ਪਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ

ਰਾਜਸਥਾਨ ਦੇ ਧੌਲਪੁਰ ‘ਚ ਸਥਿਤ ਮਚਕੁੰਡ ਹਿੰਦੂ ਧਰਮ ਦਾ ਪ੍ਰਸਿੱਧ ਤੀਰਥ ਅਸਥਾਨ ਹੈ। ਇਹ ਉਹ ਪਵਿਤਰ ਧਰਤੀ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗਵਾਲੀਅਰ ਨੂੰ ਜਾਂਦੇ ਸਮੇਂ ਰੁਕੇ ਸਨ। ਉਨ੍ਹਾਂ 4 ਮਾਰਚ 1612 ਨੂੰ ਇਸ ਅਸਥਾਨ 'ਤੇ ਆਪਣੇ ਮੁਬਾਰਕ ਚਰਨ ਪਾਏ ਸੀ।

ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਖੂੰਖਾਰ ਸ਼ੇਰ ਰਹਿੰਦਾ ਸੀ। ਚੰਦੂ ਸਾਜਿਸ਼ ਤਹਿਤ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗੁਰੂ ਸਾਹਿਬ ਨੂੰ ਖੁੰਖਾਰੂ ਸ਼ੇਰ ਦੇ ਸ਼ਿਕਾਰ ਲਈ ਜੰਗਲ ਵਿੱਚ ਲੈ ਗਿਆ। ਇਤਿਹਾਸ ਮੁਤਾਬਕ ਅਸਲ ਵਿੱਚ ਇਸ ਖੂੰਖਾਰ ਸ਼ੇਰ ‘ਚ ਦੁਆਪਰ ਦੇ ਭਸਮ ਹੋਏ ਕਾਲ ਯਮਨ ਦੀ ਰੂਹ ਦਾ ਵਾਸਾ ਸੀ। ਖੂੰਖਾਰ ਕਾਲ ਯਮਨ ਸ਼ੇਰ ਦੇ ਰੂਪ ਵਿੱਚ ਜੰਗਲ ਦਾ ਬਾਦਸ਼ਾਹ ਬਣ ਕੇ ਘੁੰਮ ਰਿਹਾ ਸੀ।

ਸ਼ਿਕਾਰ ਦੀ ਭਾਲ ‘ਚ ਘੁੰਮਦਾ ਭੁੱਖਾ ਸ਼ੇਰ ਉਸ ਅਸਥਾਨ 'ਤੇ ਆ ਗਿਆ ਜਿੱਥੇ ਬਾਦਸ਼ਾਹ ਜਹਾਂਗੀਰ ਤੇ ਚੰਦੂ ਮਸਤੀ ‘ਚ ਬੈਠੇ ਸਨ ਤੇ ਮਨੋ ਮਨ ਸੋਚ ਰਹੇ ਸਨ ਕਿ ਅੱਜ ਸ਼ੇਰ ਗੁਰੂ ਸਾਹਿਬ ਦਾ ਸ਼ਿਕਾਰ ਕਰ ਲਵੇਗਾ ਤੇ ਦੁਸ਼ਮਣ ਦਾ ਸਫਾਇਆ ਹੋ ਜਾਵੇਗਾ ਪਰ ਇਧਰ ਸ਼ੇਰ ਬਾਦਸ਼ਾਹ ਵੱਲ ਵੱਧ ਰਿਹਾ ਸੀ। ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਮਰਵਾਉਣ ਖਾਤਰ ਚੀਕ ਚਿਹਾੜਾ ਪਾਇਆ। ਗੁਰੂ ਸਾਹਿਬ ਆਪਣੀ ਮਚਾਨ ਤੋਂ ਹੇਠਾਂ ਉੱਤਰੇ ਤੇ ਗੁਰੂ ਸਾਹਿਬ ਅੱਗੇ 12 ਫੁੱਟ 5 ਇੰਚ ਲੰਬਾਂ ਸ਼ੇਰ ਦਿਹਾੜ ਰਿਹਾ ਸੀ। ਗੁਰੂ ਸਾਹਿਬ ਨੇ ਕਾਲ ਯਮਨ ਦਾ ਉਧਾਰ ਕਰਨ ਲਈ ਆਪਣੀ ਤਲਵਾਰ ਦਾ ਜ਼ੋਰਦਾਰ ਵਾਰ ਕੀਤਾ। ਇਸ ਤਰ੍ਹਾਂ ਕਾਲ ਯਮਨ ਨੂੰ ਕਲਯੁੱਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਹੱਥੋਂ ਮੁਕਤੀ ਪ੍ਰਾਪਤ ਹੋਈ।



ਇਤਿਹਾਸ ਨੂੰ ਵਾਚਦਿਆਂ ਪਤਾ ਲੱਗਦਾ ਹੈ ਕਿ ਇਹੀ ਉਹ ਸਥਾਨ ਸੀ ਜਿੱਥੇ ਸਤਯੁਗ ‘ਚ ਮਹਾਨ ਯੱਗ ਦੀ ਰਾਖਸ਼ਾਂ ਤੋਂ ਰੱਖਿਆ ਕਰਨ ਲਈ ਦੇਵਤਿਆਂ ਨੇ ਰਾਜਾ ਮਾਨਦਾਤਾ ਅੱਗੇ ਪ੍ਰਾਰਥਨਾ ਕੀਤੀ। ਰਾਜਾ ਮਾਨਦਾਤਾ ਨੇ ਯੱਗ ਦੀ ਰੱਖਿਆ ਲਈ ਅਪਣੇ ਛੋਟੇ ਪੁੱਤਰ ਮਚਕੁੰਡ ਨੂੰ ਦੇਵਤਿਆਂ ਨਾਲ ਭੇਜਿਆ। ਮਾਨਦਾਤਾ ਦੇ ਸਪੁੱਤਰ ਮਚਕੁੰਡ ਨੇ ਇਸ ਯੱਗ ਦੀ ਪੂਰੀ ਤਨਦੇਹੀ ਨਾਲ ਰੱਖਿਆ ਕੀਤੀ। ਯੱਗ ਦੀ ਸੰਪੂਰਨਤਾ ਉਪਰੰਤ ਮੱਚਕੁੰਡ ਨੂੰ ਵਰ ਮਿਲਿਆ ਕਿ ਜੋ ਪ੍ਰਾਣੀ ਵੀ ਉਸ ਨੂੰ ਸੁੱਤੇ ਪਏ ਨੂੰ ਜਗਾਏਗਾ, ਉਹ ਭਸਮ ਹੋ ਜਾਵੇਗਾ। ਸੋ ਇਸ ਤਰ੍ਹਾਂ ਮਚਕੁੰਡ ਜੰਗਲ ਵਿੱਚ ਜਾ ਕੇ ਪਹਾੜੀ ਗੁਫਾ ਅੰਦਰ ਲੁੱਕ ਕੇ ਸੌਂ ਗਿਆ।

ਇਤਿਹਾਸਕ ਸਰੋਤਾਂ ‘ਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਦੁਆਪਰ ਯੁੱਗ ‘ਚ ਜਦੋਂ ਸ੍ਰੀ ਕ੍ਰਿਸ਼ਨ ਮਾਹਾਰਾਜ ਦਾ ਆਪਣੇ ਦੁਸ਼ਮਣਾਂ ਨਾਲ ਯੁੱਧ ਛਿੜ ਗਿਆ ਤਾਂ ਆਪ ਆਪਣੇ ਮਾਮੇ ਕੰਸ ਨੂੰ ਮਾਰ ਕੇ ਜੇਤੂ ਹੋ ਗਏ ਪਰ ਯੁੱਧ ਸਮਾਪਤ ਨਾ ਹੋਇਆ। ਜਰਾਸਿੰਦ ਨੂੰ ਅਨੇਕਾਂ ਵਾਰ ਰਣਭੂਮੀ ਵਿਚ ਹਰਾਇਆ ਪਰ ਜਰਾਸਿੰਦ ਨੇ ਫਿਰ ਮਥਰਾ 'ਤੇ ਹਮਲਾ ਕਰ ਦਿੱਤਾ। ਕ੍ਰਿਸ਼ਨ ਮਾਹਾਰਾਜ ਨੇ ਮਜਬੂਰ ਹੋ ਕੇ ਮਥਰਾ ਤੋਂ ਨਿਕਲ ਕੇ ਜੰਗਲ ਵੱਲ ਚੱਲ ਪਏ ਤੇ ਇੱਧਰ ਜਰਾਸਿੰਦ ਦਾ ਸਾਥ ਦੇਣ ਵਾਲਾ ਸੂਰਬੀਰ ਯੋਧਾ ਕਾਲ ਯਮਨ ਵੀ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ।

ਮਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਤੋਮਰ ਕਹਿ ਗਏ ਵੱਡੀ ਗੱਲ, ਕਿਸਾਨਾਂ ਦੇ ਐਲਾਨ ਮਗਰੋਂ ਦਿੱਤਾ ਸੰਕੇਤ

ਕ੍ਰਿਸ਼ਨ ਮਾਹਾਰਾਜ ਧੌਲਪੁਰ ਵਿਖੇ ਉਸ ਗੁੱਫਾ ਵੱਲ ਵਧ ਰਹੇ ਸਨ ਜਿੱਥੇ ਮੱਚਕੁੰਡ ਸੁੱਤਾ ਪਿਆ ਸੀ। ਗੁੱਫਾ ਅੰਦਰ ਪਹੁੰਚ ਕੇ ਕ੍ਰਿਸ਼ਨ ਜੀ ਨੇ ਆਪਣਾ ਪਿਤਾਬਰ ਭਾਵ ਪੀਲੇ ਰੰਗ ਦਾ ਦੁਸ਼ਾਲਾ ਮਚਕੁੰਡ ਉਪਰ ਪਾ ਦਿੱਤਾ ਤੇ ਆਪ ਇੱਕ ਪਾਸੇ ਹੋ ਕੇ ਲੁੱਕ ਕੇ ਬੈਠ ਗਏ। ਉੱਧਰ ਕਾਲ ਯਮਨ ਭਗਵਾਨ ਕ੍ਰਿਸ਼ਨ ਜੀ ਦਾ ਪਿੱਛਾ ਕਰਦਿਆਂ ਇਸੇ ਗੁੱਫਾ ‘ਚ ਆ ਗਿਆ ਤੇ ਉਸ ਨੂੰ ਲੱਗਿਆ ਕੇ ਕ੍ਰਿਸ਼ਨ ਮਾਹਾਰਾਜ ਸੁੱਤੇ ਪਏ ਹਨ।



ਉਸ ਵੱਲੋਂ ਸੁੱਤੇ ਹੋਏ ਮਚਕੁੰਡ ਨੂੰ ਝੰਜੋੜ ਕੇ ਲੜਨ ਲਈ ਲਲਕਾਰਿਆ ਜਿਸ ਨਾਲ ਮੱਚਕੁੰਡ ਜਾਗ ਪਿਆ ਤੇ ਮਚਕੁੰਡ ਦੇ ਭਸਮ ਕਰਨ ਵਾਲੇ ਵਰ ਤੇ ਗੁੱਸੇ ਕਾਰਨ ਕਾਲ ਯਮਨ ਭਸਮ ਹੋ ਗਿਆ। ਇਸ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਾਲ ਯਮਨ ਦੀ ਰੂਹ ਦੇ ਸਾਹਮਣੇ ਆਏ ਤੇ ਕਾਲ ਯਮਨ ਨੇ ਭਗਵਾਨ ਕ੍ਰਿਸ਼ਨ ਜੀ ਪਾਸ ਮੁਕਤੀ ਲਈ ਫਰਿਆਦ ਕੀਤੀ। ਭਗਵਾਨ ਕ੍ਰਿਸ਼ਨ ਜੀ ਨੇ ਕਾਲ ਯਮਨ ਨੂੰ ਕਿਹਾ ਕਿ ਇਸ ਦੁਆਪਰ ਯੁੱਗ ‘ਚ ਮੈਂ ਤੇਰਾ ਉਧਾਰ ਨਹੀਂ ਕਰ ਸਕਦਾ ਪਰ ਕਲਯੁੱਗ ਵਿੱਚ ਤਪੱਸਵੀ ਯੋਧਾ ਤੈਨੂੰ 84 ਲੱਖ ਜੂਨਾਂ ਦੇ ਆਵਾਗਵਨ ਤੋਂ ਮੁਕਤੀ ਦਿਵਾਏਗਾ।

ਗੁਰਦੁਆਰਾ ਸ਼ੇਰ ਸ਼ਿਕਾਰ ਸਾਹਿਬ ਆਗਰੇ ਤੋਂ ਗਵਾਲੀਅਰ ਜਾਂਦੇ ਸਮੇਂ ਧੌਲਪੁਰ ਸ਼ਹਿਰ ਦੇ ਗੁਲਾਬ ਬਾਗ ਚੁਰਾਹੇ ਤੋਂ ਸੱਜੇ ਪਾਸੇ ਤਕਰੀਬਨ ਡੇਢ ਕਿਲੋਮੀਟਰ ਦੂਰ ਸਥਿਤ ਹੈ। ਪਾਵਨ ਅਸਥਾਨ ਦੀ ਦੇਖਭਾਲ ਸੰਤ ਬਾਬਾ ਠਾਕੁਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਲੰਗਰ ਪਾਣੀ ਦੀ ਵਿਸ਼ੇਸ਼ ਸਹੂਲਤ ਹੈ। ਇਸੇ ਤਰ੍ਹਾਂ ਸੰਗਤਾਂ ਦੇ ਰੁਕਣ ਲਈ ਵਿਸ਼ੇਸ਼ ਤੌਰ 'ਤੇ ਇੱਕ ਸਰਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ