Cheteshwar Pujara in County Cricket: ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਆਊਟ ਆਫ ਫਾਰਮ 'ਚ ਚੱਲ ਰਹੇ ਚੇਤੇਸ਼ਵਰ ਪੁਜਾਰਾ ਕਾਊਂਟੀ ਕ੍ਰਿਕਟ 'ਚ ਧਮਾਲ ਮਚਾ ਰਹੇ ਹਨ। ਉਨ੍ਹਾਂ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ-2 ਵਿੱਚ ਸਸੇਕਸ ਲਈ ਖੇਡਦੇ ਹੋਏ ਮਿਡਲਸੈਕਸ ਖਿਲਾਫ ਸੈਂਕੜਾ ਲਗਾਇਆ। ਕਾਊਂਟੀ ਕ੍ਰਿਕਟ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਚੌਥਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਹ ਡਰਬੀਸ਼ਾਇਰ, ਵੋਰਚੇਸਟਰਸ਼ਾਇਰ ਤੇ ਡਰਹਮ ਦੇ ਖਿਲਾਫ ਸੈਂਕੜੇ ਲਗਾ ਚੁੱਕੇ ਹਨ। ਕਾਊਂਟੀ ਚੈਂਪੀਅਨਸ਼ਿਪ ਦੇ ਇਸ ਸੀਜ਼ਨ ਵਿੱਚ ਪੁਜਾਰਾ ਦੇ ਚਾਰ ਸੈਂਕੜਿਆਂ ਵਿੱਚ ਦੋ ਦੋਹਰੇ ਸੈਂਕੜੇ ਵੀ ਸ਼ਾਮਲ ਹਨ।



ਤਜਰਬੇਕਾਰ ਖਿਡਾਰੀ ਪੁਜਾਰਾ ਨੂੰ ਇਸ ਵਾਰ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਅਜਿਹਾ ਇਸ ਲਈ ਕਿਉਂਕਿ ਉਹ ਲੰਬੇ ਸਮੇਂ ਤੋਂ ਵੱਡੀ ਪਾਰੀ ਨਹੀਂ ਖੇਡ ਸਕੇ ਸੀ। ਉਨ੍ਹਾਂ ਨੇ ਆਖਰੀ ਵਾਰ ਜਨਵਰੀ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਇਹ ਸੈਂਕੜਾ ਆਸਟ੍ਰੇਲੀਆ ਖਿਲਾਫ ਸਿਡਨੀ ਟੈਸਟ 'ਚ ਲਗਾਇਆ ਸੀ। ਟੈਸਟ ਕ੍ਰਿਕਟ ਵਿੱਚ ਸਾਲ 2020 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹ ਸਿਰਫ਼ 26.29 ਦੀ ਔਸਤ ਨਾਲ ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ।

ਦਸੰਬਰ-ਜਨਵਰੀ 'ਚ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੌਰਾਨ ਉਹ ਬੁਰੀ ਤਰ੍ਹਾਂ ਫਲਾਪ ਹੋ ਗਿਆ ਸੀ। ਉਹ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ਵਿੱਚ ਸਿਰਫ਼ 20.66 ਦੀ ਔਸਤ ਨਾਲ 124 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਸਨ। ਉਹਨਾਂ ਨੂੰ ਖਰਾਬ ਫਾਰਮ ਕਾਰਨ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਸੀ। ਉਨ੍ਹਾਂ ਨੂੰ ਮੁੜ ਗਤੀ ਹਾਸਲ ਕਰਨ ਲਈ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਖੇਡਣ ਦੀ ਸਲਾਹ ਦਿੱਤੀ ਗਈ ਸੀ ਪਰ ਇੱਥੇ ਵੀ ਪੁਜਾਰਾ ਕੁਝ ਖਾਸ ਨਹੀਂ ਦਿਖਾ ਸਕੇ ਸਨ।

ਪੁਜਾਰਾ ਕਾਊਂਟੀ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ
ਪੁਜਾਰਾ ਨੇ ਇਸ ਸੀਜ਼ਨ 'ਚ ਡਰਬੀਸ਼ਾਇਰ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ। ਕਾਊਂਟੀ ਕ੍ਰਿਕਟ ਵਿੱਚ ਇਸ ਅੰਕੜੇ ਤੱਕ ਪਹੁੰਚਣ ਵਾਲੇ ਉਹ ਦੂਜਾ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ 1991 ਅਤੇ 1995 'ਚ ਕਾਊਂਟੀ ਕ੍ਰਿਕਟ 'ਚ ਦੋਹਰੇ ਸੈਂਕੜੇ ਲਗਾਏ ਸਨ।