ਬਿਲਾਵਲੁ ॥ ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥


 



ਹਮ ਤੇ = ਅਸਾਂ ਜੀਵਾਂ ਤੋਂ, ਮੈਥੋਂ। ਬਿਗਰੀ = ਵਿਗੜੀ ਹੈ, ਵਿਗਾੜ ਹੋਇਆ ਹੈ, ਮਾੜਾ ਕੰਮ ਹੋਇਆ ਹੈ। ਸੀਲੁ = ਚੰਗਾ ਸੁਭਾਉ। ਧਰਮੁ = ਜ਼ਿੰਦਗੀ ਦਾ ਫ਼ਰਜ਼। ਜਪੁ = ਬੰਦਗੀ। ਹਉ = ਮੈਂ। ਟੇਢ = ਵਿੰਗੀ। ਪਗਰੀ = ਪਕੜੀ, ਫੜੀ।੧।ਰਹਾਉ। ਅਮਰ = {ਅ-ਮਰ} ਨਾਹ ਮਰਨ ਵਾਲੀ, ਨਾਸ ਨਾਹ ਹੋਣ ਵਾਲੀ। ਜਾਨਿ = ਸਮਝ ਕੇ। ਸੰਚੀ = ਸਾਂਭ ਕੇ ਰੱਖੀ, ਪਾਲਦਾ ਰਿਹਾ। ਕਾਇਆ = ਸਰੀਰ। ਮਿਥਿਆ = ਨਾਸਵੰਤ। ਗਗਰੀ = ਘੜਾ। ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜਿ = ਆਦਰ ਦੇ ਕੇ, ਮਿਹਰ ਕਰ ਕੇ। ਸਾਜਿ = ਪੈਦਾ ਕਰ ਕੇ। ਹਮ = ਸਾਨੂੰ, ਮੈਨੂੰ। ਅਵਰ = ਹੋਰਨੀਂ ਪਾਸੀਂ।੧। ਸੰਧਿਕ = ਚੋਰ। ਤੋਹਿ = ਤੇਰਾ। ਕਹੀਅਉ = ਮੈਂ ਅਖਵਾ ਸਕਦਾ ਹਾਂ। ਤੁਮਰੀ ਪਗਰੀ = ਤੇਰੇ ਚਰਨਾਂ ਦੀ। ਮਤ ਘਾਲਹੁ = ਭੇਜੀਂ। ਖਬਰੀ = ਖ਼ਬਰੀ, ਸੋਇ।੨।


 



ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ)।੧।ਰਹਾਉ। ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ। ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ।੧। (ਸੋ) ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ; ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ)।੨।੬।


 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!