Champions Trophy : ਭਾਰਤੀ ਕ੍ਰਿਕਟ ਟੀਮ ਅਤੇ ਇਸਦੇ ਪ੍ਰਸ਼ੰਸਕਾਂ ਲਈ ਨਿਰਾਸ਼ ਭਰੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਨਹੀਂ ਖੇਡਣਗੇ। ਦੱਸਣਯੋਗ ਹੈ ਕਿ ਬੁਮਰਾਹ (Jasprit Bumrah) ਨੂੰ ਇਸ ਸੀਰੀਜ਼ ਦੇ ਤੀਸਰੇ ਵਨਡੇ ਲਈ ਟੀਮ ਵਿੱਚ ਚੁਣਿਆ ਗਿਆ ਸੀ।
ਜਸਪ੍ਰੀਤ ਬੁਮਰਾਹ ਦਾ ਇੰਗਲੈਂਡ ਖਿਲਾਫ ਪਹਿਲੇ ਦੋ ਵਨਡੇ ਮੈਚਾਂ 'ਚ ਖੇਡਣਾ ਮੁਸ਼ਕਿਲ ਸੀ ਕਿਉਂਕਿ ਉਹ ਆਸਟਰੇਲੀਆ ਖਿਲਾਫ ਪੰਜਵੇਂ ਟੈਸਟ ਦੌਰਾਨ ਜ਼ਖ਼ਮੀ ਹੋ ਗਏ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਬੁਮਰਾਹ ਤੀਸਰੇ ਵਨਡੇ ਤੱਕ ਫਿੱਟ ਹੋ ਜਾਣਗੇ। ਹਾਲਾਂਕਿ ਹੁਣ ਜੋ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜਸਪ੍ਰੀਤ ਬੁਮਰਾਹ ਇੰਗਲੈਂਡ ਖਿਲਾਫ ਤਿੰਨੋ ਵਨਡੇ ਮੈਚਾਂ 'ਚ ਨਹੀਂ ਖੇਡਣਗੇ।
ਚੈਂਪੀਅਨਜ਼ ਟ੍ਰਾਫੀ 'ਚ ਵੀ ਖੇਡਣਾ ਮੁਸ਼ਕਿਲ
ਜਸਪ੍ਰੀਤ ਬੁਮਰਾਹ ਦਾ ਹੁਣ 2025 ਦੀ ਚੈਂਪੀਅਨਜ਼ ਟ੍ਰਾਫੀ ਵਿੱਚ ਖੇਡਣਾ ਵੀ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਬੁਮਰਾਹ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਸੀ। ਇਸ ਰਿਪੋਰਟ ਮੁਤਾਬਕ ਬੁਮਰਾਹ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕਾਦਮੀ (NCA) ਵਿੱਚ ਹਨ ਜਿਥੇ ਉਨ੍ਹਾਂ ਦਾ ਫਿਟਨੈਸ ਟੈਸਟ ਹੋਵੇਗਾ। ਫਿਲਹਾਲ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰਹਿਣਗੇ।
TOI ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਕਿ ਜਸਪ੍ਰੀਤ ਬੁਮਰਾਹ 2-3 ਦਿਨਾਂ ਤੱਕ NCA ਦੇ ਵਿਸ਼ੇਸ਼ਜ੍ਹਾਂ ਦੀ ਨਿਗਰਾਨੀ ਹੇਠ ਰਹਿਣਗੇ। ਪੂਰੀ ਜਾਂਚ ਤੋਂ ਬਾਅਦ ਹੀ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਰਿਪੋਰਟ ਭੇਜੀ ਜਾਵੇਗੀ।
ਹੁਣ ਸਿਰਫ ਇੱਕ ਹਫ਼ਤਾ ਬਾਕੀ
ਭਾਰਤੀ ਟੀਮ ਕੋਲ ਇਹ ਫੈਸਲਾ ਕਰਨ ਲਈ ਹੁਣ ਸਿਰਫ ਇੱਕ ਹਫ਼ਤਾ ਬਚਿਆ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਚੈਂਪੀਅਨਜ਼ ਟ੍ਰਾਫੀ ਦੇ ਸਕਵਾਡ ਵਿੱਚ ਬਰਕਰਾਰ ਰੱਖਣਾ ਹੈ ਜਾਂ ਨਹੀਂ। ICC ਦੀ ਡੇਡਲਾਈਨ ਮੁਤਾਬਕ 12 ਫ਼ਰਵਰੀ ਤੱਕ ਸਾਰੀਆਂ ਟੀਮਾਂ ਕੋਲ ਆਪਣੇ ਸਕਵਾਡ ਵਿੱਚ ਤਬਦੀਲੀ ਕਰਨ ਦਾ ਸਮਾਂ ਹੈ। ਇਸ ਹਾਲਤ ਵਿੱਚ ਟੀਮ ਇੰਡੀਆ ਕੋਲ ਬੁਮਰਾਹ 'ਤੇ ਫੈਸਲਾ ਕਰਨ ਲਈ ਹੁਣ ਸਿਰਫ ਇੱਕ ਹਫ਼ਤਾ ਬਾਕੀ ਹੈ।