ਪਰਮਜੀਤ ਸਿੰਘ ਦੀ ਰਿਪੋਰਟ
ਸ਼੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਪੱਛਮ ਵਿੱਚ ਐਨ ਸਾਹਮਣੇ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਦਿਆਂ ਜੋ ਮਿੱਟੀ ਬਾਹਰ ਕੱਢੀ, ਉਸ ਨਾਲ ਇੱਕ ਕੱਚਾ ਥੜ੍ਹਾ ਬਣ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕੱਚੇ ਥੜ੍ਹੇ ਉੱਪਰ ਆਪਣੇ ਆਰਾਮ ਕਰਨ ਲਈ ਇੱਕ ਕੋਠੜੀ ਬਣਵਾਈ ਜਿਸ ਨੂੰ ਹੁਣ ਕੋਠਾ ਸਾਹਿਬ ਕਿਹਾ ਜਾਂਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪ੍ਰਕਾਸ਼ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਾਤ ਨੂੰ ਇੱਥੇ ਹੀ ਬਿਰਾਜਮਾਨ ਕੀਤੇ ਜਾਂਦੇ ਹਨ। ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾਗੱਦੀ ਬਖਸ਼ ਕੇ ਗਏ। ਇੱਥੇ ਹੀ ਪੰਚਮ ਪਾਤਸ਼ਾਹ ਨਮਿਤ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਦਾ ਸਹਿਜ ਪਾਠ ਕਰਕੇ ਭੋਗ ਪਾਇਆ ਤੇ ਦਸਤਾਰ ਬੰਦੀ ਦੀ ਰਸਮ ਅਦਾ ਕੀਤੀ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਰਚਨਾ ਚਾਹੁੰਦੇ ਸਨ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰਕੇ ਹਾੜ ਵਦੀ ਪੰਚਮੀ ਦਾ ਦਿਨ ਮੁਕੱਰਰ ਕਰਕੇ ਉਪਰੋਂ ਥਾਂ ਪੱਧਰਾ ਕਰਨ, ਇੱਟਾਂ ਤੇ ਚੂਨਾ ਆਦਿ ਸਮੱਗਰੀ ਤਿਆਰ ਕਰਨ ਦਾ ਹੁਕਮ ਦਿੱਤਾ। ਨੀਅਤ ਸਮੇਂ ਹਾੜ ਵਦੀ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਕੇ ਮਹਿਲਾਂ ਤੋਂ ਚੱਲ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਨਮਸਕਾਰ ਕੀਤੀ, ਪ੍ਰਕਰਮਾ ਕੀਤੀਆਂ ਤੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਥਾਂ ਆ ਕੇ ਅਰਦਾਸ ਕੀਤੀ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਇੱਟ ਆਪਣੇ ਪਵਿੱਤਰ ਕਰ ਕਮਲਾਂ ਨਾਲ ਰੱਖੀ।
ਇਹ ਤਖ਼ਤ ਇੱਕ ਪੱਕੇ ਥੜ੍ਹੇ ਦੇ ਰੂਪ ‘ਚ ਉਸਾਰਿਆ ਗਿਆ। ਗੁਰੂ ਸਾਹਿਬ ਦੇ ਕਰ ਕਮਲਾਂ ਦੁਆਰਾ ਰੱਖੀ ਨੀਂਹ ਦੀ ਪਹਿਲੀ ਇੱਟ ਤੋਂ ਬਾਅਦ ਕਿਸੇ ਰਾਜ ਨੇ ਹੱਥ ਨਹੀਂ ਲਾਇਆ, ਬਾਕੀ ਸਾਰਾ ਕੰਮ ਸਿਰਫ ਤੇ ਸਿਰਫ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਹੀ ਸੰਪੂਰਨ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰੁਖ ਥੋੜ੍ਹਾ ਜਿਹਾ ਉੱਤਰ ਦਿਸ਼ਾ ਵੱਲ ਨੂੰ ਰੱਖਿਆ ਜਦਕਿ ਕੋਠਾ ਸਾਹਿਬ ਦਾ ਰੁਖ ਸਿੱਧਾ ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਹੈ। ਥੜ੍ਹੇ ਦਾ ਆਕਾਰ 14 ਫੁੱਟ ਲੰਬਾ, 8 ਫੁੱਟ ਚੌੜਾ ਤੇ 7 ਫੁੱਟ ਉੱਚਾ ਹੈ। ਇਸ ਥੜ੍ਹੇ ਦਾ ਨਾਂ ਸਤਿਗੁਰਾਂ ਨੇ ਆਪਣੇ ਮੁੱਖ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਰੱਖਿਆ।
ਸੋ ਛੇਵੇਂ ਪਾਤਸ਼ਾਹ ਦੇ ਸਮੇਂ ਜਦੋਂ ਪੱਕਾ ਥੜ੍ਹਾ ਤਿਆਰ ਹੋ ਗਿਆ ਤਾਂ ਤਖ਼ਤ ਨਸ਼ੀਨੀ ਦੇ ਤਿਲਕ-ਸਮਾਗਮ ਮੌਕੇ ਸਤਿਗੁਰਾਂ ਨੇ ਦੇਸ ਪ੍ਰਦੇਸ ਦੀਆਂ ਸੰਗਤਾਂ ਨੂੰ ਹੁੰਮ-ਹੁੰਮਾ ਕੇ ਪੁੱਜਣ ਹਿੱਤ ਹੁਕਮਨਾਮੇ ਭੇਜ ਦਿੱਤੇ। ਇਸ ਦੇ ਨਾਲ ਹੀ ਲਿਖ ਕੇ ਭੇਜਿਆ ਕਿ ਸੋਨੇ ਚਾਂਦੀ ਦੇ ਗਹਿਣਿਆਂ ਤੇ ਕੀਮਤੀ ਕੱਪੜਿਆਂ ਦੀ ਥਾਂ ਚੰਗੇ ਸ਼ਸਤ੍ਰਾਂ ਤੇ ਘੋੜਿਆਂ ਦੀ ਭੇਟਾ ਲੈ ਕੇ ਆਉਣ।
ਹਾੜ ਸੁਦੀ ਨੌਂਵੀ ਦੀ ਸ਼ਾਮ ਤੱਕ ਦੇਸ ਪ੍ਰਦੇਸ ਦੀਆਂ ਸੰਗਤਾਂ ਦਾ ਭਾਰੀ ਇਕੱਠ ਅੰਮ੍ਰਿਤਸਰ ਪੁੱਜ ਗਿਆ। 26 ਹਾੜ ਸੁਦੀ ਦਸਮੀ, ਦਿਨ ਐਤਵਾਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਤਿਗੁਰਾਂ ਦੇ ਬੈਠਣ ਲਈ ਬਾਦਸ਼ਾਹਾਂ ਵਰਗਾ ਸ਼ਾਹੀ ਸਿੰਘਾਸਣ ਸਜਾਇਆ ਗਿਆ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਦਰਸ਼ਨੀ ਡਿਉਢੀ 'ਤੇ ਮੱਥਾ ਟੇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਨਮਸਕਾਰ ਕੀਤੀ ਤੇ ਪ੍ਰਕਰਮਾ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਣ ਬਿਰਾਜੇ। ਸਾਹਮਣੇ ਸੰਗਤਾਂ ਦਾ ਖੱਚਾ ਖੱਚ ਦੀਵਾਨ ਭਰਿਆ ਹੋਇਆ ਸੀ। ਸਤਿਗੁਰਾਂ ਨੇ ਬਹੁਤ ਸੁੰਦਰ ਕੀਮਤੀ ਪੀਲੀ ਪੌਸ਼ਾਕ ਪਹਿਨੀ ਹੋਈ ਸੀ। ਸੀਸ ‘ਤੇ ਸੁੰਦਰ ਦਸਤਾਰ ਉਪਰ ਕਲਗੀ ਸਜਾਈ ਹੋਈ ਸੀ। ਬਾਹਾਂ ਵਿੱਚ ਅੰਗਦ ਸੋਭ ਰਹੇ ਸਨ ਜਦਕਿ ਪਿੱਠ ਉੱਤੇ ਢਾਲ ਸਜਾਈ ਫੱਬ ਰਹੀ ਸੀ।
ਸੰਗਤਾਂ ਚਕੋਰਾਂ ਵਾਂਗ ਗੁਰੂ ਸਾਹਿਬ ਦੇ ਚੰਦਰਮਾਂ ਵਰਗੇ ਮੁੱਖ ਵੱਲ ਸ਼ਰਧਾ ਭਾਵਨਾ ਨਾਲ ਤੱਕ ਰਹੀਆਂ ਸਨ। ਸਤਿਗੁਰਾਂ ਹੁਕਮ ਕੀਤਾ ਕਿ ਉਹ ਸ਼ਸਤ੍ਰ ਲਿਆਓ ਜੋ ਅਸਾਂ ਬਣਵਾਏ ਹਨ। ਸੇਵਕਾਂ ਨੇ ਸਾਰੇ ਸ਼ਸਤ੍ਰ ਸਤਿਗੁਰਾਂ ਦੇ ਅੱਗੇ ਲਿਆ ਰੱਖੇ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਦੋਹੀਂ ਪਾਸੀ ਦੋ ਸ੍ਰੀ ਸਾਹਿਬ ਸਤਿਗੁਰਾਂ ਨੂੰ ਪਹਿਨਾਏ। ਤੀਰਾਂ ਦਾ ਭਰਿਆ ਭੱਥਾ ਲੱਕ ਨਾਲ ਸਜਾਇਆ। ਖੱਬੇ ਹੱਥ ਭਾਰੀ ਧਨੁੱਖ ਫੜਿਆ ਤੇ ਸੱਜੇ ਹੱਥ ਵਿੱਚ ਤੀਰ ਪਕੜ ਕੇ ਘੁਮਾਇਆ।
ਮੁਖੀ ਸਿੱਖਾਂ ਤੇ ਸੰਗਤਾਂ ਨੇ ਦੋ ਤਲਵਾਰਾਂ ਪਹਿਨਣ ਦਾ ਕਾਰਨ ਪੁੱਛਿਆ ਤਾਂ ਹਜ਼ੂਰ ਨੇ ਫੁਰਮਾਇਆ-
ਇਕ ਤੇ ਲੈ ਮੀਰਨਿ ਕੀ ਮੀਰੀ। ਦੂਸਰ ਤੇ ਪੀਰਨਿ ਕੀ ਪੀਰੀ,
ਮੀਰੀ ਪੀਰੀ ਦੋਨੋ ਧਰੈਂ। ਬਚਹਿ ਸ਼ਰਨਿ ਨਤੁ ਜੁਗ ਪਰਹਰੈ ॥
ਸੋ ਇਸ ਤਰ੍ਹਾਂ ਬਾਦਸ਼ਾਹ ਵਾਂਗ ਸੱਚੇ ਪਾਤਸ਼ਾਹ ਦੇ ਮਸਤਕ ਉੱਪਰ ਤਖ਼ਤ ਨਸ਼ੀਨੀ ਦਾ ਤਿਲਕ ਲਾਇਆ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਅਪਣੀ ਭੇਟਾ ਅਰਪੀ ਫਿਰ ਭਾਈ ਗੁਰਦਾਸ ਜੀ ਤੇ ਇਸ ਤਰ੍ਹਾਂ ਤੇਜ਼ ਰਫਤਾਰ ਘੋੜਿਆਂ ਬੇਸ਼ਕੀਮਤੀ ਸ਼ਸਤ੍ਰਾਂ ਦੇ ਢੇਰ ਲੱਗ ਗਏ ਤੇ ਘੋੜਿਆਂ ਦਾ ਪੂਰਾ ਤਬੇਲਾ ਬਣ ਗਿਆ। ਸੋ ਇਸ ਤਰ੍ਹਾਂ ਇਹ ਚਾਰ ਸਮਾਗਮ ਹੋਏ ਜਿਨ੍ਹਾ ‘ਚ ਪਹਿਲਾ ਗੁਰਿਆਈ ਗੱਦੀ, ਦੂਜਾ ਦਸਤਾਰ ਬੰਦੀ, ਤੀਜਾ ਅਕਾਲ ਤਖ਼ਤ ਸਾਹਿਬ ਦਾ ਨੀਹ ਪੱਥਰ ਤੇ ਚੌਥਾ ਗੁਰੂ ਸਾਹਿਬ ਦੀ ਤਖ਼ਤ ਨਸ਼ੀਨੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ 1606 ਈ ‘ਚ ਸ਼ੁਰੂ ਹੋਈ ਤੇ ਸੰਪੂਰਨਤਾ 1609 ਈ ‘ਚ ਹੋਈ ਇਤਿਹਾਸ ਅਨੁਸਾਰ 1831 ਬਿਕਰਮੀ ਤੱਕ ਇੱਥੇ ਕੇਵਲ ਇੱਕ ਥੜ੍ਹਾ ਹੀ ਸੀ। ਇਤਿਹਾਸ ਦੱਸਦਾ ਹੈ ਕਿ 1608 ਤੋਂ 1628 ਤੱਕ ਗੁਰੂ ਹਰਗੋਬਿੰਦ ਸਾਹਿਬ ਇੱਥੇ ਹੀ ਦਰਬਾਰ ਲਾਉਂਦੇ। ਸ਼ਾਹ ਜਹਾਂ ਦੇ ਸਮੇਂ ਫੌਜੀ ਚੜ੍ਹਾਈ ਹੋਣ ਤੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ ਤਾਂ ਇੱਧਰ ਅਕਾਲ ਤਖ਼ਤ ਸਾਹਿਬ ਤੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਕਾਬਜ਼ ਹੋ ਗਿਆ।
ਸੰਨ 1696 ‘ਚ ਮਿਰਬਾਨ ਦੇ ਪੁੱਤਰ ਹਰਿ ਜੀ ਦਾ ਦੇਹਾਂਤ ਹੋਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵਿਗੜ ਗਿਆ। ਖ਼ਾਲਸਾ ਸਾਜਣ ਤੋਂ ਕੁਝ ਚਿਰ ਪਹਿਲਾਂ ਅੰਮ੍ਰਿਤਸਰ ਦੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੀ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਤਖ਼ਤ ਸਾਹਿਬ ਦਾ ਪ੍ਰਬੰਧ ਵਿਗੜ ਗਿਆ ਹੈ ਤੇ ਸੋਢੀ ਸਿੱਖਾਂ ਵਿੱਚ ਬਦਨਾਮ ਹਨ ਤਾਂ ਸੰਗਤ ਦੀ ਅਰਜ਼ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਸਮੇਂ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੰਘਾਂ ਨਾਲ ਅੰਮ੍ਰਿਤਸਰ ਭੇਜਿਆ ਜਿੱਥੇ ਪਹੁੰਚ ਉਨ੍ਹਾਂ ਹਰਿਮੰਦਰ ਸਾਹਿਬ ‘ਚ ਪ੍ਰਕਾਸ਼ ਕਰਵਾਇਆ ਤੇ ਅਰਦਾਸ ਕਰਕੇ ਨਿਸ਼ਾਨ ਲਹਿਰਾਇਆ। ਇਸ ਤਰ੍ਹਾਂ ਭਾਈ ਮਨੀ ਸਿੰਘ ਨੇ ਸੋਢੀਆਂ ਦੀ ਰੀਤ ਨੂੰ ਬਿਲਕੁਲ ਹੀ ਬਦਲ ਦਿੱਤਾ।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਇੱਕ ਐਸੀ ਸੰਸਥਾ ਵਜੋਂ ਉੱਭਰੀ ਜੋ ਪਿੱਛੋ ਜਾ ਕੇ ਪੰਥਕ ਰਾਜਨੀਤੀ ਦਾ ਕੇਂਦਰੀ ਧੁਰਾ ਹੀ ਬਣ ਗਈ। ਦਲ ਖਾਲਸਾ, ਬੁੱਢਾ ਦਲ, ਤਰੁਨਾ ਦਲ ਤੇ ਸਿੱਖ ਮਿਸਲਾਂ ਦੇ ਸਮੇਂ ਸਿੱਖਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉਹੀ ਮਹੱਤਵ ਕਾਇਮ ਰਿਹਾ, ਸਾਰੇ ਪੰਥਕ ਫੈਸਲੇ ਸਰਬਸੰਮਤੀ ਨਾਲ ਹੁੰਦੇ ਰਹੇ।
ਸਿੱਖ ਇਤਿਹਾਸ ‘ਚ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲੀ ਵਾਰ ਸ਼ਸਤ੍ਰ ਪਹਿਨੇ ਸਨ। ਜਿਸ ਅਸਥਾਨ ‘ਤੇ ਸੱਜ ਕੇ ਮੀਰੀ ਪੀਰੀ ਦੀਆਂ ਦੋਵੇਂ ਤਲਵਾਰਾਂ ਪਹਿਨੀਆਂ ਅੱਜ ਉਸ ਜਗ੍ਹਾਂ ਸੁਨਿਹਰੀ ਬੰਗਲਾ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਹਰ-ਵਾਰ ਇੱਕ ਖੂਹ ਲਵਾਇਆ ਗਿਆ ਜਿਸ ਦਾ ਨਾਮ ਅਕਾਲਸਰ ਰੱਖਿਆ। ਇਸੇ ਖੂਹ ਦੇ ਜਲ ਨਾਲ ਅਕਾਲ ਤਖ਼ਤ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਰਿਹਾ ਤੇ ਹੁਣ ਇਸ ਨੂੰ ਅੰਦਰਵਾਰ ਕਰ ਦਿੱਤਾ ਗਿਆ ਹੈ।
ਸਿੱਖ ਫੌਜਾਂ ਦੇ ਪ੍ਰਸਿੱਧ ਜਰਨੈਲ ਸਰਦਾਰ ਸਿੰਘ ਨਲਵਾ ਨੇ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਸਭ ਤੋਂ ਸੁੰਦਰ ਤੇ ਬਹਮੁੱਲੀ ਬਣਾਇਆ ਜਾਵੇ, ਪਰ 1837 ‘ਚ ਉਹ ਜਮਰੌਦ ਦੀ ਜੰਗ ਸਮੇਂ ਸ਼ਹੀਦ ਹੋ ਗਏ। 1845 ਜਦੋਂ ਸਿੱਖਾਂ ਤੇ ਅੰਗ੍ਰੇਜ਼ਾਂ ਦੀ ਪਹਿਲੀ ਲੜਾਈ ਹੋਈ ਤਾਂ ਡੋਗਰਿਆਂ ਦੀ ਸਾਜਸ਼ ਕਾਰਨ ਅੰਗ੍ਰੇਜ਼ਾਂ ਦੀ ਧੋਖੇ ਨਾਲ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਉਨ੍ਹਾਂ ਲਾਹੌਰ ਪਹੁੰਚਿਦਿਆਂ ਹੀ ਹਰਮਿੰਦਰ ਸਾਹਿਬ ਦਾ ਪ੍ਰਬੰਧ ਇੱਕ ਸਰਬਰਾਹ ਦੇ ਅਧੀਨ ਪੁਜਾਰੀਆਂ ਨੂੰ ਸੌਂਪ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਨਿਹੰਗ ਸਿੰਘਾਂ ਤੋਂ ਲੈਣ ਲਈ ਫੌਜੀ ਹਮਲਾ ਵੀ ਕਰ ਦਿੱਤਾ।
ਇਸ ਵਿੱਚ ਬਹੁਤ ਸਾਰੇ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸ਼ਹੀਦ ਹੋ ਗਏ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਅੰਗਰੇਜ਼ ਹਾਕਮਾਂ ਨੇ ਸਰਕਾਰੀ ਸਰਬਰਾਹ ਦੇ ਅਧੀਨ ਪੁਜਾਰੀਆਂ ਦੇ ਹੱਥ ਹੀ ਦੇ ਦਿੱਤਾ। 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪੰਜਾਬ ਦੇ ਸਾਰੇ ਗੁਰਦੁਆਰੇ ਮਹੰਤਾ ਤੋਂ ਆਜ਼ਾਦ ਕਰਵਾ ਲਏ ਗਏ।
1947 ਤੋਂ 1977 ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਦਾ ਹੀ ਕੇਂਦਰ ਰਿਹਾ ਤੇ ਕਿਸੇ ਵੀ ਹੋਰ ਕਿਸਮ ਦੀ ਪਾਲਿਸੀ ਮੈਟਰ ਨੂੰ ਨਹੀਂ ਵਿਚਾਰਿਆ ਗਿਆ। 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਇਆ। ਇਸ ਮਤੇ ਵਿੱਚ ਵਿਦੇਸ਼ੀ ਮਾਮਲੇ, ਮੁਦਰਾ, ਰੱਖਿਆ ਤੇ ਸੰਚਾਰ ਸਮੇਤ ਸਿਰਫ ਪੰਜ ਜ਼ਿੰਮੇਵਾਰੀਆਂ ਆਪਣੇ ਕੋਲ ਰੱਖਦੇ ਹੋਏ ਬਾਕੀ ਦੇ ਅਧਿਕਾਰ ਸੂਬੇ ਨੂੰ ਦੇਣ ਤੇ ਪੰਜਾਬ ਨੂੰ ਇੱਕ ਖੁਦਮੁਖਤਿਆਰ ਸੂਬੇ ਦੇ ਰੂਪ ‘ਚ ਸਵੀਕਾਰ ਕਰਨ ਸਬੰਧੀ ਗੱਲਾਂ ਕਹੀਆਂ ਗਈਆਂ।
1977 ‘ਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾ ਦੀ ਧਾਰਮਿਕ ਪ੍ਰਚਾਰ ਦੀ ਪ੍ਰਮੁੱਖ ਸ਼ਾਖਾ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ ਤੇ ਉਨ੍ਹਾਂ ਅੰਮ੍ਰਿਤ ਪ੍ਰਚਾਰ ਮੁਹਿਮ ‘ਚ ਤੇਜੀ ਲਿਆਉਣ ਦੀ ਸ਼ੁਰੂਆਤ ਕੀਤੀ। ਅਪ੍ਰੈਲ 1978 ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਵੱਲੋਂ ਨਿਰੰਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਫਾਇਰਿੰਗ ਦੌਰਾਨ 13 ਸਿੱਖਾਂ ਦੀ ਮੌਤ ਹੋ ਗਈ।
10 ਜੂਨ 1978 ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਖਿਲਾਫ ਜਾਰੀ ਹੁਕਮਨਾਮੇ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਬਾਰੇ ਨਵੀਂ ਕਿਸਮ ਦੀ ਚਰਚਾ ਸ਼ੁਰੂ ਹੋ ਗਈ। ਅਕਾਲੀ ਦਲ ਦਲ ਦੇ ਅੰਦਰੂਨੀ ਝਗੜਿਆਂ ਦੀ ਸਾਲਸੀ ਕਾਰਨ ਇਸ ਚਰਚਾ ‘ਚ ਹੋਰ ਵਾਧਾ ਹੋ ਗਿਆ। ਅਕਾਲੀ ਦਲ ਦੀ ਦੋ ਗੁੱਟਾਂ ‘ਚ ਵੰਡ ਹੋ ਗਈ। ਪਹਿਲੇ ਗੁੱਟ ਦੀ ਅਗਵਾਈ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਜਦਕਿ ਦੂਜੇ ਗੁੱਟ ਦੀ ਅਗਵਾਈ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਹੱਥ ਵਿੱਚ ਆ ਗਈ।
19 ਜੁਲਾਈ 1982 ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਇੱਕ ਐਸੇ ਮੋਰਚੇ ਦੀ ਸ਼ੁਰੂਆਤ ਕੀਤੀ ਜਿਸ ਨੇ ਛੇਤੀ ਹੀ ਸਮੁੱਚੀ ਸਿੱਖ ਕੌਮ ਨੂੰ ਐਸੇ ਰਾਹ ਤੇ ਖੜ੍ਹਾ ਕਰ ਦਿੱਤਾ, ਜਿੱਥੋਂ ਕੌਮ ਨੇ ਆਪਣੇ ਭਵਿੱਖ ਲਈ ਜ਼ਿੰਦਗੀ ਤੇ ਮੌਤ ਦਾ ਫੈਸਲਾ ਕਰਨਾ ਸੀ। ਜ਼ਿੰਦਗੀ ਤੇ ਮੌਤ ਦੀ ਗੱਲ ਇਸ ਕਰਕੇ ਕਿਉਂਕਿ ਇਹ ਇਹ ਮੋਰਚਾ, ਇੱਕ ਤਾਂ ਬਹੁਤ ਅਰਸੇ ਬਾਅਦ ਲੱਗਾ ਸੀ, ਦੂਸਰਾ ਇਹ ਪਹਿਲੇ ਮੋਰਚਿਆਂ ਤੋਂ ਇਹ ਮੋਰਚਾ ਬਿਲਕੁੱਲ ਹੀ ਵੱਖਰੀ ਕਿਸਮ ਦਾ ਸੀ। ਤੀਸਰਾ ਇਸ ਮੋਰਚੇ ਦੇ ਆਸ਼ੇ ਤੇ ਨਿਸ਼ਾਨੇ ਵੀ ਪਹਿਲੇ ਮੋਰਚਿਆਂ ਤੋਂ ਵੱਖਰੇ ਸਨ।
ਸੰਤ ਹਰਚੰਦ ਸਿੰਘ ਲੌਂਗੋਵਾਲ ਧਰਮ ਯੁੱਧ ਮੋਰਚੇ ਦੇ ਡਾਇਰੈਕਟਰ ਸੀ। ਸੰਤ ਜਰਨੈਲ ਸਿੰਘ ਨੇ ਭਰਪੂਰ ਸਮਰਥਨ ਦਿੰਦਿਆਂ ਇਸ ਮੋਰਚੇ ਨੂੰ ਸਿਖਰ ਤੇ ਪਹੁੰਚਾਇਆ। ਜਨਤਕ ਤੌਰ ਤੇ ਕਦੇ ਵੀ ਦੋਵਾਂ ਸੰਤਾਂ ਦਾ ਆਪਸ ‘ਚ ਵਿਰੋਧ ਨਹੀਂ ਸੀ ਹੋਇਆ। ਕਿਹਾ ਇਹ ਵੀ ਜਾਂਦਾ ਹੈ ਕਿ ਜਰਨੈਲ ਸਿੰਘ ਭਿੰਡਰਾਵਾਲੇ ਕਿਹਾ ਕਰਦੇ ਸੀ ਕਿ ਮੀਡੀਆ ਰਾਹੀਂ ਇਹ ਖਬਰਾਂ ਫੈਲਾਈਆਂ ਜਾਣਗੀਆਂ ਕਿ ਸੰਤ ਜਰਨੈਲ਼ ਸਿੰਘ ਤੇ ਸੰਤ ਲੌਂਗੋਵਾਲ ਆਪਸੀ ਫੁੱਟ ਦਾ ਸ਼ਿਕਾਰ ਹਨ ਪਰ ਕੌਮ ਕਦੇ ਵੀ ਅਜਿਹੀਆਂ ਅਫਵਾਵਾ ਤੇ ਵਿਸ਼ਵਾਸ਼ ਨਾ ਕਰੇ।
ਅਕਤੂਬਰ 1983 ਨੂੰ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਾਗੂ ਕਰ ਦਿੱਤਾ ਗਿਆ। ਦਸੰਬਰ 1983 ਨੂੰ ਭਿੰਡਰਾਵਾਲੇ ਹੁਣ ਦਰਬਾਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਕੰਪਲੈਕਸ ਦੇ ਸਭ ਤੋਂ ਅਹਿਮ ਹਿੱਸੇ ਯਾਨੀ ਅਕਾਲ ਤਖ਼ਤ ਸਾਹਿਬ ਵਿੱਚ ਪਹੁੰਚ ਗਏ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ੳਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਹੈ।
ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆ ‘ਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ। ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਬਗਾਵਤ ਕਰ ਦਿੱਤੀ। ਸਰਕਾਰੀ ਵਾਈਟ ਪੇਪਰ ਮੁਤਾਬਕ ਇਸ ਹਮਲੇ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 783 ਨਾਂ ਸ਼ਾਮਲ ਹਨ ਪਰ ਮੌਕੇ ਤੇ ਹਾਜ਼ਰ ਲੋਕ ਇਹ ਗਿਣਤੀ ਕਿਤੇ ਜ਼ਿਆਦਾ ਦੱਸਦੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੀ ਆਤਮਾ ਹੈ। ਆਤਮਾ ਨੂੰ ਦਿੱਤਾ ਜ਼ਖਮ ਰਹਿੰਦੀ ਦੁਨੀਆਂ ਤੱਕ ਦਰਦ ਦਿੰਦਾ ਰਹਿੰਦਾ ਹੈ। ਸਰਕਾਰ ਚਾਹੁੰਦੀ ਸੀ ਕਿ ਜਲਦ ਤੋਂ ਜਲਦ ਇਸ ਹਮਲੇ ਦੇ ਨਿਸ਼ਾਨ ਨੂੰ ਮਿੱਟਾ ਦਿੱਤਾ ਜਾਵੇ। ਸਰਕਾਰ ਨੇ ਸਿੱਖ ਪੰਥ ਦੀਆਂ ਪੰਜ ਸਖਸੀਅਤਾਂ ਨਾਲ ਮੇਲ-ਜੋਲ ਕਰਕੇ ਇਸ ਦੀ ਮੁਰੰਮਤ ਮੁਕੰਮਲ ਕਰ ਦਿੱਤੀ ਪਰ ਸਿੱਖ ਹਲਕਿਆਂ ਨੇ ਇਸ ਹੋਈ ਕਾਰ ਸੇਵਾ ਨੂੰ ਰੱਦ ਕਰਦਿਆਂ ਸਰਕਾਰ ਸੇਵਾ ਦਾ ਨਾਮ ਦਿੱਤਾ ਤੇ ਢਾਹ ਕੇ ਪੰਥਕ ਵਸੀਲਿਆਂ ਨਾਲ ਮੁੜ ਉਸਾਰੀ ਕਰਵਾਈ।
ਪੰਜ ਸਿੰਘ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪੰਥਕ ਫ਼ੈਸਲੇ ਅਨੁਸਾਰ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਉਸਾਰਨ ਦਾ ਫੈਸਲਾ ਕੀਤਾ ਗਿਆ। ਸੋ ਇਤਿਹਾਸ ਨੂੰ ਵਾਚਿਆਂ ਪੱਤਾ ਲੱਗਦਾ ਹੈ ਕਿ ਸਿੱਖ ਸੰਘਰਸ਼ ਵਿੱਚ ਅਕਾਲ ਤਖਤ ਸਾਹਿਬ ਦੀ ਵਿਸ਼ੇਸ਼ ਦੇਣ ਹੈ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਪੰਥ ਦੀ ਖੁਦਮੁਖਤਿਆਰ ਹਸਤੀ ਦਾ ਪ੍ਰਗਟਾਵਾ ਕੀਤਾ।