ਗੋਲਡ ਕੋਸਟ: 21ਵੀਆਂ ਰਾਸ਼ਟਰਮੰਡਲ ਖੇਡਾਂ ਦੇ 7ਵੇਂ ਦਿਨ ਭਾਰਤੀ ਸ਼ੂਟਰਾਂ ਨੇ ਤਿੰਨ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਏ ਤੇ ਤਗ਼ਮਿਆਂ ਦੀ ਕੁੱਲ ਗਿਣਤੀ 24 ਕਰ ਦਿੱਤੀ। ਦਿਨ ਦਾ ਪਹਿਲਾ ਤਗ਼ਮਾ ਯਾਨੀ ਕਾਂਸੇ ਦਾ ਤਗ਼ਮਾ ਸ਼ੂਟਰ ਓਮ ਪ੍ਰਕਾਸ਼ ਮਿੱਠਰਵਾਲ ਨੇ ਜਿੱਤਿਆ। ਇਸ ਤੋਂ ਬਾਅਦ ਸ਼ੂਟਰ ਸ਼੍ਰੇਅਸੀ ਸਿੰਘ ਨੇ ਸੋਨੇ ਤੇ ਅੰਕੁਰ ਮਿੱਤਲ ਨੇ ਕਾਂਸੇ 'ਤੇ ਨਿਸ਼ਾਨੇ ਲਾਏ।
ਮਹਿਲਾਵਾਂ ਦੀ ਡਬਲ ਟ੍ਰੈਪ ਸ਼੍ਰੇਣੀ ਵਿੱਚ ਸ਼੍ਰੇਅਸੀ ਸਿੰਘ ਨੇ ਸੋਨ ਤਗ਼ਮਾ ਜਿੱਤ ਲਿਆ। ਉਨ੍ਹਾਂ ਕੁੱਲ 96 ਸਕੋਰ ਹਾਸਲ ਕੀਤੇ ਤੇ ਦੇਸ਼ ਦੀ ਝੋਲੀ ਬਾਰ੍ਹਵਾਂ ਸੋਨ ਤਗ਼ਮਾ ਪਾਇਆ। ਸ਼੍ਰੇਅਸੀ ਦਾ ਇਹ ਦੂਜਾ ਰਾਸ਼ਟਰਮੰਡਲ ਤਗ਼ਮਾ ਹੈ। ਇਸ ਤੋਂ ਪਹਿਲਾਂ 2014 ਵਿੱਚ ਗਲਾਸਗੋਅ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸੇ ਸ਼੍ਰੇਣੀ ਵਿੱਚ ਨਿਸ਼ਾਨੇਬਾਜ਼ ਵਰਸ਼ਾ ਵਰਮਨ ਕੁਝ ਅੰਕਾਂ ਦੇ ਫਾਸਲੇ ਨਾਲ ਤਗ਼ਮੇ ਤੋਂ ਖੁੰਝ ਗਈ। ਉਹ 86 ਅੰਕਾਂ ਨਾਲ ਚੌਥੇ ਸਥਾਨ 'ਤੇ ਆਏ।
ਡਬਲ ਟ੍ਰੈਪ ਸ਼੍ਰੇਣੀ ਦੇ ਪੁਰਸ਼ ਵਰਗ ਵਿੱਚ ਭਾਰਤ ਨੂੰ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਹੈ। ਸ਼ੂਟਰ ਅੰਕੁਰ ਮਿੱਤਲ ਨੇ 53 ਅੰਕ ਹਾਸਲ ਕਰਦਿਆਂ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਇਨ੍ਹਾਂ ਕਾਮਨਵੈਲਥ ਖੇਡਾਂ ਵਿੱਚ ਆਪਣਾ ਦੂਜਾ ਮੈਡਲ ਜਿੱਤਣ ਵਾਲੇ ਓਮ ਪ੍ਰਕਾਸ਼ ਮਿੱਠਰਵਾਲ ਨੇ 201.1 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਸ਼੍ਰੇਣੀ ਦੇ ਚੈਂਪੀਅਨ ਰਹੇ ਜੀਤੂ ਰਾਏ ਕੁਝ ਖਾਸ ਕਮਾਲ ਨਹੀਂ ਦਿਖਾ ਪਾਏ ਤੇ 105 ਦਾ ਸਕੋਰ ਹੀ ਬਣਾ ਸਕੇ।
ਇਸ ਸਮੇਂ ਭਾਰਤ ਕੁੱਲ 24 ਤਗ਼ਮੇ ਜਿੱਤ ਚੁੱਕਾ ਹੈ ਜਿਨ੍ਹਾਂ ਵਿੱਚ ਬਾਰਾਂ ਸੋਨ, ਚਾਰ ਚਾਂਦੀ ਤੇ ਅੱਠ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਮੈਡਲ ਸੂਚੀ ਵਿੱਚ ਭਾਰਤ ਆਸਟ੍ਰੇਲੀਆ (50 ਸੋਨ ਤਗ਼ਮੇ) ਤੇ ਇੰਗਲੈਂਡ (24 ਸੋਨ ਤਗ਼ਮੇ) ਤੋਂ ਬਾਅਦ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਅੱਜ ਦਾ ਦਿਨ ਭਾਰਤੀ ਮੁੱਕੇਬਾਜ਼ੀ ਲਈ ਵੀ ਕਾਫੀ ਅਹਿਮ ਹੈ। ਜਿੱਥੇ ਮੁੱਕੇਬਾਜ਼ ਸਰਿਤਾ ਦੇਵੀ 60 ਕਿੱਲੋ ਦੇ ਭਾਰ ਵਰਗ ਵਿੱਚ ਕੁਆਟਰ ਫ਼ਾਈਨਲ ਮੁਕਾਬਲੇ ਵਿੱਚ ਹਾਰ ਗਈ ਹੈ, ਉੱਥੇ ਹੀ ਮਸ਼ਹੂਰ ਮੁੱਕੇਬਾਜ਼ ਐਮ.ਸੀ. ਮੈਰੀਕੌਮ ਨੇ ਆਪਣੀ ਵਿਰੋਧੀ ਸ਼੍ਰੀਲੰਕਾ ਦੀ ਖਿਡਾਰਨ ਨੂੰ 5-0 ਨਾਲ ਮਾਤ ਦਿੰਦਿਆਂ ਫਾਈਨਲ 45-48 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।