ਸ੍ਰੀ ਅਨੰਦਪੁਰ ਸਾਹਿਬ : ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਇਤਿਹਾਸਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਸ਼ਰਧਾ ਸਤਿਕਾਰ ਸਹਿਤ ਇਹ ਦਿਨ ਮਨਾਇਆ ਗਿਆ, ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥਿਆਂ ਵੱਲੋਂ ਆਈ ਸੰਗਤ ਨੂੰ ਰਸਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ।
'ਸ਼ਹੀਦਾਂ ਦੇ ਸਰਤਾਜ' ਗੁਰੂ ਅਰਜਨ ਦੇਵ ਜੀ
'ਸ਼ਹੀਦਾਂ ਦੇ ਸਰਤਾਜ' ਗੁਰੂ ਅਰਜਨ ਦੇਵ ਜੀ
1606 ਈ ਨੂੰ ਜੇਠ ਮਹੀਨੇ ਦੀ ਕੜਕਦੀ ਗਰਮੀ ‘ਚ ਉੱਬਲਦੀ ਦੇਗ ‘ਚ ਬੈਠ, ਤੱਤੀ ਤੱਵੀ 'ਤੇ ਆਸਣ ਲਾ ਕੇ ਭਖਦੀ ਰੇਤ ਕੋਮਲ ਸਰੀਰ 'ਤੇ ਪਵਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਅਜਿਹੇ ਕਾਂਡ ਦੀ ਰਚਨਾ ਕੀਤੀ, ਜਿਸ ਕਰਕੇ ਆਪ ਸ਼ਹੀਦਾਂ ਦੇ ਸਰਤਾਜ ਕਹਾਏ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਨੂੰ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਸੁਰਤ ਸੰਭਾਲਣ ਤੋਂ ਹੀ ਆਪ ਨੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਪਿਤਾ ਨਹੀਂ ਬਲਕਿ ਗੁਰੂ ਰੂਪ ਜਾਣ ਕੇ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ।
ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਲ ਅਵਸਥਾ ਵਿੱਚ ਹੀ ਆਪ ਨੂੰ ਦੋਹਿਤਾ ਬਾਣੀ ਕਾ ਬੋਹਿਥਾ ਹੋਣ ਦਾ ਵਰ ਦਿੱਤਾ ਸੀ। ਬਾਲ ਅਵਸਥਾ ਆਪ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਹੀ ਗੁਜ਼ਾਰੀ। ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਸ੍ਰੀ ਗੁਰੂ ਰਾਮਦਾਸ ਜੀ ਨੇ 1581 ਨੂੰ ਗੁਰਤਾਗੱਦੀ ਦੀ ਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ।
ਜਿਸ ਥਾਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹ ਅਸਥਾਨ ਪਾਕਿਸਤਾਨ ਦੇ ਲਾਹੌਰ ਦੇ ਕਿਲ੍ਹੇ ਪਾਸ ਸੁਭਾਇਮਾਨ ਹੈ। ਇੱਥੇ ਹੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ 30 ਮਈ 1606 ਨੂੰ ਗੁਰੂ ਸਾਹਿਬ ਸ਼ਹੀਦ ਕੀਤੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਆ ਕੇ ਇੱਥੇ 1621 ‘ਚ ਗੁਰਦੁਆਰਾ ਸਾਹਿਬ ਬਣਾਇਆ। ਬਾਅਦ ਵਿੱਚ ਮਾਹਾਰਾਜਾ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਜਿੱਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਤਾਮੀਰ ਕੀਤਾ ਹੋਇਆ ਹੈ।