The Religious Animated Film: ‘Supreme Motherhood’: Mata Sahib Kaur


ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਨਿਹਾਲ ਪ੍ਰੋਡੈਕਸ਼ਨਸ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਪੁਰ ਬਣਾਈ ਐਨੀਮੇਸ਼ਨ ਫਿਲਮ ਨੂੰ 14 ਅਪ੍ਰੈਲ ਨੂੰ ਰਿਲੀਜ਼ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਦੀ ਰਿਲੀਜ਼ ਰੋਕਣ ਲਈ ਕਿਹਾ ਹੈ।


ਰਮਦਾਸ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ, ਮਾਤਾ ਸਾਹਿਬ ਕੌਰ ਐਜੂਕੇਸ਼ਨ ਟਰੱਸਟ ਯੂਕੇ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਪੁਰ ਤਿਆਰ ਕੀਤੀ ਗਈ ਐਨੀਮੇਸ਼ਨ ਫਿਲਮ ਦੀ ਸਕਰਿਪਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਸੀ, ਜਿਸ ਨੂੰ ਵਾਚਨ ਉਪਰੰਤ 25 ਮਾਰਚ 2019 ਨੂੰ ਸਬੰਧਤਾਂ ਨੂੰ ਪੱਤਰ ਲਿਖਿਆ ਗਿਆ ਸੀ ਕਿ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।


ਉਨ੍ਹਾਂ ਦੱਸਿਆ ਕਿ ਸਬੰਧਤਾਂ ਵੱਲੋਂ ਫਿਰ ਹੁਣ 2 ਮਾਰਚ 2022 ਅਤੇ 21 ਮਾਰਚ 2022 ਨੂੰ ਪੱਤਰ ਲਿਖ ਕੇ ਤਿਆਰ ਹੋਈ ਐਨੀਮੇਸ਼ਨ ਫਿਲਮ ਭੇਜੀ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਬ-ਕਮੇਟੀ ਵੱਲੋਂ ਸਬੰਧਤਾਂ ਦੀ ਹਾਜ਼ਰੀ ਵਿਚ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਐਨੀਮੇਸ਼ਨ ਫਿਲਮ ਵਿਚ ਬਹੁਤ ਸਾਰੀਆਂ ਕਮੀਆਂ ਹਨ।


ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਮੁਤਾਬਕ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ। ਦੂਜਾ ਇਤਿਹਾਸਕ ਤੌਰ ’ਤੇ ਫਿਲਮ ਦੀ ਕਹਾਣੀ ਦੀ ਕੋਈ ਤਰਤੀਬ ਨਹੀਂ ਹੈ। ਮਾਤਾ ਸੁੰਦਰੀ ਜੀ ਦਾ ਇਤਿਹਾਸ ਮਾਤਾ ਸਾਹਿਬ ਕੌਰ ਜੀ ਨਾਲ ਜੋੜਿਆ ਗਿਆ ਹੈ। ਫਿਲਮ ਵਿਚ ਕਈ ਇਤਿਹਾਸਕ ਅਤੇ ਸਿਧਾਂਤਕ ਗਲਤੀਆਂ ਹਨ।


ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤਾਂ ਨੂੰ ਫਿਲਮ ਸਬੰਧੀ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਵੱਡੀਆਂ ਊਣਤਾਈਆਂ ਕਾਰਨ ਇਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਹੋਵੇਗੀ, ਇਸ ਲਈ ਇਸ ਫਿਲਮ ਦੀ ਰਿਲੀਜ਼’ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Coronavirus in India: ਭਾਰਤ 'ਚ ਕੋਰੋਨਾ ਦੇ 1150 ਨਵੇਂ ਮਾਮਲੇ, 24 ਘੰਟਿਆਂ 'ਚ 83 ਲੋਕਾਂ ਦੀ ਮੌਤ