Guru Arjan Dev Ji Shaheedi Diwas 2023: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਅਡੋਲ, ਨਿਰਭੈ ਤੇ ਸ਼ਾਂਤ-ਚਿੱਤ ਰਹਿ ਕੇ ਧਰਮ ਦੀ ਖਾਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਦਈਆਂ ਦੇ ਜ਼ੁਲਮ ਦੀ ਇੰਤਹਾ ਨੂੰ ਤੇ ਜ਼ਾਲਮਾਨਾ ਤਸੀਹਿਆਂ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਖਿੜ੍ਹੇ-ਮੱਥੇ ਸਹਾਰਿਆ।
ਜੀਵਨ ਬਾਰੇ ਸੰਖੇਪ ਇਤਿਹਾਸ
ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ।
ਗੁਰੂ ਅਰਜਨ ਦੇਵ ਨੇ ਦੇਵਨਗਰੀ ਪਾਂਧੇ ਪਾਸੋਂ ਸਿੱਖੀ, ਫ਼ਾਰਸੀ ਅੱਖਰ ਪਿੰਡ ਦੇ ਮਕਤਬ ਵਿੱਚੋਂ ਸਿੱਖੇ ਤੇ ਸੰਸਕ੍ਰਿਤ ਵਿਦਿਆ, ਪੰਡਤ ਬੈਣੀ ਕੋਲੋਂ ਬੈਠ ਕੇ ਲਈ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ, ਦੁਨਿਆਵੀਂ ਤੌਰ ਉਤੇ ਸਿਆਣਾ ਤੇ ਚਤੁਰ ਬੁੱਧੀ ਵਾਲਾ ਸੀ। ਸਾਰਾ ਕੰਮ ਕਾਰ ਇਹੀ ਸੰਭਾਲਦੇ ਸਨ ਤੇ ਇਨ੍ਹਾਂ ਦੀ ਅੱਖ ਗੁਰੂਗੱਦੀ ਉਤੇ ਸੀ। ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ।
ਗੁਰੂ ਅਰਜਨ ਦੇਵ, ਬ੍ਰਹਮ ਗਿਆਨੀ ਅਵਸਥਾ ਵਾਲੇ, ਧੀਰਜਵਾਨ, ਨਿਮਰ, ਆਤਮ ਰਸੀਏ, ਦਿਆਲੂ, ਸਮਦਰਸੀ ਤੇ ''ਬ੍ਰਹਮ ਗਿਆਨੀ ਆਪਿ ਪ੍ਰਮੇਸੁਰ'' ਸਰੂਪ ਸਨ। ਗੁਰੂ ਅਰਜਨ ਸਾਹਿਬ ਦੀ ਰੱਬੀ ਸ਼ਖ਼ਸੀਅਤ ਦੇ ਦਰਸ਼ਨਾਂ ਦੀ ਝਲਕ, ਭੱਟਾਂ ਦੇ ਸਵਯਾਂ ਵਿੱਚੋਂ ਵੇਖਣ ਨੂੰ ਮਿਲਦੀ ਹੈ। ਭੱਟ ਬਾਣੀ ਵਿਚ ਗੁਰੂ ਸਾਹਿਬ ਨੂੰ ''ਪਰਤਖੁ ਹਰਿ'' ਕਿਹਾ ਗਿਆ ਹੈ। ਗੁਰੂ ਸਾਹਿਬ ਦੀ ਇਹੋ ਜਹੀ ਸ਼ਖ਼ਸੀਅਤ ਸੀ ਜਿਨ੍ਹਾਂ ਦੀ ਤਕਣੀ ਨਾਲ ਪਾਪਾਂ ਦਾ ਨਾਸ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਸੀ।
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਗੁਰਗੱਦੀ ਦਾ ਭਾਰ ਤਾਂ ਉਹੀ ਸੰਭਾਲ ਸਕਦਾ ਹੈ ਜਿਸ ਵਿਚ ਧੀਰਜ ਤੇ ਨਿਮਰਤਾ ਹੋਵੇ। ਬਾਬਾ ਬੁੱਢਾ ਜੀ, ਪੰਜ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਅਰਜਨ ਦੇਵ ਜੀ ਨੂੰ ਲੈ ਆਏ ਤੇ ਸਿੱਖੀ ਮਰਯਾਦਾ ਅਨਸਾਰ ਉਨ੍ਹਾਂ ਨੂੰ ਤਿਲਕ ਲਗਾਇਆ। ਕੇਵਲ ਦੋ ਦਿਨ ਗੁਰੂ ਰਾਮਦਾਸ ਜੀ, ਅੰਮ੍ਰਿਤਸਰ ਰਹਿ ਕੇ ਤੀਜੇ ਦਿਨ ਗੁਰੂ ਅਰਜਨ ਦੇਵ ਜੀ ਨਾਲ ਗੋਇੰਦਵਾਲ ਸਾਹਿਬ ਆ ਗਏ ਤੇ ਫਿਰ ਉਸੇ ਦਿਲ ਉਥੇ ਜੋਤੀ ਜੋਤ ਸਮਾ ਗਏ।
ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਰਜਵੀਂ ਵਿਰੋਧਤਾ ਹੋਈ ਪਰ ਆਪ ਸ਼ਾਂਤ ਸੁਭਾਅ ਵਾਲੇ ਪੂਰੀ ਨਿਮਰਤਾ ਵਿੱਚ ਰਹੇ। ਸ੍ਰੀ ਹਰਿਮੰਦਰ ਸਾਹਿਬ ਵਿਚ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਪੰਨ ਹੋ ਗਿਆ ਤੇ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਮਾਨ ਹੋਇਆ। ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂ ਸਾਹਿਬਾਨ, ਹਿੰਦੂ ਭਗਤਾਂ ਤੇ ਮੁਸਲਮਾਨ ਫ਼ਕੀਰਾਂ ਦੀ ਰਚਨਾ ਨੂੰ ਸੰਮਿਲਤ ਕਰਨਾ ਲੋਕਾਂ ਲਈ ਅਜੀਬ ਘਟਨਾ ਸੀ।
1430 ਅੰਗਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਵਿੱਚੋਂ 15 ਭਗਤਾਂ ਸੰਤਾਂ, ਸੂਫ਼ੀ ਫ਼ਕੀਰਾਂ ਤੇ 11 ਭੱਟਾਂ ਦੀ ਰਚਨਾ ਵੱਖ-ਵੱਖ ਰਾਗਾਂ ਵਿਚ ਸੰਮਿਲਤ ਕਰ ਕੇ ਸਰਬ ਮਨੁੱਖਤਾ ਦੇ ਸਾਡੇ ਧਾਰਮਕ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ਮਾਨ ਕੀਤਾ ਹੈ।
ਮਨੁੱਖੀ ਭਾਈਚਾਰੇ ਦੀ ਬਰਾਬਰੀ, ਸਾਂਝੀਵਾਲਤਾ ਤੇ ਪ੍ਰਸਪਰ ਪਿਆਰ ਦੀ ਵਜ੍ਹਾ ਕਰ ਕੇ ਹਿੰਦੂ ਭਾਈਚਾਰੇ ਵਿਚ ਸਾਂਝ ਲਿਆਂਦੀ ਤੇ ਮੁਸਲਿਮ ਭਾਈਚਾਰੇ ਨਾਲ ਨਫ਼ਰਤ ਘਟੀ। ਸੂਫ਼ੀ ਫ਼ਕੀਰ ਹਜ਼ਰਤ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਇਸ ਸਾਂਝੀਵਾਲਤਾ ਨੂੰ ਹੋਰ ਪਰਪੱਕ ਕੀਤਾ ਪਰ ਸਾਂਝੀਵਾਲਤਾ ਦੀ ਇਹ ਲਹਿਰ ਵਕਤ ਦੇ ਹਾਕਮਾਂ ਨੂੰ ਰੜਕਣ ਲੱਗ ਪਈ।
ਮੌਲਵੀਆਂ ਤੇ ਕਾਜ਼ੀਆਂ ਨੇ ਜੋ ਇਸਲਾਮ ਦਾ ਬੋਲਬਾਲ ਚਾਹੁੰਦੇ ਸਨ, ਉਨ੍ਹਾਂ ਨੂੰ ਅਕਬਰ ਦੀ ਉਦਾਰਵਾਦੀ ਨੀਤੀ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਸ਼ਹਿਜ਼ਾਦਾ ਖ਼ੁਸਰੋ ਨੂੰ ਵੀ ਪਸੰਦ ਨਹੀਂ ਕਰਦੇ ਸਨ। ਗੁਰੂ ਅਰਜਨ ਸਾਹਿਬ ਉਪਰ ਖ਼ੁਸਰੋ ਦੀ ਮਦਦ ਦਾ ਇਲਜ਼ਾਮ ਲਾਇਆ ਗਿਆ ਤੇ ਇਹ ਸਾਜ਼ਸ਼ ਘੜੀ ਗਈ ਕਿ ਗੁਰੂ ਅਰਜਨ ਸਾਹਿਬ ਨੇ ਸ਼ਹਿਜ਼ਾਦਾ ਖ਼ੁਸਰੋ ਨੂੰ ਪਨਾਹ ਦਿੱਤੀ ਤੇ ਉਸ ਦੀਆਂ ਫ਼ੌਜਾਂ ਨੂੰ ਲੰਗਰ ਛਕਾਇਆ ਹੈ। ਅਕਬਰ ਦੇ ਰਾਜ ਵਿੱਚ ਵੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਪੀਰਾਂ, ਪੈਗ਼ੰਬਰਾਂ, ਸ਼ਸਤਰਾਂ ਤੇ ਕੁਰਾਨ ਸ਼ਰੀਫ਼ ਦੀ ਨਿੰਦਿਆ ਕੀਤੀ ਗਈ ਹੈ।
ਬਾਦਸ਼ਾਹ ਨੇ ਪਵਿੱਤਰ ਬਾਣੀ ਸੁਣ ਕੇ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਸਨ ਪਰ ਜਹਾਂਗੀਰ ਦੇ ਰਾਜ ਵਿੱਚ ਹਾਲਾਤ ਵੱਖਰੇ ਸਨ ਤੇ ਉਸ ਦੇ ਮਨ ਵਿੱਚ ਗੁਰੂ ਘਰ ਲਈ ਵਿਰੋਧ ਵੱਧ ਰਿਹਾ ਸੀ। ਇਨ੍ਹਾਂ ਚੁਗ਼ਲਖੋਰਾਂ ਵਿੱਚ ਪ੍ਰਿਥੀ ਚੰਦ, ਚੰਦੂ ਸ਼ਾਹ, ਸ਼ੇਖ਼ ਮੁਜੱਦਦ ਅਲਫ਼ਸਾਨੀ ਤੇ ਸ਼ੇਖ਼ ਬੁਖਾਰੀ ਸਨ ਜਿਨ੍ਹਾਂ ਨੂੰ ਗੁਰੂ ਘਰ ਵਿਰੁੱਧ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁਧ ਝੂਠੀਆਂ ਤੋਹਮਤਾਂ ਲਾਈਆਂ। ਉਹ ਬਿਨਾਂ ਸੋਚੇ ਸਮਝੇ ਇਸ ਸ਼ੀਤਲ ਸੋਮੇ ਨੂੰ ਬੰਦ ਕਰਨ ਤੇ ਤੁਲ ਗਿਆ। ਉਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁਧ ਖ਼ੂਬ ਭੜਕਾਇਆ ਤੇ ਖ਼ੁਸਰੋ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਗਾਇਆ।
ਜਦੋਂ ਜਹਾਂਗੀਰ ਰਾਜ ਸਿਘਾਸਣ ਉਤੇ ਬੈਠਿਆ ਤਾਂ ਮੁੱਲਾ ਮੁਲਾਣਿਆਂ ਨੇ ਉਸ ਕੋਲੋਂ ਪ੍ਰਣ ਲੈ ਲਿਆ ਸੀ ਕਿ ਉਹ ਰਾਜ ਸ਼ਾਸਨ ਦੀ ਨੀਹ ਵਿੱਚ ਸ਼ਰਾ ਨੂੰ ਹੀ ਸਭ ਕੁਝ ਸਮਝੇਗਾ। ਗੁਰੂ ਅਰਜਨ ਦੇਵ ਜੀ ਨੂੰ ਰਾਜ ਦੋਸ਼ੀ ਠਹਿਰਾਇਆ ਗਿਆ ਤੇ ਦੋਸ਼ ਨਮਿਤ ਤਿੰਨ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਗੁਰੂ ਸਾਹਿਬ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿਤਾ।
ਜਹਾਂਗੀਰ ਨੇ ਗੁਰੂ ਸਾਹਿਬ ਦੇ ਇਸ ਨਿਧੜਕ ਫ਼ੈਸਲੇ ਨੂੰ ਆਪਣੀ ਹੇਠੀ ਸਮਝਿਆ ਤੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਅਪਣੀ ਆਤਮ ਕਥਾ ਤੋਜ਼ਕੇ-ਜਹਾਂਗੀਰੀ ਦੇ ਪੰਨਾ 35 ਉਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੂੰ ਬਸਿਯਾਸਤ-ਵ-ਬ-ਯਾਸਾ ਰਸਨੰਦ ਅਨੁਸਾਰ ਸ਼ਹੀਦ ਕਰ ਦਿੱਤਾ ਜਾਵੇ। ਯਾਸਾ ਤਾਂ ਉਸ ਪੁਰਸ਼ ਨੂੰ ਦਿੱਤੀ ਜਾਂਦੀ ਹੈ ਜੋ ਆਤਮਕ ਤੌਰ ਤੇ ਬਲਵਾਨ ਹੋਵੇ ਤੇ ਰਾਜਦੰਡ ਦਾ ਅਧਿਕਾਰੀ ਹੋਵੇ। ਇਹ ਤਰ੍ਹਾਂ ਦੀ ਸਜ਼ਾ ਦਾ ਮਤਲਬ ਇਹ ਹੈ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੰਦੇ ਉਸ ਦਾ ਖ਼ੂਨ ਜ਼ਮੀਨ ਤੇ ਨਾ ਡੁੱਲ੍ਹੇ।
ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲਦੇ ਪਾਣੀ ਦੀ ਦੇਗ ਵਿਚ ਉਬਾਲ ਕੇ ਬਾਅਦ ਵਿਚ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ। ਇਹ ਸਭ ਤਸੀਹੇ ਵੀ ਗੁਰੂ ਸਾਹਿਬ ਨੂੰ ਅਪਣੇ ਆਦਰਸ਼ ਤੋਂ ਪਾਸੇ ਨਾ ਹਟਾ ਸਕੇ ਤੇ ਆਪ ਸ਼ਹਾਦਤ ਪਾ ਗਏ ਤੇ ਬਾਬਾ ਨਾਨਕ ਸਾਹਿਬ ਦੀ ਦਰਸਾਈ ਵਿਚਾਰ ਪ੍ਰੰਪਰਾ ਹੋਰ ਗੌਰਵਮਈ ਤੇ ਸ਼ਕਤੀਸ਼ਾਲੀ ਬਣ ਗਈ।
ਪੰਚਮ ਪਾਤਸ਼ਾਹ ਨੂੰ ਇਹ ਸਾਰੀਆਂ ਸਜ਼ਾਵਾਂ ਭੁਲੜ ਤੇ ਈਰਖਾਵਾਦੀ ਚੰਦੂ ਦੀ ਦੇਖ ਰੇਖ ਵਿੱਚ ਦਿੱਤੀਆਂ ਗਈਆਂ। ਇਸ ਤਰ੍ਹਾਂ ਸੁਖਮਨੀ ਸਾਹਿਬ ਦੇ ਕਰਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਰਨ ਵਾਲੇ, ਸਿੱਖ ਸੰਗਤ ਨੂੰ ਧੀਰਜ ਤੇ ਸਬਰ ਦਾ ਉਪਦੇਸ਼ ਦੇਣ ਵਾਲੇ, ਇਸ ਪੰਜ ਭੂਤਕ ਸਰੀਰ ਨੂੰ ਤਿਆਗ ਗਏ।
ਪੰਚਮ ਪਾਤਸ਼ਾਹ ਨੇ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ, ਗੁਰਤਾਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਕੇ, ਤਾਕੀਦ ਕੀਤੀ ਸੀ:- ''ਬਿਖੜੇ ਸਮੇਂ ਆ ਰਹੇ ਹਨ। ਬਦੀ ਦੀਆਂ ਤਾਕਤਾਂ ਮਨੁੱਖਤਾਂ ਨੂੰ ਹੜਪਣ ਲਈ ਤਿਆਰ ਹਨ... ਜੇ ਜਰਵਾਣੇ ਸ਼ਾਂਤਮਈ ਢੰਗ ਨਾਲ ਨਾ ਸਮਝਣ ਤਾਂ ਜਿਹੜੀ ਬੋਲੀ (ਸ਼ਸਤਰ ਦੀ) ਉਹ ਸਮਝਦੇ ਹਨ, ਉਸ ਨਾਲ ਉਨ੍ਹਾਂ ਨੂੰ ਸਿੱਧੇ ਰਸਤੇ ਪਾਉਣ।''
ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਤੇ ਜ਼ੁਲਮ ਦਾ ਟਾਕਰਾ ਸ਼ਸਤਰਾਂ ਨਾਲ ਕਰਨ ਦੀ ਨਵੀਂ ਪ੍ਰੰਪਰਾ ਚਲਾਈ, ਜਿਹੜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੇਲੇ ਹੋਰ ਵੀ ਪ੍ਰਚੰਡ ਰੂਪ ਧਾਰ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖ਼ੁਦ ਸ਼ਹੀਦੀ ਦੇ ਕੇ ਉਹ ਸਿੱਖ ਕੌਮ ਵਿੱਚ ਪਹਿਲੇ ਸ਼ਹੀਦਾਂ ਦਾ ਸਿਰਤਾਜ ਬਣੇ ਤੇ ਇਸ ਤੋਂ ਮਗਰੋਂ ਹੋਰ ਸ਼ਹੀਦੀਆਂ ਦੀ ਪ੍ਰੰਪਰਾ ਚਲਦੀ ਰਹੀ।