ਲਾਹੌਰ: ਕਰਾਚੀ 'ਚ ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਟੈਸਟ ਮੈਚ ਬਹੁਤ ਹੀ ਦਿਲਚਸਪ ਤਰੀਕੇ ਨਾਲ ਡਰਾਅ ਹੋਇਆ। ਇਸ ਟੈਸਟ 'ਚ ਪਾਕਿਸਤਾਨੀ ਬੱਲੇਬਾਜ਼ਾਂ ਨੇ ਪਿਛਲੇ ਦੋ ਦਿਨਾਂ ਤੋਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਹਾਰ ਤੋਂ ਬਚਾਇਆ। ਇਸ ਮੈਚ 'ਚ ਕਪਤਾਨ ਬਾਬਰ ਆਜ਼ਮ ਨੇ ਟੀਮ ਦੀ ਅਗਵਾਈ ਕੀਤੀ। ਇਕੱਲੇ ਬਾਬਰ ਆਜ਼ਮ ਨੇ 425 ਗੇਂਦਾਂ ਖੇਡਦੇ ਹੋਏ 196 ਦੌੜਾਂ ਬਣਾ ਕੇ ਆਸਟ੍ਰੇਲੀਆ ਦਾ ਪੂਰਾ ਪਲਾਨ ਵਿਗਾੜ ਦਿੱਤਾ। ਬਾਬਰ ਨੇ ਨਾ ਸਿਰਫ਼ ਆਪਣੀ ਪਾਰੀ ਦੇ ਆਧਾਰ 'ਤੇ ਟੈਸਟ ਡਰਾਅ ਕਰਵਾਇਆ, ਸਗੋਂ ਉਹ ਚੌਥੀ ਪਾਰੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਕਪਤਾਨ ਵੀ ਬਣ ਗਿਆ।
ਬਾਬਰ ਨੇ ਮਾਈਕਲ ਐਥਰਟਨ ਦਾ ਰਿਕਾਰਡ ਤੋੜਿਆ
ਇੰਗਲੈਂਡ ਦੇ ਮਾਈਕਲ ਐਥਰਟਨ ਨੇ ਆਪਣੀ ਕਪਤਾਨੀ ਵਿੱਚ 1995 ਵਿੱਚ ਚੌਥੀ ਪਾਰੀ ਵਿੱਚ ਅਜੇਤੂ 185 ਦੌੜਾਂ ਬਣਾਈਆਂ ਸਨ। ਬਾਬਰ ਨੇ 196 ਦੌੜਾਂ ਦੀ ਪਾਰੀ ਖੇਡਦੇ ਹੋਏ 27 ਸਾਲ ਬਾਅਦ ਇਹ ਰਿਕਾਰਡ ਤੋੜਿਆ। ਬਾਬਰ ਦੀ ਇਸ ਦਲੇਰ ਪਾਰੀ ਲਈ ਉਸ ਨੂੰ 'ਪਲੇਅਰ ਆਫ਼ ਦਾ ਮੈਚ' ਵੀ ਚੁਣਿਆ ਗਿਆ। ਬਾਬਰ ਆਜ਼ਮ ਪਿਛਲੇ ਦੋ ਸਾਲਾਂ ਤੋਂ ਟੈਸਟ 'ਚ ਸੈਂਕੜਾ ਨਹੀਂ ਲਗਾ ਸਕੇ ਸਨ। ਇਸ ਪਾਰੀ ਦੇ ਨਾਲ ਉਸ ਨੇ ਸੈਂਕੜੇ ਦਾ ਸੋਕਾ ਵੀ ਖਤਮ ਕਰ ਦਿੱਤਾ।
ਦਿਲਚਸਪ ਕਰਾਚੀ ਟੈਸਟ
ਆਸਟ੍ਰੇਲੀਆ ਦੀ ਟੀਮ 24 ਸਾਲ ਬਾਅਦ ਪਾਕਿਸਤਾਨ ਦੇ ਦੌਰੇ 'ਤੇ ਹੈ। ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ 'ਚ ਖੇਡਿਆ ਗਿਆ। ਇੱਥੋਂ ਦੀ ਪਿੱਚ ਗੇਂਦਬਾਜ਼ਾਂ ਨੂੰ ਬਿਲਕੁਲ ਵੀ ਮਦਦ ਨਹੀਂ ਕਰ ਸਕੀ। ਪੂਰੇ 5 ਦਿਨਾਂ 'ਚ ਸਿਰਫ 14 ਵਿਕਟਾਂ ਹੀ ਡਿੱਗ ਸਕੀਆਂ। ਬੋਰੀਅਤ ਨਾਲ ਭਰਿਆ, ਇਹ ਟੈਸਟ ਡਰਾਅ ਰਿਹਾ।
ਇਸ ਤੋਂ ਬਾਅਦ ਕਰਾਚੀ 'ਚ ਦੂਜੇ ਟੈਸਟ 'ਚ ਵੀ ਆਸਟ੍ਰੇਲੀਆ ਪਹਿਲੇ ਦੋ ਦਿਨ ਆਲ ਆਊਟ ਨਹੀਂ ਹੋ ਸਕਿਆ ਸੀ। ਪਰ ਤੀਜੇ ਦਿਨ ਤੋਂ ਪਿੱਚ ਦਾ ਰੂਪ ਬਦਲ ਗਿਆ ਅਤੇ ਆਸਟ੍ਰੇਲੀਆ ਦੀ ਪਾਰੀ (556/9 ਡੀ) ਐਲਾਨਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਸਿਰਫ਼ 148 ਦੌੜਾਂ 'ਤੇ ਆਲ ਆਊਟ ਹੋ ਗਈ। ਇੱਥੋਂ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਦਿਆਂ 97/2 'ਤੇ ਪਾਰੀ ਘੋਸ਼ਿਤ ਕੀਤੀ ਤੇ ਪਾਕਿਸਤਾਨ ਟੀਮ ਨੂੰ 506 ਦੌੜਾਂ ਦਾ ਟੀਚਾ ਦਿੱਤਾ।
ਪਾਕਿਸਤਾਨ ਨੇ ਅਬਦੁੱਲਾ ਸ਼ਫੀਕ (96), ਬਾਬਰ ਆਜ਼ਮ (196) ਅਤੇ ਮੁਹੰਮਦ ਰਿਜ਼ਵਾਨ (104) ਦੀਆਂ ਦਮਦਾਰ ਪਾਰੀਆਂ ਦੇ ਦਮ 'ਤੇ ਪੂਰੇ ਦੋ ਦਿਨ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 443 ਦੌੜਾਂ ਬਣਾਈਆਂ ਅਤੇ ਮੈਚ ਡਰਾਅ ਹੋ ਗਿਆ। ਪਾਕਿਸਤਾਨ ਕੋਲ ਵੀ ਇਹ ਟੈਸਟ ਜਿੱਤਣ ਦਾ ਮੌਕਾ ਸੀ ਪਰ ਪਾਕਿਸਤਾਨੀ ਬੱਲੇਬਾਜ਼ਾਂ ਨੇ ਜੋਖਮ ਨਹੀਂ ਉਠਾਇਆ ਅਤੇ ਮੈਚ ਡਰਾਅ ਕਰਨ 'ਤੇ ਧਿਆਨ ਦਿੱਤਾ।