BCCI Cricket Advisory Committee (CAC): ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਤਿੰਨ ਮੈਂਬਰੀ ਕ੍ਰਿਕਟ ਸਲਾਹਕਾਰ ਕਮੇਟੀ ਦੀ ਚੋਣ ਕੀਤੀ ਹੈ। ਇਸ ਵਿੱਚ ਭਾਰਤ ਦੇ ਸਾਬਕਾ ਖਿਡਾਰੀ ਅਸ਼ੋਕ ਮਲਹੋਤਰਾ ਨੂੰ ਵੀ ਚੁਣਿਆ ਗਿਆ ਸੀ। ਉਨ੍ਹਾਂ ਦੇ ਨਾਲ ਜਤਿਨ ਪਰਾਂਜਪੇ ਅਤੇ ਸੁਲਕਸ਼ਨਾ ਨਾਇਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਸ਼ੋਕ ਦੇ ਨਾਲ-ਨਾਲ ਸੁਲਕਸ਼ਨਾ ਅਤੇ ਜਤਿਨ ਵੀ ਟੀਮ ਇੰਡੀਆ ਲਈ ਕ੍ਰਿਕਟ ਖੇਡ ਚੁੱਕੇ ਹਨ। ਹਾਲਾਂਕਿ ਇਨ੍ਹਾਂ ਤਿੰਨਾਂ ਦਾ ਅੰਤਰਰਾਸ਼ਟਰੀ ਕਰੀਅਰ ਬਹੁਤ ਲੰਬਾ ਨਹੀਂ ਰਿਹਾ।
ਬੀਸੀਸੀਆਈ ਨੇ ਅਸ਼ੋਕ ਅਤੇ ਜਤਿਨ ਨੂੰ ਸੀਏਸੀ ਵਿੱਚ ਨਵੇਂ ਮੈਂਬਰਾਂ ਵਜੋਂ ਸ਼ਾਮਲ ਕੀਤਾ ਹੈ। ਜਦਕਿ ਸੁਲਕਸ਼ਨਾ ਨੂੰ ਬਰਕਰਾਰ ਰੱਖਿਆ ਗਿਆ ਹੈ। ਉਹ ਪਹਿਲਾਂ ਵੀ ਇਸ ਕਮੇਟੀ ਦਾ ਹਿੱਸਾ ਰਹਿ ਚੁੱਕੀ ਹੈ। ਜਤਿਨ ਨੇ ਭਾਰਤੀ ਕ੍ਰਿਕਟ ਟੀਮ ਲਈ 4 ਵਨਡੇ ਖੇਡੇ ਹਨ। ਉਸ ਨੇ ਪਹਿਲੀ ਸ਼੍ਰੇਣੀ ਮੈਚਾਂ ਦੀਆਂ 95 ਪਾਰੀਆਂ ਵਿੱਚ 3964 ਦੌੜਾਂ ਬਣਾਈਆਂ ਹਨ। ਜਤਿਨ ਨੇ ਇਸ ਫਾਰਮੈਟ 'ਚ 13 ਸੈਂਕੜੇ ਅਤੇ 15 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਲਿਸਟ ਏ ਦੇ 44 ਮੈਚਾਂ 'ਚ 1040 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 2 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ ਹਨ।
ਅਸ਼ੋਕ ਮਲਹੋਤਰਾ ਨੇ ਟੀਮ ਇੰਡੀਆ ਲਈ ਖੇਡੇ 7 ਟੈਸਟ ਮੈਚ
ਅਸ਼ੋਕ ਮਲਹੋਤਰਾ ਨੇ ਟੀਮ ਇੰਡੀਆ ਲਈ 7 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਉਹਨਾਂ ਨੇ ਅਰਧ ਸੈਂਕੜੇ ਦੀ ਮਦਦ ਨਾਲ 226 ਦੌੜਾਂ ਬਣਾਈਆਂ ਹਨ। ਉਹਨਾਂ ਨੇ 20 ਵਨਡੇ ਵੀ ਖੇਡੇ ਹਨ। ਅਸ਼ੋਕ ਨੇ 457 ਦੌੜਾਂ ਬਣਾਉਣ ਦੇ ਨਾਲ ਹੀ ਅਰਧ ਸੈਂਕੜਾ ਵੀ ਲਗਾਇਆ ਹੈ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਦੇ ਮੈਚਾਂ ਦੀਆਂ 227 ਪਾਰੀਆਂ 'ਚ 9784 ਦੌੜਾਂ ਬਣਾਈਆਂ ਹਨ। ਅਸ਼ੋਕ ਨੇ ਇਸ ਫਾਰਮੈਟ 'ਚ 24 ਸੈਂਕੜੇ ਅਤੇ 52 ਅਰਧ ਸੈਂਕੜੇ ਲਗਾਏ ਹਨ।
ਸੁਲਕਸ਼ਨਾ ਨੇ 41 ਵਨਡੇ ਪਾਰੀਆਂ 'ਚ 574 ਦੌੜਾਂ ਬਣਾਈਆਂ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਖਿਡਾਰਨ ਸੁਲਕਸ਼ਨਾ ਨੇ 2 ਟੈਸਟ ਅਤੇ 46 ਵਨਡੇ ਖੇਡੇ ਹਨ। ਉਨ੍ਹਾਂ ਨੇ 41 ਵਨਡੇ ਪਾਰੀਆਂ 'ਚ 574 ਦੌੜਾਂ ਬਣਾਈਆਂ ਹਨ। ਇਸ ਦੌਰਾਨ ਸੁਲਕਸ਼ਨਾ ਨੇ 2 ਅਰਧ ਸੈਂਕੜੇ ਲਗਾਏ ਹਨ। ਉਸ ਨੇ 31 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਸੁਲਕਸ਼ਨਾ ਨੇ ਇਸ ਫਾਰਮੈਟ 'ਚ 384 ਦੌੜਾਂ ਬਣਾਈਆਂ ਹਨ।