History of Takht Sri Patna Sahib: ਬਿਹਾਰ 'ਚ ਗੰਗਾ ਤਟ ਦੇ ਕਦੀਮੀ ਸ਼ਹਿਰ ਪਟਨਾ ਸਾਹਿਬ ਸਿੱਖਾਂ ਲਈ ਬਹੁਤ ਮਹਾਨ ਤੇ ਸ਼ਰਧਾ ਵਾਲੀ ਧਰਤੀ ਹੈ। ਇੱਥੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਪਟਨਾ ਸਾਹਿਬ ਨੂੰ ਪੰਜ ਤਖ਼ਤਾਂ 'ਚੋਂ ਦੂਸਰਾ ਤਖ਼ਤ ਵਜੋ ਜਾਣਦੇ ਹਨ। ਇਸ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਦਾ ਮਾਣ ਹਾਸਿਲ ਹੈ।


 


ਰਾਏ ਜੌਹਰੀ ਦੀ ਹਵੇਲੀ 


ਇਹ ਮਹਾਨ ਪਵਿੱਤਰ ਅਸਥਾਨ ਪਹਿਲਾਂ ਸਲਿਸ ਰਾਏ ਜੌਹਰੀ ਦੀ ਹਵੇਲੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸਮੇਂ ਇੱਥੇ ਹੀ ਸਿੱਖੀ ਪ੍ਰਚਾਰ ਦੀ ਪਹਿਲੀ ਮੰਜੀ ਬਖਸੀ। ਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਮਤ 1563 ਵਿਚ ਆਪਣੀ ਪਹਿਲੀ ਉਦਾਸੀ ਸਮੇਂ ਚਰਨ ਪਾਏ ਸਨ ਤੇ ਸਾਲਸ ਰਾਇ ਜੌਹਰੀ ਸਮੇਤ ਹੋਰ ਸ਼ਰਧਾਲੂਆਂ ਦੀ ਬੇਨਤੀ ‘ਤੇ ਕਰੀਬ 4 ਮਹੀਨੇ ਇਥੇ ਠਹਿਰੇ ਸਨ ਤੇ ਸਿੱਖੀ ਦਾ ਪ੍ਰਚਾਰ ਕੀਤਾ। 



ਗੁਰੂ ਜੀ ਦਾ ਜਨਮ


ਬਾਅਦ ਵਿਚ ਗੁਰੂ ਤੇਗ ਬਹਾਦਰ ਜੀ ਪੂਰਬ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ 1666 ਈਸਵੀ ਵਿਚ ਪਟਨਾ ਸਾਹਿਬ ਪੁੱਜੇ ਸਨ। ਇਥੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫ਼ਤਹਿ ਚੰਦ ਮੈਣੀ ਨੇ ਗੁਰੂ ਸਾਹਿਬ ਦੇ ਨਿਵਾਸ ਲਈ ਹਵੇਲੀ ਤਿਆਰ ਕਰਵਾਈ ਗਈ ਸੀ ਤੇ ਗੁਰੂ ਸਾਹਿਬ ਇਥੇ ਆਪਣੇ ਪਰਿਵਾਰ ਨੂੰ ਛੱਡ ਕੇ ਅੱਗੇ ਆਸਾਮ ਤੇ ਬੰਗਾਲ ਵੱਲ ਸਿੱਖੀ ਪ੍ਰਚਾਰ ਲਈ ਚਲੇ ਗਏ ਸਨ। ਕੁਝ ਮਹੀਨਿਆਂ ਬਾਅਦ ਇਸੇ ਪਾਵਨ ਅਸਥਾਨ ‘ਤੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ, ਸੰਮਤ 1723 ਨੂੰ ਅਵਤਾਰ ਧਾਰਿਆ।



ਤਖ਼ਤ ਸ੍ਰੀ ਪਟਨਾ ਸਾਹਿਬ ਦਾ ਨਾਮ 


ਦਸਵੇਂ ਪਾਤਸ਼ਾਹ ਨੇ ਇਸ ਪਾਵਨ ਅਸਥਾਨ ‘ਤੇ ਆਪਣੇ ਬਚਪਨ ਦੇ ਕਰੀਬ 7 ਵਰ੍ਹੇ ਬਤੀਤ ਕਰਦਿਆਂ ਅਨੇਕਾਂ ਕੌਤਕ ਕੀਤੇ ਤੇ ਇਹ ਅਸਥਾਨ ਨੌਵੇਂ ਤੇ ਦਸਵੇਂ ਗੁਰੂ ਸਾਹਿਬ ਦਾ ਨਿਵਾਸ ਤੇ ਸਿੱਖੀ ਦਾ ਪ੍ਰਚਾਰ ਕੇਂਦਰ ਰਿਹਾ, ਬਾਅਦ ‘ਚ ਦਸਵੇਂ ਪਾਤਸ਼ਾਹ ਨੇ ਹੀ ਇਸ ਅਸਥਾਨ ਦਾ ਨਾਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਰੱਖਿਆ। 


 


ਤਖ਼ਤ ਦੀ ਸੇਵਾ


ਇਸ ਮਹਾਨ ਧਾਰਮਿਕ ਅਸਥਾਨ ਦੀ ਇਮਾਰਤ ਦੀ ਸੇਵਾ ਪਹਿਲਾਂ ਰਾਜਾ ਫ਼ਤਹਿ ਚੰਦ ਮੈਣੀ ਨੇ ਸੰਮਤ 1722 ਵਿਚ ਕਰਵਾਈ ਸੀ। ਦੂਜੀ ਵਾਰ 1837 ਈਸਵੀ ਵਿਚ ਇਸ ਅਸਥਾਨ ਦੀ ਸੇਵਾ ਕਰਾਉਣ ਦਾ ਸੁਭਾਗ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਇਸੇ ਵੇਲੇ ਇਸ ਅਸਥਾਨ ‘ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪੰਜ ਮੰਜ਼ਿਲਾਂ ਸ਼ਾਨਦਾਰ ਤੇ ਸੁੰਦਰ ਇਮਾਰਤ ਮੌਜੂਦ ਹੈ।


 


ਇਤਿਹਾਸਕ ਵਸਤਾਂ ਸੁਸ਼ੋਭਿਤ 



ਇਸ ਅਸਥਾਨ ਵਿਖੇ ਕਲਗੀਧਰ ਪਾਤਸ਼ਾਹ ਦਾ ਸੋਨੇ ਦੇ ਪੱਤਰਿਆਂ ਨਾਲ ਜੜ੍ਹਿਆ ਪੰਘੂੜਾ, ਜਿਸ ਵਿਚ ਉਹ ਬਾਲ ਵਰੇਸ ਸਮੇਂ ਆਰਾਮ ਕਰਿਆ ਕਰਦੇ ਸਨ, ਇਸ ਤੋਂ ਇਲਾਵਾ ਨੌਵੇਂ ਤੇ ਦਸਵੇਂ ਪਾਤਸ਼ਾਹ ਦੀਆਂ ਹਾਥੀ ਦੰਦ ਤੇ ਚੰਦਨ ਨਾਲ ਬਣੀਆਂ ਖੜਾਵਾਂ, ਦਸਵੇਂ ਪਾਤਸ਼ਾਹ ਦੇ ਕੁੱਝ ਸ਼ਸ਼ਤਰ ਤੇ ਪਵਿੱਤਰ ਚੋਲਾ ਸਾਹਿਬ, ਸਮੇਂ-ਸਮੇਂ ਗੁਰੂ ਸਾਹਿਬਾਨ ਤੇ ਗੁਰੂ ਮਾਤਾਵਾਂ ਵਲੋਂ ਜਾਰੀ ਕੀਤੇ ਕਈ ਹੁਕਮਨਾਮੇ ਅਤੇ ਦਸਮ ਪਾਤਸ਼ਾਹ ਦੁਆਰਾ ਤੀਰ ਦੀ ਨੋਕ ਅਤੇ ਕੇਸਰ ਨਾਲ ਮੂਲ ਮੰਤਰ ਲਿਖਿਆ ਪੁਰਾਤਨ ਪਾਵਨ ਸਰੂਪ ਆਦਿ ਵੀ ਸੁਸ਼ੋਭਿਤ ਹਨ।


 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਆਪਣੇ ਇਕ ਹੁਕਮਨਾਮੇ ਵਿਚ ਇਸ ਅਸਥਾਨ ਨੂੰ ‘ਪਟਨਾ ਗੁਰੂ ਦਾ ਘਰ’ ਦਾ ਵੀ ਵਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਸਮੂਹ ਵਿਖੇ ਮਾਤਾ ਗੁਜਰੀ ਜੀ ਦਾ ਪੁਰਾਤਨ ਖ਼ੂਹ ਅੱਜ ਵੀ ਮੌਜੂਦ ਹੈ, ਭਾਵੇਂ ਉਸਦਾ ਪੁਰਾਤਨ ਸਰੂਪ ਕਾਇਮ ਨਹੀਂ ਰਿਹਾ। 


ਜੇਕਰ ਤੁਸੀਂ ਪਟਨਾ ਸਾਹਿਬ ਜਾਂਦੇ ਹੋ ਤਾਂ ਤੁਹਾਨੂੰ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ। ਜੋ ਇਸ ਪ੍ਰਕਾਰਨ ਹਨ। 



ਗੁਰਦੁਆਰਾ ਮੈਣੀ ਸੰਗਤ ਬਾਲ ਲੀਲ੍ਹਾ ਸਾਹਿਬ


ਇੱਥੇ ਬਾਲਾ ਪ੍ਰੀਤਮ ਰਾਜਾ ਫ਼ਤਹਿ ਚੰਦ ਮੈਣੀ ਦੇ ਮਹਿਲਾਂ ਵਿਚ ਬਚਪਨ ਦੇ ਸਾਥੀਆਂ ਨਾਲ ਖੇਡਣ ਜਾਇਆ ਕਰਦੇ ਸਨ। ਉਨ੍ਹਾਂ ਦੀ ਰਾਣੀ ਰਾਜ ਮਾਤਾ ਵਿਸ਼ੰਭਰਾ ਦੇਵੀ ਉਨ੍ਹਾਂ ਦੇ ਕੌਤਕਾਂ ਤੋਂ ਪ੍ਰਸੰਨ ਹੋਇਆ ਕਰਦੀ ਸੀ। ਇਥੇ ਹੀ ਰਾਣੀ ਨੇ ਬਾਲਾ ਪ੍ਰੀਤਮ ਤੋਂ ਉਨ੍ਹਾਂ ਜਿਹੇ ਸੋਹਣੇ ਪੁੱਤਰ ਦਾ ਵਰ ਮੰਗਿਆ ਸੀ ਜਿੱਥੇ ਲਾਲ ਜੀ ਨੇ ਰਾਣੀ ਦੀ ਗੋਦ ’ਚ ਬਿਰਾਜਮਾਨ ਹੋ ਕੇ ਕਿਹਾ ਸੀ,‘ਮੈਂ ਤੁਹਾਡਾ ਹੀ ਧਰਮ ਦਾ ਪੁੱਤਰ ਹਾਂ।’ ਇਸ ਅਸਥਾਨ ’ਤੇ ਯਾਤਰੀਆਂ ਦੇ ਠਹਿਰਨ ਲਈ ਰਾਜਾ ਫ਼ਤਹਿ ਚੰਦ ਮੈਣੀ ਯਾਤਰੀ ਨਿਵਾਸ ਅਤੇ ਰਾਜ ਮਾਤਾ ਵਿਸ਼ੰਭਰਾ ਦੇਵੀ ਯਾਤਰੀ ਨਿਵਾਸ ਹੈ।


 


ਗੁਰਦੁਆਰਾ ਗੰਗਾ ਘਾਟ


ਗੁਰਦੁਆਰਾ ਗੰਗਾ ਘਾਟ ਵਿਖੇ ਗੁਰੂ ਸਾਹਿਬ ਨੇ ਸੋਨੇ ਦਾ ਕੜਾ ਗੰਗਾ ਵਿੱਚ ਸੁੱਟਿਆ ਸੀ ਅਤੇ ਮਾਤਾ ਜੀ ਦੇ ਪੁੱਛਣ ’ਤੇ ਦੂਸਰਾ ਵੀ ਸੁੱਟ ਦਿੱਤਾ ਸੀ। ਗੁਰਦੁਆਰਾ ਗੁਰੂ ਕਾ ਬਾਗ਼ ਜਿੱਥੇ ਦੋ ਭਰਾਵਾਂ ਰਹੀਮ ਬਖ਼ਸ਼ ਅਤੇ ਕਰੀਮ ਬਖ਼ਸ਼ ਦਾ ਸੁੱਕ ਚੁੱਕਿਆ ਬਾਗ਼ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਆਉਣ ’ਤੇ ਹਰਾ ਭਰਾ ਹੋ ਗਿਆ ਸੀ। ਇਥੇ ਅੱਜ ਵੀ ਹਰ ਤਰ੍ਹਾਂ ਦੇ ਬੜੇ ਸੋਹਣੇ ਅਤੇ ਹਰੇ ਭਰੇ ਰੁੱਖ ਹਨ।


 


ਗੁਰਦੁਆਰਾ ਹਾਂਡੀ ਸਾਹਿਬ


 1728 ਈ ਵਿਚ ਬਾਲਾ ਪ੍ਰੀਤਮ ਜੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਤਾਂ ਇਕ ਗ਼ਰੀਬ ਮਾਤਾ ਜਮਨਾ ਜੀ ਨੇ ਖਿਚੜੀ ਦਾ ਲੰਗਰ ਵਰਤਾਇਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਖਿਚੜੀ ਦਾ ਲੰਗਰ ਹੀ ਵਰਤਾਇਆ ਜਾਂਦਾ ਹੈ। ਗੁਰਦੁਆਰਾ ਗਊ ਘਾਟ ਵਿਖੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ ਸੀ। ਗੁਰਦੁਆਰਾ ਸੋਨਾਰ ਟੋਲੀ ਦੇ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ।



ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ


ਪਟਨਾ ਸਾਹਿਬ ਤੋਂ 100 ਕਿਲੋਮੀਟਰ ਪਾਸੇ ਨਾਲੰਦਾ ਜ਼ਿਲੇ ਵਿੱਚ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ ਰਾਜਗੀਰ ਸਥਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਗਰਮ ਕੁੰਡਾਂ ਵਿੱਚੋਂ ਸੰਗਤਾਂ ਦੀ ਬੇਨਤੀ ’ਤੇ ਇਕ ਕੁੰਡ ਦਾ ਪਾਣੀ ਸ਼ੀਤਲ ਹੋਣ ਦਾ ਵਰਦਾਨ ਦਿੱਤਾ ਸੀ।