ਹ ਲਵਾਂਗੇ? ਉਨ੍ਹਾਂ ਲੋਕਾਂ ਨੂੰ ਦਸਮ ਪਾਤਸ਼ਾਹ ਨੇ ਇਸ ਧਰਤੀ ਤੇ ਖੰਡੇ ਦੀ ਪਹੁਲ ਦੇ ਕੇ ਭਰੇ ਪੰਡਾਲ ‘ਚ ਕਿਹਾ –
ਜਿਨਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ
ਤਿੰਨਹੀ ਕੌ ਸਰਦਾਰ ਬਨਾਉ, ਤਬੈ ਗੋਬਿੰਦ ਸਿੰਘ ਨਾਮ ਕਹਾੳ
ਸੋ ਅਸਲ ‘ਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸਰਦਾਰੀਆਂ ਦੀ ਬਖਸ਼ਿਸ਼ ਕਰਨ ਵਾਲੀ ਧਰਤੀ ਹੈ ਪਰ ਅੱਜ ਮੌਜੂਦਾ ਸਮੇਂ ‘ਚ ਇਹ ਅਪਣੇ ਅਸਲ ਵਜੂਦ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਤੇ ਕਈ ਭੁਗੌਲਿਕ ਸਥਿਤੀਆਂ ਦਾ ਸਾਹਮਣਾ ਕਰ ਰਹੀ ਹੈ। ਅਨੰਦਪੁਰ ਸਾਹਿਬ ਦੇ ਪੁਰਤਾਨ ਸਥਾਨ ਤੇ ਵਸਤੂਆਂ ਅੱਜ ਅਲੋਪ ਹੋ ਚੁਕੀਆਂ ਹਨ ਜਿਨ੍ਹਾਂ ਦੀ ਥਾਂ ਆਲੀਸ਼ਾਨ ਇਮਾਰਤਾਂ ਨੇ ਲੈ ਲਈ ਹੈ।
ਦਸਮ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮੁਗਲ ਹਕੂਮਤ ਨੇ ਮਜਬੂਤ ਕਿਲ੍ਹੇ ਤੇ ਬਹੁਤ ਸਾਰੀਆਂ ਥਾਂਵਾਂ ਨੂੰ ਢਹਿ ਢੇਰੀ ਕਰ ਦਿੱਤਾ ਸੀ ਤਾਂ ਜੋ ਗੁਰੂ ਸਾਹਿਬ ਵਾਪਿਸ ਆ ਕੇ ਇਨ੍ਹਾਂ ਕਿਲ੍ਹਿਆਂ ਤੇ ਕਬਜ਼ਾ ਨਾ ਕਰ ਲੈਣ ਪਰ ਸਭ ਕੁਝ ਢਹਿ-ਢੇਰੀ ਹੋਣ ਤੋਂ ਬਾਅਦ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਪੁਰਾਤਨ ਥੜ੍ਹਾ ਅੱਜ ਵੀ ਮੌਜੂਦ ਹੈ ਜਿੱਥੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਹੋਇਆ ਸੀ ਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਖੁਦ ਤਾਮੀਰ ਕਰਵਾਇਆ ਸੀ।
ਇਤਿਹਾਸਕ ਦਸਵੇਜ਼ਾਂ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਸਤਲੁਜ ਦਰਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਵੱਗਦਾ ਸੀ ਪਰ ਅੱਜ ਇਹ ਕਈ ਕਿਲੋਮੀਟਰ ਦੂਰ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਹਿਫਾਜ਼ਤ ਕਰਨ ਵਾਲਾ ਹਿਮੈਤ ਨਾਲਾ ਵੀ ਅੱਜ ਆਪਣਾ ਵਜੂਦ ਗਵਾ ਚੁੱਕਾ ਹੈ। ਸਾਰੇ ਇਤਿਹਾਸਕ ਗੁਰਦੁਆਰੇ ਸੰਗਮਰਮਰ ਦਾ ਰੂਪ ਧਾਰ ਚੁਕੇ ਹਨ। ਅੱਜ ਪਹਾੜੀਆਂ ਨੂੰ ਮੈਦਾਨ ਦੇ ਵਿੱਚ ਤਬਦੀਲ ਕੀਤਾ ਜਾ ਚੁੱਕਿਆ ਹੈ।
ਖ਼ਾਲਸਾ ਪੰਥ ਦੀ 300 ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਤੋਂ ਬਾਅਦ ਆਲੇ ਦੁਆਲੇ ਕਲੋਨੀਆਂ, ਹੋਟਲਾਂ ਦੀ ਭਰਮਾਰ ਨੇ ਪੁਰਾਤਨਤਾ ਨੂੰ ਖਤਮ ਕਰ ਦਿੱਤਾ। ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦਾ ਚੰਗਰ ਦਾ ਇਲਾਕਾ ਜੋ ਕਿਸੇ ਵੇਲੇ ਦੁਰਲੱਭ ਜੜੀਆਂ ਬੁਟੀਆਂ ਦੇ ਲਈ ਜਾਣਿਆਂ ਜਾਂਦਾ ਸੀ। ਇੱਥੋਂ 8 ਕਿਮੀ ਦੂਰ ਕੀਰਤਪੁਰ ਸਾਹਿਬ ਵਿਖੇ ਗੁਰੁ ਹਰਰਾਇ ਸਾਹਿਬ ਨੇ ਨੌ ਲੱਖਾ ਬਾਗ ਲਵਾਇਆ ਗੁਰੁ ਹਰਕ੍ਰਿਸ਼ਨ ਜੀ ਨੇ ਦਵਾਖਾਨਾਂ ਖੋਲ੍ਹਿਆ ਜਿਸ ਲਈ ਦੁਰਲੱਭ ਜੜੀਆਂ ਬੁਟੀਆਂ ਇਨ੍ਹਾਂ ਪਹਾੜਾਂ ਵਿੱਚੋਂ ਹੀ ਮੰਗਵਾਈਆਂ ਜਾਂਦੀਆਂ ਸਨ ਪਰ ਕੁਦਰਤ ਨਾਲ ਛੇੜਛੇੜ ਦਾ ਸਿੱਟਾ ਇਹ ਨਿਕਲਿਆ ਕਿ ਇਹ ਦੁਰਲੱਭ ਬੁਟੀਆਂ ਵੀ ਅੱਜ ਅਲੋਪ ਹੋ ਰਹੀਆਂ ਹਨ।
ਬੇਸ਼ਕ ਹਰ ਸਾਲ ਹੋਲੇ ਮਹੱਲੇ ਦੇ ਮੌਕੇ ਇਸ ਧਰਤੀ ਤੇ 50 ਲੱਖ ਦਾ ਵੱਡਾ ਇਕੱਠ ਹੁੰਦਾ ਹੈ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਧਰਤੀ ਦਾ ਬਹੁਪੱਖੀ ਵਿਕਾਸ ਕਰਵਾਇਆ ਜਿੱਥੇ ਭਾਰਤ ਦੇ ਸਾਬਕਾ ਰਾਸਟਰਪਤੀ ਗਿਆਨੀ ਜ਼ੈਲ ਸਿੰਘ ਨੇ ਇਸ ਧਰਤੀ ਦੇ ਵਿਕਾਸ ਦਾ ਮੁੱਢ ਬੰਨ੍ਹਿਆਂ ਉੱਥੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜੋ ਸੌਗਾਤਾਂ ਇਸ ਧਰਤੀ ਨੂੰ ਮਿਲੀਆਂ ਉਸ ਤੋਂ ਇਨਕਾਰੀ ਨਹੀ ਹੋਇਆ ਜਾ ਸਕਦਾ ਜਿਸ ਵਿੱਚ ਵਿਰਾਸਤ ਏ ਖਾਲਸਾ, ਸ਼੍ਰੀ ਦਸ਼ਮੇਸ਼ ਅਕੈਡਮੀ, ਮਾਰਸ਼ਲ ਆਰਟ ਅਕੈਡਮੀ, ਪੰਜ ਪਿਆਰਾ ਪਾਰਕ ਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।
ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਵੱਡੇ ਫੰਡ ਇਸ ਧਰਤੀ ਨੂੰ ਮਿਲੇ ਜਿਸ ਨਾਲ ਬਹੁਤ ਕੁਝ ਨਵਾਂ ਬਣਿਆ ਪਰ ਇਸ ਸਭ ਦੇ ਬਾਵਜੂਦ ਵੀ ਅੱਜ ਦਾ ਅਨੰਦਪੁਰ ਸਾਹਿਬ ਗੁਰੂ ਸਾਹਿਬਾਨ ਦੇ ਅਨੰਦਪੁਰ ਸਾਹਿਬ ਨਾਲੋਂ ਕਿੱਤੇ ਵੱਖਰਾ ਤੇ ਅਲੱਗ ਹੈ। ਬੇਸ਼ਕ ਤਰੱਕੀ ਤੇ ਆਧੁਨਿਕਤਾ ਦਾ ਹਵਾਲਾ ਦੇ ਕੇ ਅਸੀਂ ਕੁਦਰਤ ਨਾਲ ਖਿਲਵਾੜ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੇ ਪਰ ਅਜੇ ਵੀ ਵੇਲ੍ਹਾ ਹੈ ਕਿ ਅਨੰਦਪੁਰ ਸਾਹਿਬ ‘ਚ ਮੌਜੂਦ ਅਣਮੁਲੀ ਵਿਰਾਸਤ ਤੇ ਕੁਦਰਤੀ ਖਜ਼ਾਨੇ ਨੂੰ ਸੰਭਾਲਣ ਦੇ ਲਈ ਗੰਭੀਰ ਹੋਈਏ ਤੇ ਨੌਵੇਂ ਪਾਤਸ਼ਾਹ ਵੱਲੋਂ ਮੁੱਲ ਖਰੀਦ ਕੇ ਵਸਾਈ ਧਰਤੀ ਤੇ ਦਸਮ ਪਾਤਸ਼ਾਹ ਦੀ ਚਰਨ ਛੋਹ ਨਾਲ ਲਿਬਰੇਜ਼ ਇਸ ਅਣਮੁਲੀ ਧਰਤੀ ਨੂੰ ਬਚਾਉਣ ਦੇ ਲਈ ਹੰਭਲਾ ਮਾਰੀਏ।