Vinod Kambli Controversy : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਉਹਨਾਂ ਦੀ ਪਤਨੀ ਨੇ ਉਹਨਾਂ ਖਿਲਾਫ਼ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਉਹਨਾਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ।
ਵਿਨੋਦ ਕਾਂਬਲੀ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਪੁਲਿਸ ਨੇ ਆਈਪੀਸੀ ਦੀ ਧਾਰਾ 324 ਅਤੇ 504 ਦੇ ਤਹਿਤ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਂਬਲੀ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਵਿਨੋਦ ਕਾਂਬਲੀ ਨੇ ਕੁਕਿੰਗ ਪੈਨ ਦਾ ਹੈਂਡਲ ਉਸ 'ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ।
ਕਾਂਬਲੀ ਦੀ ਪਤਨੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਦੁਪਹਿਰ 1 ਤੋਂ 1.30 ਵਜੇ ਦੇ ਦਰਮਿਆਨ ਵਾਪਰੀ ਜਦੋਂ ਕਾਂਬਲੀ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਬਾਂਦਰਾ ਸਥਿਤ ਉਨ੍ਹਾਂ ਦੇ ਫਲੈਟ 'ਤੇ ਪਹੁੰਚਿਆ ਅਤੇ ਪਤਨੀ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਹ ਭੱਜ ਕੇ ਰਸੋਈ 'ਚ ਗਿਆ ਅਤੇ ਕੁਕਿੰਗ ਪੈਨ ਦਾ ਹੈਂਡਲ ਫੜ ਕੇ ਮੇਰੇ ਵੱਲ ਸੁੱਟ ਦਿੱਤਾ।
ਬਾਂਦਰਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਨੋਦ ਕਾਂਬਲੀ ਦੀ ਪਤਨੀ ਨੇ ਭਾਭਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ ਸੀ। ਇਸ ਤੋਂ ਬਾਅਦ ਕਾਂਬਲੀ ਦੀ ਪਤਨੀ ਥਾਣੇ ਪਹੁੰਚੀ ਅਤੇ ਆਪਣੇ ਪਤੀ ਖਿਲਾਫ਼ ਐਫਆਈਆਰ ਦਰਜ ਕਰਵਾਈ।
ਬਾਂਦਰਾ ਪੁਲਿਸ ਅਨੁਸਾਰ ਵਿਨੋਦ ਕਾਂਬਲੀ ਦੇ ਖਿਲਾਫ਼ ਆਈਪੀਸੀ ਦੀ ਧਾਰਾ 324 ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ ਦਾ 12 ਸਾਲ ਦਾ ਬੇਟਾ ਸਾਬਕਾ ਕ੍ਰਿਕਟਰ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਹੋਏ ਝਗੜੇ ਦਾ ਗਵਾਹ ਬਣ ਗਿਆ ਹੈ, ਜੋ ਇਹ ਸਭ ਦੇਖ ਕੇ ਘਬਰਾ ਗਿਆ ਸੀ।
ਕਾਂਬਲੀ ਦੀ ਪਤਨੀ ਐਂਡਰੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ, 'ਉਹ ਮੈਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਉਹ ਮੈਨੂੰ ਅਤੇ ਮੇਰੇ ਬੱਚੇ ਨੂੰ ਗਾਲਾਂ ਕੱਢਦਾ ਹੈ, ਉਨ੍ਹਾਂ ਨੂੰ ਮਾਰਦਾ-ਕੁੱਟਦਾ ਵੀ ਹੈ। ਕੁਕਿੰਗ ਪੈਨ ਨਾਲ ਕੁੱਟਣ ਤੋਂ ਬਾਅਦ, ਉਨ੍ਹਾਂ ਨੇ ਸਾਨੂੰ ਡੰਡੇ ਨਾਲ ਵੀ ਕੁੱਟਿਆ।
ਜ਼ਿਕਰਯੋਗ ਹੈ ਕਿ ਵਿਨੋਦ ਕਾਂਬਲੀ ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਦੋਂ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕਾਰ ਨਾਲ ਇੱਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ।