ਬਹਾਦਰਗੜ੍ਹ ਤੋਂ ਪ੍ਰਦੀਪ ਧਨਖੜ ਦੀ ਰਿਪੋਰਟ


Haryana News: ਬਹਾਦਰਗੜ੍ਹ ਦਾ ਪਿੰਡ ਮੰਡੌਠੀ ਪਹਿਲਵਾਨਾਂ ਦਾ ਪਿੰਡ ਹੈ। ਪਿੰਡ ਦੇ ਕਈ ਪਹਿਲਵਾਨ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕੇ ਹਨ। ਪਿੰਡ ਵਿੱਚ ਮਹਿਲਾ ਪਹਿਲਵਾਨ ਵੀ ਹਨ ਪਰ 12 ਸਾਲ ਦੀ ਦੀਕਸ਼ਾ ਪਹਿਲਵਾਨ ਸਭ ਤੋਂ ਖਾਸ ਹੈ। ਦੀਕਸ਼ਾ ਮੰਡੌਠੀ ਦੀ ਪਹਿਲੀ ਮਹਿਲਾ ਪਹਿਲਵਾਨ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ ਹੈ। ਦੀਕਸ਼ਾ ਨੇ ਹਾਲ ਹੀ 'ਚ ਜੌਰਡਨ 'ਚ ਹੋਈ ਅੰਡਰ 15 ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ। ਦੀਕਸ਼ਾ ਨੇ ਜਾਪਾਨ, ਕਜ਼ਾਕਿਸਤਾਨ ਤੇ ਕਿਰਗਿਸਤਾਨ ਦੇ ਪਹਿਲਵਾਨਾਂ ਨੂੰ 10-0 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਦੀਕਸ਼ਾ ਦਾ ਕਹਿਣਾ ਹੈ ਕਿ ਉਹ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।


ਬੀਐਸਐਮ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਪੜ੍ਹਾਈ ਵਿੱਚ ਵੀ ਬਹੁਤ ਹੋਣਹਾਰ ਹੈ। ਘਰ ਵਿੱਚ ਤਿੰਨ ਭੈਣਾਂ ਤੇ ਇੱਕ ਭਰਾ ਹੈ। ਉਹ ਪਿੰਡ ਦੇ ਅਖਾੜੇ ਵਿੱਚ ਖੇਡਣ ਜਾਂਦੇ ਸੀ। ਇਸ ਲਈ ਉਥੋਂ ਦੀਕਸ਼ਾ ਦਾ ਮਨ ਕੁਸ਼ਤੀ ਵਿੱਚ ਲੱਗ ਗਿਆ। ਪਹਿਲਾਂ ਦਾਦਾ ਜੀ ਨਾਲ ਪਿੰਡ ਦੇ ਅਖਾੜੇ ਵਿੱਚ ਅਭਿਆਸ ਕੀਤਾ ਤੇ ਹੁਣ ਹਿੰਦ ਕੇਸਰੀ ਸੋਨੂੰ ਅਖਾੜੇ ਵਿੱਚ ਉਹ ਅਰਜੁਨ ਐਵਾਰਡੀ ਪਹਿਲਵਾਨ ਧਰਮਿੰਦਰ ਤੇ ਅੰਤਰਰਾਸ਼ਟਰੀ ਪਹਿਲਵਾਨ ਸੁਧੀਰ ਤੋਂ ਕੁਸ਼ਤੀ ਦੇ ਗੁਰ ਸਿੱਖ ਰਹੀ ਹੈ। ਦਾਦਾ ਲਾਜਪਤ ਰਾਏ ਦਾ ਕਹਿਣਾ ਹੈ ਕਿ ਦੀਕਸ਼ਾ ਪੜ੍ਹਾਈ ਵਿੱਚ ਵੀ ਚੰਗੀ ਹੈ ਤੇ ਕੁਸ਼ਤੀ ਦੀ ਪ੍ਰਤਿਭਾ ਉਸ ਕੋਲ ਜਨਮ ਤੋਂ ਹੀ ਹੈ। ਇੱਕ ਦਿਨ ਦੀਕਸ਼ਾ ਓਲੰਪਿਕ ਵਿੱਚ ਵੀ ਗੋਲਡ ਮੈਡਲ ਜ਼ਰੂਰ ਲੈ ਕੇ ਆਵੇਗੀ।


ਦੀਕਸ਼ਾ ਦੇ ਕੋਚ ਅਰਜੁਨ ਐਵਾਰਡੀ ਪਹਿਲਵਾਨ ਧਰਮਿੰਦਰ ਦਾ ਕਹਿਣਾ ਹੈ ਕਿ ਦੀਕਸ਼ਾ ਮੈਟ 'ਤੇ ਬਹੁਤ ਮਿਹਨਤ ਕਰਦੀ ਹੈ। ਉਹ 20 ਸਾਲ ਦੇ ਪਹਿਲਵਾਨ ਨਾਲੋਂ ਅਖਾੜੇ ਵਿੱਚ ਜ਼ਿਆਦਾ ਮਿਹਨਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦੀਕਸ਼ਾ ਨੇ ਏਸ਼ੀਆ ਕੁਸ਼ਤੀ 'ਚ ਤਿੰਨ ਦੇਸ਼ਾਂ ਦੇ ਪਹਿਲਵਾਨਾਂ ਨੂੰ ਇਕਤਰਫਾ ਹਰਾਇਆ। ਸਕੂਲੀ ਖੇਡਾਂ ਵਿੱਚ ਵੀ ਦੀਕਸ਼ਾ ਨੇ ਲਗਾਤਾਰ ਤਿੰਨ ਸਾਲ ਗੋਲਡ ਮੈਡਲ ਜਿੱਤਿਆ ਸੀ। ਬਹਿਲਗੜ੍ਹ ਵਿਖੇ ਹੋਏ ਓਪਨ ਸਿਲੈਕਸ਼ਨ ਟਰਾਇਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਅੰਤਰਰਾਸ਼ਟਰੀ ਗੋਲਡ ਜਿੱਤਿਆ।


ਮੰਡੌਠੀ ਦੇ ਇਸ ਛੋਟੇ ਪਹਿਲਵਾਨ ਨੂੰ ਮੈਟ 'ਤੇ ਅਭਿਆਸ ਕਰਦੇ ਦੇਖ ਹਰ ਕੋਈ ਦੰਗ ਰਹਿ ਜਾਂਦਾ ਹੈ। ਦੀਕਸ਼ਾ ਆਪਣੇ ਤੋਂ ਵੱਡੇ ਪਹਿਲਵਾਨਾਂ ਨਾਲ ਅਭਿਆਸ ਕਰਦੇ ਹੋਏ ਲਗਾਤਾਰ ਬਿਹਤਰ ਹੋ ਰਹੀ ਹੈ। ਅਜਿਹੇ 'ਚ ਕੋਚ ਤੇ ਪਰਿਵਾਰ ਦੇ ਨਾਲ-ਨਾਲ ਪੂਰੇ ਖੇਤਰ ਨੂੰ ਦੀਕਸ਼ਾ ਤੋਂ ਉਮੀਦ ਹੈ ਕਿ ਇਕ ਦਿਨ ਉਹ ਵੀ ਓਲੰਪਿਕ 'ਚ ਭਾਰਤ ਦਾ ਮਾਣ ਵਧਾਉਣ ਦਾ ਕੰਮ ਕਰੇਗੀ।