ਜਕਾਰਤਾ: ਚਾਰ ਸਾਲ ਦੀ ਉਮਰ 'ਚ ਟੈਨਿਸ ਕੋਰਟ 'ਤੇ ਕਦਮ ਰੱਖਣ ਵਾਲੀ ਭਾਰਤੀ ਖਿਡਾਰਨ ਅੰਕਿਤਾ ਰੈਨਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਅਨ ਖੇਡਾਂ 'ਚ ਵੂਮੈਨ ਸਿੰਗਲਜ਼ ਦੇ ਸੈਮੀ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਅੰਕਿਤਾ ਨੇ ਕੁਆਰਟਰ ਫਾਈਨਲ ਮੁਕਾਬਲੇ 'ਚ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਮਾਤ ਦਿੱਤੀ।
ਪਿਛਲੀ ਵਾਰ 2014 'ਚ ਹੋਈਆਂ ਏਸ਼ੀਅਨ ਖੇਡਾਂ 'ਚ ਆਖਰੀ 16 'ਚੋਂ ਬਾਹਰ ਆਉਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਅੰਕਿਤਾ ਨੇ ਇੱਕ ਘੰਟਾ ਤੇ ਇੱਕੀ ਮਿੰਟ ਚੱਲੇ ਮੁਕਾਬਲੇ 'ਚ ਯੂਡੀਸ ਨੂੰ 6-4 ਤੇ 6-1 ਨਾਲ ਮਾਤ ਦੇ ਕੇ ਮੈਡਲ ਪੱਕਾ ਕਰ ਲਿਆ ਹੈ।
ਪਹਿਲੇ ਸੈੱਟ ਦੀ ਸ਼ੁਰੂਆਤ 'ਚ ਅੰਕਿਤਾ ਨੂੰ ਹਾਂਗਕਾਂਗ ਦੀ ਖਿਡਾਰਨ ਖਿਲਾਫ 1-4 ਨਾਲ ਪੱਛੜਦੇ ਦੇਖਿਆ ਗਿਆ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ 6-4 ਨਾਲ ਬੜ੍ਹਤ ਹਾਸਲ ਕੀਤੀ। ਦੂਜੇ ਸੈੱਟ 'ਚ ਅੰਕਿਤਾ ਨੇ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਉਂਦਿਆਂ 6-1 ਨਾਲ ਜਿੱਤ ਦਰਜ ਕੀਤੀ।