ਧਨਾਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥



ਪਦਅਰਥ :- ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਸਭਿ = ਸਾਰੇ। ਨਿਵਾਰੀ = ਦੂਰ ਕਰਨ ਵਾਲਾ। ਸੁਆਮੀ = ਹੇ ਮਾਲਕ ਪ੍ਰਭੂ! ਤੁਮ ਜੁ ਪਿਆਰੀ = ਜੇਹੜੀ ਤੈਨੂੰ ਪਿਆਰੀ ਲੱਗਦੀ ਹੈ।੧। ਕਹਿ ਨ ਸਕਉ = ਕਹਿ ਨ ਸਕਉਂ, ਮੈਂ ਬਿਆਨ ਨਹੀਂ ਕਰ ਸਕਦਾ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਪਹਿਨੀ ਰੱਖਣ ਵਾਲਾ, ਕ੍ਰਿਸ਼ਨ} ਹੇ ਪਰਮਾਤਮਾ! ਨੀਰਿ = ਪਾਣੀ ਵਿਚ। ਪਾਖਣ = ਪੱਥਰ।ਰਹਾਉ। ਬਿਖੁ = ਜ਼ਹਰ। ਮੋਰਚਾ = ਜੰਗਾਲ। ਸਵਾਰੀ = ਸ੍ਵੱਛ ਹੋ ਜਾਂਦੀ ਹੈ। ਕੰਚਨੁ = ਸੋਨਾ। ਬੈਸੰਤਰਿ = ਅੱਗ ਵਿਚ। ਤਾਇਓ = ਤਪਾਇਆ ਜਾਂਦਾ ਹੈ। ਕਾਟੀ = ਕੱਟੀ ਜਾਂਦੀ ਹੈ। ਕਟਤਿ = ਕੱਟ ਕੇ। ਉਤਾਰੀ = ਲਾਹੀ ਜਾਂਦੀ ਹੈ।੨। ਜਪਉ = ਜਪਉਂ, ਮੈਂ ਜਪਦਾ ਹਾਂ। ਜਪਿ = ਜਪ ਕੇ। ਉਰਿ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਟਿਕਾਂਦਾ ਹਾਂ। ਅਉਖਧੁ = ਦਵਾਈ। ਜਗਿ = ਜਗਤ ਵਿਚ। ਪੂਰਾ = ਕਦੇ ਨਾਹ ਖੁੰਝਣ ਵਾਲਾ।੩। ਅਗਮ = ਹੇ ਅਪਹੁੰਚ! ਅਗਾਧਿ ਬੋਧਿ = ਇਤਨਾ ਡੂੰਘਾ ਕਿ ਮਨੁੱਖ ਦੀ ਸਮਝ ਅੰਦਾਜ਼ਾ ਨਾਹ ਲਾ ਸਕੇ। ਅਪਰੰਪਰ = ਹੇ ਪਰੇ ਤੋਂ ਪਰੇ! ਪੁਰਖ = ਹੇ ਸਰਬ = ਵਿਆਪਕ! ਅਪਾਰੀ = ਹੇ ਬੇਅੰਤ! ਜਗ ਜੀਵਨ = ਹੇ ਜਗਤ ਦੇ ਜੀਵਨ! ਪੈਜ = ਲਾਜ।੪।

ਅਰਥ :- ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ। ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥ ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਅਸੀਂ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥ ਰਹਾਉ ॥ ਹੇ ਭਾਈ! ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਇਵੇਂ ਸੋਧਿਆ ਜਾਂਦਾ ਹੈ, ਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ ॥੨॥ (ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ। ਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ। ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ॥੩॥ ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ! ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ ਜੀ! (ਆਖੋ-) ਦਾਸਾਂ ਦੀ ਲਾਜ ਰੱਖ ਲੈ ॥੪॥੧॥