ਪਰਵੇਜ ਸੰਧੂ

ਅਬੂ-ਧਾਬੀ: ਅੱਜ ਭਾਰਤੀ ਟੀਮ ਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਦਾ ਅਹਿਮ ਮੈਚ ਖੇਡਿਆ ਜਾਣਾ ਹੈ। ਅੱਜ ਤੋਂ ਏਸ਼ੀਆ ਕੱਪ ਦਾ 'ਸੁਪਰ 4' ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਬੰਗਲਾਦੇਸ਼ ਨੂੰ ਅਫਗਾਨਿਸਤਾਨ ਹੱਥੋਂ ਮਿਲੀ ਕਰਾਰੀ ਹਾਰ ਨੇ ਬੰਗਲਾਦੇਸ਼ ਦੀ ਮੁਸੀਬਤ ਵਧਾ ਦਿੱਤੀ ਹੈ। ਹੁਣ ਟੀਮ ਇੰਡੀਆ ਖਿਲਾਫ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦਾ ਮਨੋਬਲ ਪਸਤ ਹੋ ਸਕਦਾ ਹੈ। ਅਫਗਾਨਿਸਤਾਨ ਦੀ ਟੀਮ ਨੇ ਏਸ਼ੀਆ ਕੱਪ ਦੇ 'ਗਰੁੱਪ ਬੀ' ਦੇ ਆਖਰੀ ਮੈਚ ਵਿਚ ਬੰਗਲਾਦੇਸ਼ ਨੂੰ 136 ਰਨ ਨਾਲ ਮਾਤ ਦਿੱਤੀ।

ਅਫਗਾਨਿਸਤਾਨ ਲਈ 'ਬਰਥਡੇਅ ਬੁਆਏ' ਰਾਸ਼ਿਦ ਦਾ ਧਮਾਕਾ
ਅਫਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਬੱਲਬਾਜੀ ਕਰਨ ਦਾ ਫੈਸਲਾ ਲਿਆ। ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅਫਗਾਨਿਸਤਾਨ ਲਈ ਇਹ ਫੈਸਲਾ ਲਾਹੇਵੰਦ ਸਾਬਿਤ ਹੋਇਆ। ਅਫਗਾਨਿਸਤਾਨ ਨੂੰ ਲਗਾਤਾਰ ਝਟਕੇ ਲਗਦੇ ਰਹੇ ਅਤੇ ਹਾਸ਼ਮਾਤੁੱਲਾ ਸ਼ਾਹੀਦੀ (58) ਦੇ ਅਰਧ ਸੈਂਕੜੇ ਦੇ ਬਾਵਜੂਦ ਅਫਗਾਨਿਸਤਾਨ ਟੀਮ ਨੇ 40.5 ਓਵਰਾਂ ਤੋਂ ਬਾਅਦ, 160 ਰਨ 'ਤੇ 7 ਵਿਕਟ ਗਵਾ ਦਿੱਤੇ ਸਨ। ਉਸ ਵੇਲੇ ਅਫਗਾਨਿਸਤਾਨ ਦੀ ਬੱਲੇਬਾਜੀ ਮੁਸੀਬਤ ਵਿਚ ਨਜ਼ਰ ਆ ਰਹੀ ਸੀ। ਪਰ ਅਫਗਾਨਿਸਤਾਨ ਦੀ ਟੀਮ ਨੂੰ ਮੁਸੀਬਤ ਚੋਂ ਉਭਾਰਨ ਦਾ ਕੰਮ ਟੀਮ ਦੇ ਬਰਥਡੇਅ ਬੁਆਏ ਨੇ ਕੀਤਾ। ਆਪਣਾ ਜਨਮਦਿਨ ਮਨਾ ਰਹੇ ਅਫਗਾਨਿਸਤਾਨ ਦੇ ਨੌਜਵਾਨ ਖਿਡਾਰੀ ਰਾਸ਼ਿਦ ਖਾਨ ਨੇ ਧਮਾਕੇਦਾਰ ਅਰਧ-ਸੈਂਕੜਾ ਮਾਰਿਆ। ਰਾਸ਼ਿਦ ਖਾਨ 20 ਸਾਲ ਦੇ ਹੋ ਗਏ ਹਨ। ਰਾਸ਼ਿਦ ਖਾਨ ਨੇ 32 ਗੇਂਦਾਂ 'ਤੇ 57 ਰਨ ਦੀ ਨਾਬਾਦ ਪਾਰੀ ਖੇਡੀ। ਇਸ ਬੱਲੇਬਾਜ਼ ਨੇ ਬੰਗਲਾਦੇਸ਼ੀ ਗੇਂਦਬਾਜਾਂ ਖਿਲਾਫ 8 ਚੌਕੇ ਅਤੇ 1 ਛੱਕਾ ਜੜਿਆ। ਦੂਜੇ ਪਾਸੇ ਗੁਲਬਾਦੀਨ ਨਾਇਬ ਨੇ 38 ਗੇਂਦਾਂ ਤੇ 42 ਰਨ ਦੀ ਨਾਬਾਦ ਪਾਰੀ ਖੇਡੀ। ਦੋਨਾਂ ਦੀ 8ਵੇਂ ਵਿਕਟ ਲਈ ਕੀਤੀ 95 ਰਨ ਦੀ ਨਾਬਾਦ ਪਾਰਟਨਰਸ਼ਿਪ ਸਦਕਾ ਅਫਗਾਨਿਸਤਾਨ ਨੇ ਨਿਰਧਾਰਿਤ 50 ਓਵਰਾਂ ਵਿਚ 7 ਵਿਕਟ ਗਵਾ ਕੇ 255 ਰਨ ਦਾ ਸ਼ਾਨਦਾਰ ਸਕੋਰ ਖੜਾ ਕੀਤਾ।

119 ਰਨ 'ਤੇ ਢੇਰ ਹੋਇਆ ਬੰਗਲਾਦੇਸ਼
ਬੰਗਲਾਦੇਸ਼ ਦੀ ਟੀਮ 256 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂ ਤੋਂ ਹੀ ਲੜਖੜਾ ਗਈ। ਬੰਗਲਾਦੇਸ਼ ਨੂੰ ਪਹਿਲਾ ਝਟਕਾ 15, ਦੂਜਾ 17, ਤੀਜਾ 39 ਤੇ ਫੇਰ ਚੌਥਾ ਝਟਕਾ 43 ਰਨ ਦੇ ਸਕੋਰ 'ਤੇ ਲੱਗਿਆ। ਸ਼ੁਰੂਆਤੀ ਝਟਕਿਆਂ ਤੋਂ ਬੰਗਲਾਦੇਸ਼ ਦੀ ਟੀਮ ਨੂੰ ਉਭਾਰਨ ਦੀ ਕੋਸ਼ਿਸ਼ ਸ਼ਾਕਿਬ ਅਲ ਹਸਨ (32), ਮਹਮੁਦੁੱਲਾ (27) ਤੇ ਮੋਸਾਦੈਕ ਹੁਸੈਨ (26 ਨਾਬਾਦ) ਨੇ ਕੀਤੀ ਪਰ ਬੰਗਲਾਦੇਸ਼ੀ ਪਾਰੀ ਜਾਦਾ ਸਮਾਂ ਸੰਭਲ ਨਹੀਂ ਪਾਈ ਅਤੇ ਲਗਾਤਾਰ ਵਧਦੇ ਰਨ ਰੇਟ ਦੇ ਦਬਾਅ ਹੇਠ ਬੰਗਲਾਦੇਸ਼ੀ ਬੱਲੇਬਾਜ਼ ਲਗਾਤਾਰ ਆਪਣੇ ਵਿਕਟ ਗਵਾਉਂਦੇ ਰਹੇ। ਬੰਗਲਾਦੇਸ਼ ਦੀ ਟੀਮ 42.1 ਓਵਰਾਂ ਵਿਚ 119 ਰਨ 'ਤੇ ਢੇਰ ਹੋ ਗਈ। ਬੱਲੇਬਾਜ਼ੀ ਵਿਚ ਕਮਾਲ ਕਰਨ ਵਾਲੇ ਬਰਥਡੇਅ ਬੁਆਏ ਰਾਸ਼ਿਦ ਖਾਨ ਨੇ ਗੇਂਦਬਾਜੀ ਵਿਚ ਵੀ ਕਮਾਲ ਕੀਤਾ। ਰਾਸ਼ਿਦ ਖਾਨ ਨੇ 9 ਓਵਰਾਂ ਵਿਚ 13 ਰਨ ਦੇਕੇ 2 ਵਿਕਟ ਹਾਸਿਲ ਕੀਤੇ। ਰਾਸ਼ਿਦ ਖਾਨ ਨੂੰ ਲਾਜਵਾਬ ਆਲ ਰਾਊਂਡ ਖੇਡ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ।

'ਗਰੁੱਪ ਬੀ' 'ਚ ਚੋਟੀ 'ਤੇ ਅਫਗਾਨਿਸਤਾਨ
ਇੱਕ ਪਾਸੇ ਪਾਕਿਸਤਾਨ ਨੂੰ ਮਾਤ ਦੇਕੇ ਟੀਮ ਇੰਡੀਆ ਨੇ 'ਗਰੁੱਪ ਏ' ਵਿਚ ਚੋਟੀ ਦਾ ਸਥਾਨ ਹਾਸਿਲ ਕੀਤਾ ਸੀ। ਦੂਜੇ ਪਾਸੇ ਕੱਲ੍ਹ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਮਾਤ ਦੇਕੇ 'ਗਰੁੱਪ ਬੀ' ਵਿਚ ਚੋਟੀ ਦਾ ਸਥਾਨ ਹਾਸਿਲ ਕੀਤਾ। ਅਫਗਾਨਿਸਤਾਨ ਨੇ ਆਪਣੇ ਪਹਿਲੇ ਮੈਚ ਵਿਚ ਸ਼੍ਰੀਲੰਕਾ ਦੀ ਟੀਮ ਨੂੰ 91 ਦੌੜਾਂ ਨਾਲ ਦਰੜਿਆ ਸੀ ਤੇ ਫੇਰ ਦੂਜੇ ਮੈਚ ਵਿਚ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਧੂੜ ਚਟਾਈ।