IND vs NEP, Innings Highlights: ਭਾਰਤ ਅਤੇ ਨੇਪਾਲ ਵਿਚਾਲੇ ਏਸ਼ੀਆ ਕੱਪ 2023 ਦਾ ਪੰਜਵਾਂ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਨੇਪਾਲ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀ ਪਾਰੀ 48.2 ਓਵਰਾਂ 'ਚ 230 ਦੌੜਾਂ 'ਤੇ ਸਿਮਟ ਗਈ। ਨੇਪਾਲ ਲਈ ਬੱਲੇਬਾਜ਼ੀ ਕਰਦੇ ਹੋਏ ਆਸਿਫ ਸ਼ੇਖ ਨੇ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੂਜੇ ਪਾਸੇ ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ।


ਨੇਪਾਲ ਦੇ ਓਪਨਿੰਗ ਬੱਲੇਬਾਜ਼ਾਂ ਨੇ ਦਿੱਤੀ ਟੀਮ ਨੂੰ ਹਮਲਾਵਰ ਸ਼ੁਰੂਆਤ


ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਨੇਪਾਲ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਕੁਸ਼ਲ ਭੁਰਤੇਲ ਨੇ ਟੀਮ ਨੂੰ ਹਮਲਾਵਰ ਸ਼ੁਰੂਆਤ ਦਿੱਤੀ। ਭਾਰਤੀ ਟੀਮ ਨੇ ਪਹਿਲੇ ਦੋ ਓਵਰਾਂ ਵਿੱਚ ਦੋਵਾਂ ਦੇ ਆਸਾਨ ਕੈਚ ਵੀ ਛੱਡ ਦਿੱਤੇ। ਜੀਵਨਦਾਨ  ਮਿਲਣ ਤੋਂ ਬਾਅਦ ਆਸਿਫ ਅਤੇ ਭੁਰਤੇਲ ਨੇ ਭਾਰਤੀ ਟੀਮ ਦੇ ਤਜਰਬੇਕਾਰ ਗੇਂਦਬਾਜ਼ਾਂ, ਸ਼ਮੀ ਅਤੇ ਸਿਰਾਜ ਦੇ ਖਿਲਾਫ ਹਮਲਾਵਰ ਰੁਖ ਅਪਣਾਇਆ।


ਕੁਸ਼ਲ ਭੁਰਤੇਲ ਅਤੇ ਆਸਿਫ ਸ਼ੇਖ ਵਿਚਾਲੇ ਪਹਿਲੀ ਵਿਕਟ ਲਈ 59 ਗੇਂਦਾਂ 'ਚ 65 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਨੇਪਾਲ ਦੀ ਟੀਮ ਨੂੰ ਪਹਿਲਾ ਝਟਕਾ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਕੁਸਲ ਭੁਰਤੇਲ ਦੇ ਰੂਪ 'ਚ ਲੱਗਿਆ ਜੋ 38 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦਾ ਸ਼ਿਕਾਰ ਬਣੇ।


ਇਹ ਵੀ ਪੜ੍ਹੋ: India World Cup Squad 2023: ਭਲਕੇ ਵਿਸ਼ਵ ਕੱਪ ਲਈ ਹੋੋਵੇਗਾ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੇ ਨਾਂ ਹੋ ਚੁੱਕੇ ਤੈਅ


ਰਵਿੰਦਰ ਜਡੇਜਾ ਨੇ ਆਉਂਦਿਆਂ ਹੀ ਦਿੱਤੇ 3 ਝਟਕੇ ਅਤੇ ਨੇਪਾਲ ਦੀ ਰਨ ਰੇਟ 'ਤੇ ਲੱਗੀ ਬ੍ਰੇਕ


65 ਦੇ ਸਕੋਰ 'ਤੇ ਪਹਿਲਾ ਵਿਕਟ ਗੁਆਉਣ ਤੋਂ ਬਾਅਦ ਨੇਪਾਲ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਭੀਮ ਸ਼ਾਰਕੀ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਬੋਲਡ ਹੋ ਗਏ। ਨੇਪਾਲ ਦੀ ਟੀਮ ਨੂੰ ਜਲਦੀ ਹੀ ਤੀਜਾ ਝਟਕਾ ਕਪਤਾਨ ਰੋਹਿਤ ਪੌਡੇਲ ਦੇ ਰੂਪ 'ਚ 93 ਦੇ ਸਕੋਰ 'ਤੇ ਲੱਗਾ ਜੋ ਸਿਰਫ 5 ਦੌੜਾਂ ਹੀ ਬਣਾ ਸਕੇ।


ਜਡੇਜਾ ਨੇ ਜਲਦੀ ਹੀ ਕੁਸਲ ਮੱਲਾ ਨੂੰ ਪੈਵੇਲੀਅਨ ਭੇਜ ਦਿੱਤਾ ਅਤੇ ਨੇਪਾਲ ਟੀਮ ਦਾ ਸਕੋਰ 4 ਵਿਕਟਾਂ 'ਤੇ 101 ਦੌੜਾਂ ਕਰ ਦਿੱਤਾ। ਇੱਥੋਂ ਪੰਜਵੇਂ ਵਿਕਟ ਲਈ ਆਸਿਫ ਸ਼ੇਖ ਅਤੇ ਗੁਲਸਨ ਝਾਅ ਵਿਚਾਲੇ 48 ਗੇਂਦਾਂ ਵਿੱਚ 31 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਆਸਿਫ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ 58 ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਨੇਪਾਲ ਦੀ ਅੱਧੀ ਟੀਮ 132 ਦੇ ਸਕੋਰ 'ਤੇ ਪੈਵੇਲੀਅਨ ਪਰਤ ਗਈ।


ਸੋਮਪਾਲ ਕਾਮੀ ਅਤੇ ਦੀਪੇਂਦਰ ਐਰੀ ਦੀ ਸਾਂਝੇਦਾਰੀ 200 ਦੇ ਨੇੜੇ ਪਹੁੰਚ ਗਈ


ਨੇਪਾਲ ਦੀ ਟੀਮ ਨੇ ਆਪਣਾ ਛੇਵਾਂ ਵਿਕਟ 144 ਦੇ ਸਕੋਰ 'ਤੇ ਗੁਲਸ਼ਨ ਝਾਅ ਦੇ ਰੂਪ 'ਚ ਗੁਆਇਆ ਜੋ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਇੱਥੋਂ 7ਵੇਂ ਵਿਕਟ ਲਈ ਸੋਮਪਾਲ ਕਾਮੀ ਅਤੇ ਦੀਪੇਂਦਰ ਸਿੰਘ ਐਰੀ ਵਿਚਾਲੇ 56 ਗੇਂਦਾਂ 'ਚ 50 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਨੇਪਾਲ ਨੂੰ 194 ਦੇ ਸਕੋਰ 'ਤੇ 7ਵਾਂ ਝਟਕਾ ਲੱਗਿਆ। ਇਸ ਤੋਂ ਬਾਅਦ ਸੋਮਪਾਲ ਨੇ ਇਕ ਸਿਰੇ ਤੋਂ ਦੌੜਾਂ ਬਣਾਉਣ ਦੀ ਰਫਤਾਰ ਨੂੰ ਬਰਕਰਾਰ ਰੱਖਿਆ ਅਤੇ ਸਕੋਰ ਨੂੰ 200 ਤੋਂ ਪਾਰ ਕਰ ਦਿੱਤਾ।


ਸੋਮਪਾਲ ਕਾਮੀ ਨੇ ਸੰਦੀਪ ਲਾਮਿਛਾਨੇ ਨਾਲ 8ਵੀਂ ਵਿਕਟ ਲਈ 37 ਗੇਂਦਾਂ 'ਚ 34 ਦੌੜਾਂ ਦੀ ਸਾਂਝੇਦਾਰੀ ਕੀਤੀ। ਨੇਪਾਲ ਨੂੰ 228 ਦੇ ਸਕੋਰ 'ਤੇ 8ਵਾਂ ਝਟਕਾ ਸੋਮਪਾਲ ਦੇ ਰੂਪ 'ਚ ਲੱਗਾ ਜੋ 56 ਗੇਂਦਾਂ 'ਚ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਨੇਪਾਲ ਦੀ ਪਾਰੀ 48.2 ਓਵਰਾਂ 'ਚ 230 ਦੌੜਾਂ 'ਤੇ ਸਿਮਟ ਗਈ। ਭਾਰਤ ਲਈ ਗੇਂਦਬਾਜ਼ੀ ਵਿੱਚ ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ। ਜਦਕਿ ਸ਼ਮੀ, ਹਾਰਦਿਕ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਲਈ।


ਇਹ ਵੀ ਪੜ੍ਹੋ: 800 Trailer: ਮੁਰਲੀਧਰਨ ਦੀ ਬਾਇਓਪਿਕ ਦਾ ਟੀਜ਼ਰ ਆਇਆ ਸਾਹਮਣੇ, ਸਚਿਨ ਤੇਂਦੁਲਕਰ 5 ਸਤੰਬਰ ਨੂੰ ਕਰਨਗੇ ਰਿਲੀਜ਼