ਵਡਹੰਸੁ ਮਹਲਾ ੪ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥ ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥ ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥ ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥ ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ ॥ ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥ ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥ ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥ ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥ ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥ ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥



ਪਦਅਰਥ: ਹਰਿ = ਹੇ ਹਰੀ! ਮੇਲਿ = ਮਿਲਾ। ਸੁਖਦਾਤਾ = ਆਤਮਕ ਆਨੰਦ ਦੇਣ ਵਾਲਾ (ਗੁਰੂ) । ਹਮ ਪੂਛਹ = ਅਸੀ ਪੁੱਛਦੇ ਹਾਂ, ਮੈਂ ਪੁੱਛਾਂਗਾ। ਹਰਿ ਬਾਤਾ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਨਿ = ਜਿਸ (ਗੁਰੂ) ਨੇ। ਪਾਇ ਲਗਹ = ਅਸੀ ਪੈਰੀਂ ਲੱਗਦੇ ਹਾਂ, ਮੈਂ ਲੱਗਾਂਗਾ। ਕਰਹ = ਅਸੀ ਕਰਦੇ ਹਾਂ, ਮੈਂ ਕਰਾਂਗਾ। ਗੁਰਿ = ਗੁਰੂ ਨੇ। ਪੰਥੁ = (ਸਹੀ ਜੀਵਨ ਦਾ) ਰਸਤਾ। ਸੋਈ = ਉਹ (ਗੁਰੂ) ਹੀ। ਸਮਤੁ = ਇਕੋ ਜਿਹਾ, ਬਰਾਬਰ। ਨਾਮਿ = ਨਾਮ ਵਿਚ ।੧। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਦੀ ਰਾਹੀਂ। ਸਭਿ = ਸਾਰੇ। ਲਥਿਅੜੇ = ਲਹਿ ਗਏ। ਜਗਿ = ਜਗਤ ਵਿਚ। ਤਾਪਾ = ਦੁੱਖ = ਕਲੇਸ਼। ਨਿਵਾਰੇ = ਦੂਰ ਕਰ ਦੇਂਦਾ ਹੈ। ਸਤਿਗੁਰਿ = ਗੁਰੂ ਨੇ। ਖੜਗੁ = ਖੰਡਾ, ਤਲਵਾਰ। ਹਥਿ = ਹੱਥ ਵਿਚ। ਕੰਕਰ = {किंकर} ਸੇਵਕ। ਮਾਰਿ = ਮਾਰ ਕੇ। ਬਿਦਾਰੇ = ਚੀਰ ਦਿੱਤੇ, ਨਾਸ ਕਰ ਦਿੱਤੇ। ਪ੍ਰਭਿ = ਪ੍ਰਭੂ ਨੇ। ਸੰਤਾਪਾ = ਕਲੇਸ਼ ।੨। ਮੇਰੈ ਮਨਿ = ਮੇਰੇ ਮਨ ਵਿਚ। ਭਾਇਆ = ਪਿਆਰਾ ਲੱਗ ਰਿਹਾ ਹੈ। ਮੁਖਿ = ਮੂੰਹ ਨਾਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਭਿ = ਸਾਰੇ। ਅਰੋਗਤ = ਨਰੋਆ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਅਜਾਤਿ = ਨੀਵੀਂ ਜਾਤਿ। ਪਰਮ = ਸਭ ਤੋਂ ਉੱਚਾ ।੩। ਹਰਿ = ਹੇ ਹਰੀ! ਲੇਹੁ ਉਬਾਰੇ = ਉਬਾਰਿ ਲੇਹੁ, (ਵਿਕਾਰਾਂ ਤੋਂ) ਬਚਾ ਲੈ। ਨਿਰਗੁਣ = ਗੁਣ-ਹੀਨ। ਦੀਨ = ਆਜਿਜ਼। ਦੈਆਲ = ਹੇ ਦਇਆ ਦੇ ਘਰ! ਦੁਖ ਭੰਜਨੁ = ਦੁਖਾਂ ਦਾ ਨਾਸ ਕਰਨ ਵਾਲਾ। ਪਾਥਰ = ਕਠੋਰ = ਚਿੱਤ। ਤਰਾਇਆ = ਤੇਰੇ ਤਾਰੇ ਹੋਏ। ਸਤਿਗੁਰ ਭੇਟਿ = ਗੁਰੂ ਨੂੰ ਮਿਲ ਕੇ। ਨਾਮਿ = ਨਾਮ ਨੇ। ਉਧਾਰੇ = ਪਾਰ ਲੰਘਾ ਲਿਆ ।੪।



ਅਰਥ: ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ। ਜਿਸ ਗੁਰੂ ਨੇ (ਕੁਰਾਹੇ ਪਏ ਜਗਤ ਨੂੰ ਜੀਵਨ ਦਾ ਸਹੀ) ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ, ਮੈਂ ਉਸ ਗੁਰੂ ਅੱਗੇ ਬੇਨਤੀ ਕਰਾਂਗਾ (ਕਿ ਮੈਨੂੰ ਭੀ ਜੀਵਨ-ਰਸਤਾ ਦੱਸ)। ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ।੧। ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣ, (ਜੇਹੜਾ ਮਨੁੱਖ ਨਾਮ ਸੁਣਦਾ ਹੈ) ਨਾਮ ਦੀ ਰਾਹੀਂ ਉਸ ਦੇ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਨਾਮ) ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਕਰ ਦੇਂਦਾ ਹੈ। ਗੁਰੂ ਨੇ (ਜਿਸ ਮਨੁੱਖ ਦੇ) ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਸ ਨੇ ਜਮਰਾਜ ਦੇ ਦੂਤ ਮਾਰ ਕੇ ਮੁਕਾ ਦਿੱਤੇ (ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਮੁਕਾ ਲਿਆ) । ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ (ਜੇਹੜਾ ਸੁਣਦਾ ਹੈ ਉਸ ਦੇ) ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ।੨। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ। ਗੁਰੂ ਦੀ ਰਾਹੀਂ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ, ਸਰੀਰ ਨਰੋਆ ਹੋ ਜਾਂਦਾ ਹੈ। ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ। ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸ੍ਰੇਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ।੩। ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ। ਅਸੀ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ। ਹੇ ਦਇਆ ਦੇ ਘਰ ਹਰੀ! ਅਸੀ ਵਿਕਾਰੀ ਹਾਂ, ਗੁਣਾਂ ਤੋਂ ਸੱਖਣੇ ਹਾਂ, (ਆਤਮਕ ਜੀਵਨ ਵਲੋਂ) ਕੰਗਾਲ ਹਾਂ, ਪਰ ਅਸੀ ਤੇਰੇ ਹਾਂ, ਤੇ, ਤੇਰੀ ਸਰਨ ਆਏ ਹਾਂ। ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ। ਅਸੀ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ। ਹੇ ਨਾਨਕ! ਆਖ-) ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ। ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ ।੪।੪।