ਪਰਮਜੀਤ ਸਿੰਘ


ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਵਾਦਾਂ ਵਿੱਚ ਹਨ। ਨਿਵੇਕਲੇ ਢੰਗ ਨਾਲ ਪ੍ਰਚਾਰ ਕਰਨ ਕਰਕੇ ਜਿੱਥੇ ਦੇਸ਼ ਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਵੱਡੀ ਗਿਣਤੀ ਹਮਾਇਤੀ ਹਨ, ਉੱਥੇ ਕਈ ਪੰਥਕ ਧਿਰਾਂ ਉਨ੍ਹਾਂ ਦਾ ਵਿਰੋਧ ਵੀ ਡਟ ਕੇ ਕਰ ਰਹੀਆਂ ਹਨ। ਢੱਡਰੀਆਂ ਵਾਲੇ ਦਾ ਜਨਮ ਬਰਨਾਲੇ ਦੇ ਪਿੰਡ ਢੱਡਰੀਆਂ ਦੇ ਆਮ ਪਰਿਵਾਰ ‘ਚ ਹੋਇਆ। ਪਿੰਡ ਦੇ ਬਜ਼ੁਰਗਾਂ ਦੀ ਮੰਨੀਏ ਤਾਂ ਛੋਟੀ ਉਮਰ ‘ਚ ਰਣਜੀਤ ਸਿੰਘ ਨੂੰ ਸਖਤ ਬਿਮਾਰੀ ਨੇ ਘੇਰ ਲਿਆ। ਮਾਪਿਆਂ ਨੇ ਬਾਬਾ ਕਰਮ ਸਿੰਘ ਭੀਖੀ ਵਾਲਿਆਂ ਕੋਲ ਬੇਨਤੀ ਕੀਤੀ। ਉਨ੍ਹਾਂ ਦੀਆਂ ਅਰਦਾਸਾਂ ਨੇ ਰੰਗ ਲਿਆਂਦਾ ਤੇ ਰਣਜੀਤ ਸਿੰਘ ਨੂੰ ਤੰਦਰੁਸਤੀ ਮਿਲੀ।

ਇਸ ਤੋਂ ਬਾਅਦ ਘਰ ਬਾਹਰ ਛੱਡ ਰਣਜੀਤ ਸਿੰਘ ਪੱਕੇ ਤੌਰ 'ਤੇ ਬਾਬਾ ਕਰਮ ਸਿੰਘ ਦੀ ਸ਼ਰਨ ‘ਚ ਆ ਗਏ। ਕੁਝ ਸਮਾਂ ਉੱਥੇ ਰਹਿ ਕੀਰਤਨ ਦੀ ਸਿੱਖਿਆ ਲਈ। ਆਪਣੇ ਪਹਿਲੇ ਦੀਵਾਨਾਂ ਵਿੱਚ ਅਕਸਰ ਬਾਬਾ ਕਰਮ ਸਿੰਘ ਜੀ ਦਾ ਜ਼ਿਕਰ ਢੱਡਰੀਆਂ ਵਾਲੇ ਵੱਲੋਂ ਕੀਤਾ ਜਾਂਦਾ ਰਿਹਾ ਹੈ। ਬਾਬਾ ਕਰਮ ਸਿੰਘ ਦੇ ਚਲਾਣੇ ਤੋਂ ਬਾਅਦ ਉਕਤ ਅਸਥਾਨ ਦੇ ਦਾਅਵੇਦਾਰਾਂ ਵਿੱਚ ਢੱਡਰੀਆਂ ਵਾਲੇ ਵੀ ਸ਼ਾਮਲ ਸੀ ਪਰ ਹੋਇਆ ਕੁਝ ਉਲਟ ਤੇ ਉਨ੍ਹਾਂ ਦੀ ਛੁੱਟੀ ਹੋ ਗਈ।

ਇਸ ਪਿੱਛੋਂ ਢੱਡਰੀਆਂ ਵਾਲੇ ਨੇ ਬਾਬਾ ਬੂਟਾ ਸਿੰਘ ਕੋਲ ਜਾ ਗੁਰਮਤਿ ਦੀ ਤਾਲੀਮ ਲਈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਵੇਲਿਆਂ ‘ਚ ਬਾਬਾ ਦਰਸ਼ਨ ਸਿੰਘ ਢੱਕੀ ਵਾਲੇ ਦਾ ਦੌਰ ਸੀ। ਇਸ ਤੋਂ ਪ੍ਰਭਾਵਿਤ ਹੋ ਰਣਜੀਤ ਸਿੰਘ ਉਨ੍ਹਾਂ ਵਾਂਗ ਕੀਰਤਨ ਕਰਨ ਲੱਗ ਪਏ। ਬੇਸ਼ਕ ਅੱਜ ਢੱਡਰੀਆਂ ਵਾਲੇ ਵੱਲੋਂ ਬਾਬਿਆਂ ਦੀ ਰੱਜ ਕੇ ਨਿੰਦਾ ਕੀਤੀ ਜਾਂਦੀ ਹੈ ਪਰ ਇੱਕ ਦੌਰ ਸੀ ਜਦੋਂ ਖੁਦ ਸੰਗਤ ਤੋਂ ਮੱਥੇ ਟਕਵਾਉਂਦਿਆਂ ਦੀਆਂ ਵੀਡੀਓਜ਼ ਤੱਕ ਵੀ ਵਾਇਰਲ ਹੋਈਆਂ ਸਨ।

ਇਸ ਮਗਰੋਂ ਉਨ੍ਹਾਂ ਪਟਿਆਲੇ ਤੋਂ ਸੰਗਰੂਰ ਮਾਰਗ 'ਤੇ ਸ਼ੇਖੂਪੁਰਾ ਪਿੰਡ ‘ਚ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਬਣਾਇਆ। ਇਸ ਵਿਸ਼ਾਲ ਤੇ ਆਲੀਸ਼ਾਨ ਡੇਰੇ ਦੇ ਨਾਂ ਕਈ ਏਕੜ ਜ਼ਮੀਨ ਹੈ। ਢੱਡਰੀਆਂ ਵਾਲੇ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾ ਦਿੱਤੀ ਹੈ। ਬਾਬਾ ਹਰਨਾਮ ਸਿੰਘ ਦੀ ਅਗਵਾਈ ਵਾਲੇ ਸੰਤ ਸਮਾਜ ਨਾਲ ਵੀ ਢੱਡਰੀਆਂ ਵਾਲੇ ਜੁੜੇ ਰਹੇ। ਉਨ੍ਹਾਂ ਨੇ 2016 ‘ਚ ਆਪਣਾ ਨਾਂ ਸੰਤ ਤੋਂ ਭਾਈ ਰੱਖ ਸੰਪਰਦਾਇ ਧਰਮ ਦੀ ਬਜਾਏ ਤਰਕ ਤੇ ਮਿਸ਼ਨਰੀ ਵਿਚਾਰਧਾਰਾ ਅਨੁਸਾਰ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਨਾਲ ਸਾਰੀਆਂ ਸੰਪਰਦਾਵਾ ਉਨ੍ਹਾਂ ਦੇ ਵਿਰੋਧ ਵਿੱਚ ਆ ਗਈਆਂ। ਇਹ ਵਿਰੋਧ ਕਦੋਂ ਖੂਨੀ ਰੂਪ ਧਾਰ ਗਿਆ ਪਤਾ ਹੀ ਨਾ ਲੱਗਾ।

ਮਈ 2016 ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਜਾਨਲੇਵਾ ਹਮਲਾ ਹੋਇਆ। ਇਸ ਦਾ ਜਿੰਮੇਵਾਰ ਢੱਡਰੀਆਂ ਵਾਲੇ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਨੂੰ ਦੱਸਿਆ ਗਿਆ। ਪੁਲਿਸ ਨੇ ਦਮਦਮੀ ਟਕਸਾਲ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਵੀ ਕੀਤਾ। ਦੋਵਾਂ ਧਿਰਾਂ ਵਿਚਾਲੇ ਟਕਰਾਅ ਕਾਫੀ ਵਧ ਗਿਆ। ਇਸ ਦਾ ਕਾਰਨ ਇਹ ਸੀ ਕਿ ਢੱਡਰੀਆਂ ਵਾਲਿਆਂ ਵੱਲੋਂ ਉਨ੍ਹਾਂ ਪਰੰਪਰਾਵਾਂ ਤੇ ਰਵਾਇਤਾਂ ‘ਤੇ ਸਵਾਲ ਉਠਾਏ ਗਏ, ਜਿਨ੍ਹਾਂ ਦੀ ਦਮਦਮੀ ਟਕਸਾਲ ਕੱਟੜ ਸਮੱਰਥਕ ਸੀ।

ਬਾਬਾ ਹਰਨਾਮ ਸਿੰਘ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਪੱਗਾਂ ਦੇ ਰੰਗ ਤੇ ਸਟਾਈਲ ਬਦਲਣ 'ਤੇ ਸਵਾਲ ਉਠਾ ਦਿੱਤੇ। 7 ਮਈ, 2016 ਨੂੰ ਆਪਣਾ ਪ੍ਰਤੀਕਰਮ ਕਰਦਿਆਂ ਆਪਣੇ ਦੀਵਾਨ ਵਿੱਚ ਢੱਡਰੀਆਂ ਵਾਲੇ ਵੱਲੋਂ ਬਾਬਾ ਹਰਨਾਮ ਸਿੰਘ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸਿਆਸੀ ਲੋਕਾਂ ਦੀਆਂ ਚਾਪਲੂਸੀਆਂ ਕਰਨ ਦੇ ਦੋਸ਼ ਲਾਉਂਦਿਆਂ ਟਕਸਾਲ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਪੱਗ ਰੋਲਣ ਵਾਲਾ, ਸਰਕਾਰੀ ਬਾਬਾ ਤੇ ਬਾਘੜ ਬਿੱਲਾ ਤੱਕ ਆਖ ਦਿੱਤਾ।

ਇਸ ਬਿਆਨ ਨਾਲ 17 ਮਈ, 2016 ਨੂੰ ਧਾਰਮਿਕ ਦੀਵਾਨ ਵਿੱਚ ਜਾਂਦੇ ਸਮੇਂ ਲੁਧਿਆਣਾ ‘ਚ ਜਾਨਲੇਵਾ ਹਮਲਾ ਹੋਇਆ। ਇਸ ਦੌਰਾਨ ਉਨ੍ਹਾਂ ਦੇ ਇੱਕ ਸਾਥੀ ਭੁਪਿੰਦਰ ਸਿੰਘ ਦੀ ਮੌਤ ਹੋ ਗਈ। ਇਸ ਤਰ੍ਹਾਂ ਹਮਲੇ ਤੋਂ ਬਾਅਦ ਢੱਡਰੀਆਂ ਵਾਲੇ ਤੇ ਟਕਸਾਲ ਦਰਮਿਆਨ ਖੁੱਲ੍ਹ-ਮ-ਖੁੱਲ੍ਹਾ ਟਕਰਾਅ ਸ਼ੁਰੂ ਹੋ ਗਿਆ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇਸ ਵੇਲੇ ਢੱਡਰੀਆਂ ਵਾਲੇ ਵੱਲੋਂ ਪੁਰਾਤਨ ਧਰਮ ਗ੍ਰੰਥ ਤੇ ਸਿੱਖੀ ਸਿਧਾਂਤਾਂ 'ਤੇ ਤਰਕ ਦਾ ਅਧਾਰ ਦੇ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੋਇਆ ਹੈ ਪਰ ਰਣਜੀਤ ਸਿੰਘ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ।