ਪਰਮਜੀਤ ਸਿੰਘ
ਚੰਡੀਗੜ੍ਹ: ਸਮੁੱਚੇ ਸੰਸਾਰ ਭਰ ਵਿੱਚ ਅੱਜ 7ਵੇਂ ਗੁਰੂ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 16 ਜਨਵਰੀ, 1630 ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਵੱਡੇ ਫਰਜ਼ੰਦ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ।
ਆਪ ਜੀ ਨੇ ਭਾਈ ਦਰਗਾਹ ਮੱਲ ਤੋਂ ਮੁੱਢਲੀ ਵਿਦਿਆ ਹਾਸਲ ਕੀਤੀ। ਭਾਈ ਕਿਰਪਾ ਰਾਮ ਦੱਤ ਦੇ ਪਿਤਾ ਭਾਈ ਅੜੂ ਜੀ ਪੁਰੋਹਿਤ ਜਾਤੀ ਮੱਲ ਵੀ ਆਪ ਜੀ ਦੇ ਉਸਤਾਦਾਂ ਵਿੱਚੋਂ ਸਨ। 13 ਸਾਲ ਦੀ ਉਮਰ ਤਕ ਆਪ ਜੀ ਸ਼ਸਤਰ ਤੇ ਸ਼ਾਸਤਰ ਦੇ ਮਾਹਰ ਹੋ ਗਏ ਸਨ। ਅਤਿ ਨਿਮਰਤਾ ਵਾਲੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਆਪ ਇੱਕ ਜਰਨੈਲ ਵੀ ਸਨ।
ਜਦੋਂ ਛੇਵੇਂ ਪਾਤਸ਼ਾਹ ਨੇ ਯੋਗ ਜਾਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰੀਤ ਤੇ ਵਿਚਾਰਧਾਰਾ ਨੂੰ ਲੋਕਹਿਤ ਪ੍ਰਚਾਰਣ ਤੇ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਗੁਰੂ ਹਾਰਿਰਾਏ ਜੀ ਹੀ ਸਭ ਤੋਂ ਯੋਗ ਹਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ, 1644 ਨੂੰ ਜੋਤੀ ਜੋਤਿ ਸਮਾ ਗਏ।
ਇਸ ਪਿੱਛੋਂ ਗੁਰਿਆਈ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੌਂਪ ਦਿੱਤੀ ਗਈ। ਗੁਰਿਆਈ ਤੋਂ ਬਾਅਦ ਆਪ ਜੀ ਨੇ ਜਗਤ ਗੁਰੂ, ਗੁਰੂ ਨਾਨਕ ਸਾਹਿਬ ਵੱਲੋਂ ਮਨੁੱਖਤਾ ਦੇ ਹੱਕ ਵਿੱਚ ਚਲਾਏ ਜਾ ਰਹੇ ਮਿਸ਼ਨ ਨੂੰ ਪ੍ਰਚਾਰਨ ਤੇ ਪ੍ਰਸਾਰਣ ਹਿੱਤ ਕਈ ਪ੍ਰਚਾਰਕ ਦੌਰੇ ਵੀ ਕੀਤੇ ਤੇ ਗੁਰਦੁਆਰੇ ਕਾਇਮ ਕੀਤੇ।
ਇੱਕ ਵਾਰ ਜਦ ਚਲਾਕ ਤੇ ਮੁਤੱਸਬੀ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਾਮਦ ਕਰਕੇ ਉਸ ਕੋਲੋਂ ਖਾਸਾ ਇਨਾਮ ਹਾਸਲ ਕਰਨ ਲਈ ਆਪ ਜੀ ਦੇ ਵੱਡੇ ਬੇਟੇ ਰਾਮਰਾਇ ਨੇ ਪਾਵਣ ਗੁਰਬਾਣੀ ਦੀ ਪੰਗਤੀ ਦੇ ਅਰਥ ਬਦਲ ਕੇ ਸੁਣਾਏ (ਇਤਹਾਸਕ ਹਾਵਲਿਆਂ ਅਨੁਸਾਰ: ਗੁਰਬਾਣੀ ਦੀ ਪੰਗਤੀ ਵਿੱਚ ਦਰਜ ਸ਼ਬਦ ‘ਮੁਸਲਮਾਨ’ ਦੀ ਥਾਂ ਲਫਜ਼ ‘ਬੇਈਮਾਨ’ ਕਰ ਦਿੱਤਾ ਗਿਆ) ਤਾਂ ਜਦ ਇਸ ਘਟਨਾ ਦਾ ਪਤਾ ਗੁਰੂ ਹਰਰਾਇ ਸਾਹਿਬ ਜੀ ਨੂੰ ਲੱਗਾ ਤਾਂ ਆਪ ਜੀ ਨੇ ਮੁਕੰਮਲ ਰੂਪ ਵਿੱਚ ਰਾਮਰਾਇ ਨਾਲ ਆਪਣੇ ਸਬੰਧ ਖਤਮ ਕਰ ਦਿੱਤੇ।
ਰਾਮਰਾਇ ਨੇ ਮੁਆਫੀ ਮੰਗਦਿਆਂ ਹੋਇਆਂ ਕਈ ਨਿਮਰਤਾ ਭਰੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਪਰ ਗੁਰੂ ਜੀ ਨੇ ਨਾਨਕ ਸਿਧਾਂਤ ਨੂੰ ਉੱਚਾ ਜਾਣਦਿਆਂ ਹੋਇਆਂ ਪੁੱਤਰ ਵੱਲੋਂ ਕੀਤੀ ਗਈ ਇਸ ਕੁਤਾਹੀ ਤੋਂ ਡਾਢੇ ਨਰਾਜ਼ ਹੋ ਕੇ ਚਿੱਠੀਆਂ ਨੂੰ ਹੱਥ ਤਕ ਲਾਉਣਾ ਵੀ ਮੁਨਾਸਿਬ ਨਾ ਸਮਝਿਆ।
6 ਅਕਤੂਬਰ 1661 ਦੇ ਦਿਨ ਆਪ ਜੀ ਨੇ ਆਪਣੇ ਛੋਟੇ ਬੇਟੇ ਨੂੰ ਯੋਗ ਜਾਣਦਿਆਂ ਗੁਰਿਆਈ (ਗੁਰੂ) ਹਰਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿੱਤੀ ਤੇ ਆਪ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ। ਆਪ ਜੀ ਵੱਲੋਂ ਤਿਆਰ ਕੀਤੀ ਗਈ ਫੌਜ ਵਿੱਚ 2200 ਘੋੜ ਸਵਾਰ ਤੇ ਵੱਡੀ ਗਿਣਤੀ ਪੈਦਲ ਫੌਜੀ ਸ਼ਾਮਲ ਸਨ।
ਜਾਤ-ਪਾਤ, ਊਚ-ਨੀਚ ਦੇ ਖਾਤਮੇ ਲਈ ਆਪ ਜੀ ਨੇ ਆਪਣੀ ਫੌਜ ਵਿੱਚ ਬਹੁਤ ਸਾਰੇ ਰਾਜਪੂਤ, ਲੁਬਾਣੇ, ਖੱਤਰੀ ਤੇ ਜੱਟਾਂ ਨੂੰ ਸ਼ਾਮਲ ਕੀਤਾ ਤੇ ਸਿੱਖ ਭਾਈਚਾਰੇ ਦਾ ਹਿੱਸਾ ਬਣਾਇਆ। ਗਰੀਬ, ਨਿਆਸਰਿਆ ਦੇ ਇਲਾਜ ਲਈ ਦਵਾਖਾਨਾ ਕਾਇਮ ਕੀਤਾ। ਕੀਰਤਪੁਰ ਸਿਹਬ ਵਿੱਚ ਵਿਸ਼ੇਸ਼ ਤੌਰ ਤੇ ਬਾਗ ਲਗਵਾਇਆ ਅਤੇ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ ਦੀ ਪੈਦਾਵਰ ਕੀਤੀ। ਕੀਰਤਪੁਰ ਸਾਹਿਬ ਵਿੱਚ ਗੁਰੂ ਜੀ ਨੇ ਉੱਚ ਕੋਟੀ ਦੇ ਨੀਮ ਹਕੀਮਾਂ ਨੂੰ ਵਸਾਇਆ।