ਚੰਡੀਗੜ੍ਹ: ਪੰਜਾਬ ‘ਚ ਚੱਲ ਰਹੀ ਪੁਲਿਸ ਦੀ ਖਾਨਾਜੰਗੀ 'ਤੇ ਐਕਸ਼ਨ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਕਮੇਟੀ ਵਿੱਚੋਂ ਡੀਜੀਪੀ ਸੁਰੇਸ਼ ਅਰੋੜਾ ਨੇ ਪੈਰ ਪਿਛਾਂਹ ਖਿੱਚ ਲਏ ਹਨ। ਅਰੋੜਾ ਨੇ ਆਪਣਾ ਨਾਮ ਵਾਪਸ ਲੈਣ ਲਈ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਨੂੰ ਕੈਪਟਨ ਨੇ ਮੰਨ ਲਿਆ।


 

ਹਾਲਾਂਕਿ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਡੀਜੀਪੀ ਅਰੋੜਾ ਤੇ ਦਿਨਕਰ ਗੁਪਤਾ 'ਤੇ ਗੰਭੀਰ ਇਲਜ਼ਾਮ ਲਾਏ ਸਨ। ਮੁੱਖ ਮੰਤਰੀ ਨੇ ਸੁਰੇਸ਼ ਅਰੋੜਾ ਦੀ ਬੇਨਤੀ ਨੂੰ ਮੰਨਦੇ ਹੋਏ ਡੀਜੀਪੀ ਸੁਰੇਸ਼ ਅਰੋੜਾ ਦੀ ਜਗ੍ਹਾ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਨਿਯੁਕਤ ਕੀਤਾ ਹੈ।

ਮੁੱਖ ਮੰਤਰੀ ਨੇ ਇਹ ਪੈਨਲ ਪੰਜਾਬ ਪੁਲਿਸ ‘ਚ ਹੋਈ ਅਨੁਸ਼ਾਸ਼ਨਹੀਣਤਾ ਦੀ ਜਾਂਚ ਕਰਨ ਲਈ ਬਣਾਇਆ ਪਰ ਜਿਸ ਡੀਜੀਪੀ 'ਤੇ ਇਲਜ਼ਾਮ ਲੱਗੇ ਸੀ, ਉਸ ਨੂੰ ਹੀ ਜਾਂਚ ਕਮੇਟੀ ਦਾ ਹਿੱਸਾ ਬਣਾਇਆ ਸੀ।

ਇਸ ਮਸਲੇ ਦੇ ਹੱਲ਼ ਲਈ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਸਾਰੇ ਡੀਜੀਪੀ ਤੇ ਏਡੀਜੀਪੀ ਦੀ ਬੈਠਕ ਬੁਲਾਈ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਬੈਠਕ ‘ਚ ਪੰਜਾਬ ਪੁਲਿਸ ‘ਚ ਤਾਲਮੇਲ ਵਧਾਉਣ ਲਈ ਮੁੱਖ ਮੰਤਰੀ ਆਪਣਾ ਸੁਝਾਅ ਦੇਣਗੇ।