Hardik Pandya Captaincy Skill: IPL 2022 'ਚ ਆਪਣੀ ਕਪਤਾਨੀ ਹੇਠ ਪਹਿਲੇ ਹੀ ਸੀਜ਼ਨ ਵਿੱਚ ਗੁਜਰਾਤ ਟਾਈਟਨਸ (GT) ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਹਾਰਦਿਕ ਪੰਡਯਾ ਇੱਕ ਕਪਤਾਨ ਦੇ ਰੂਪ 'ਚ ਕੌਮਾਂਤਰੀ ਕ੍ਰਿਕਟ 'ਚ ਵੀ ਬਹੁਤ ਸਫ਼ਲ ਸਾਬਤ ਹੋ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 6 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਉਸ ਨੂੰ ਇੱਕ ਵਾਰ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।


ਜੂਨ 2022 'ਚ ਆਇਰਲੈਂਡ ਦੇ ਖ਼ਿਲਾਫ਼ 2 ਮੈਚਾਂ ਦੀ ਟੀ-20 ਸੀਰੀਜ਼ 'ਚ ਪਹਿਲੀ ਵਾਰ ਹਾਰਦਿਕ ਪੰਡਯਾ ਨੂੰ ਟੀਮ ਇੰਡੀਆ ਦੀ ਕਮਾਨ ਸੌਂਪੀ ਗਈ ਸੀ। ਇੱਥੇ ਉਨ੍ਹਾਂ ਨੇ ਨੌਜਵਾਨ ਭਾਰਤੀ ਟੀਮ ਨੂੰ ਦੋਵੇਂ ਮੈਚਾਂ 'ਚ ਜਿੱਤ ਦਿਵਾਈ। ਇਸ ਤੋਂ ਬਾਅਦ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਨੇ ਫਲਾਪ ਪ੍ਰਦਰਸ਼ਨ ਕੀਤਾ ਪਰ ਵਿਸ਼ਵ ਕੱਪ ਤੋਂ ਠੀਕ ਬਾਅਦ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਉਸ ਦੇ ਘਰ 'ਤੇ ਟੀ-20 ਸੀਰੀਜ਼ 'ਚ ਹਰਾਇਆ।


ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਇਕ ਮੈਚ ਮੀਂਹ ਨਾਲ ਧੋ ਦਿੱਤਾ ਸੀ। ਇਕ ਮੈਚ ਟਾਈ ਰਿਹਾ ਅਤੇ ਇਕ ਮੈਚ ਭਾਰਤ ਨੇ ਜਿੱਤ ਲਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਦੌਰੇ 'ਤੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਵਨਡੇ ਸੀਰੀਜ਼ ਹਾਰ ਗਈ ਸੀ ਪਰ ਹੁਣ ਹਾਰਦਿਕ ਦੀ ਕਪਤਾਨੀ 'ਚ ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ 'ਚ ਭਾਰਤ ਨੇ ਮੈਚ ਜਿੱਤ ਕੇ ਸੀਰੀਜ਼ '1-0 ਦੀ ਬੜ੍ਹਤ ਬਣਾ ਲਈ ਹੈ।


29 ਸਾਲਾ ਹਾਰਦਿਕ ਪੰਡਯਾ ਦਾ ਆਪਣੀ ਕਪਤਾਨੀ 'ਚ ਭਾਰਤੀ ਟੀਮ ਨੂੰ ਸੀਰੀਜ਼ ਨਾ ਹਾਰਨ ਦੇਣ ਦਾ ਇਸ਼ਾਰਾ ਉਨ੍ਹਾਂ ਨੂੰ ਭਵਿੱਖ ਦਾ ਕਪਤਾਨ ਬਣਾਉਣ ਵੱਲ ਸੰਕੇਤ ਕਰ ਰਿਹਾ ਹੈ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਹੁਣ ਤੱਕ ਦੇ ਸਭ ਤੋਂ ਦਮਦਾਰ ਭਾਰਤੀ ਟੀ-20 ਕਪਤਾਨ ਸਾਬਤ ਹੋ ਸਕਦੇ ਹਨ। ਉਹ ਇਸ ਮਾਮਲੇ 'ਚ ਐਮਐਸ ਧੋਨੀ, ਰੋਹਿਤ ਅਤੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਸਕਦੇ ਹਨ।


ਟੀ-20 'ਚ ਧੋਨੀ, ਰੋਹਿਤ ਅਤੇ ਵਿਰਾਟ ਦਾ ਕਪਤਾਨੀ ਰਿਕਾਰਡ


ਐਮਐਸ ਧੋਨੀ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਰਹੇ ਹਨ। ਉਨ੍ਹਾਂ ਨੇ 72 ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ, ਜਿਸ '41 ਜਿੱਤੇ। ਦੂਜੇ ਨੰਬਰ 'ਤੇ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ ਟੀਮ ਇੰਡੀਆ ਨੂੰ 51 ਮੈਚਾਂ '39 ਜਿੱਤਾਂ ਦਰਜ ਕੀਤੀਆਂ। ਇੱਥੇ ਤੀਜਾ ਨੰਬਰ ਵਿਰਾਟ ਕੋਹਲੀ ਦਾ ਹੈ। ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ 50 ਮੈਚ ਖੇਡੇ ਹਨ, ਜਿਸ 'ਚ ਟੀਮ ਇੰਡੀਆ ਨੇ 30 ਮੈਚ ਜਿੱਤੇ ਹਨ।


ਕਿਉਂ ਓਵਰਟੇਕ ਕਰ ਸਕਦੇ ਹਨ ਪੰਡਯਾ


ਪੰਡਯਾ ਸਿਰਫ਼ 29 ਸਾਲ ਦੇ ਹਨ। ਜੇਕਰ ਉਨ੍ਹਾਂ ਨੂੰ ਰੋਹਿਤ ਸ਼ਰਮਾ ਤੋਂ ਬਾਅਦ ਟੀ-20 'ਟੀਮ ਇੰਡੀਆ ਦਾ ਸਥਾਈ ਕਪਤਾਨ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਕੋਲ ਲੰਬੇ ਸਮੇਂ ਤੱਕ ਕਪਤਾਨੀ ਕਰਨ ਦਾ ਮੌਕਾ ਹੋਵੇਗਾ। ਪੰਡਯਾ ਟੈਸਟ ਨਹੀਂ ਖੇਡਦੇ ਹਨ। ਅਜਿਹੇ 'ਚ ਉਨ੍ਹਾਂ ਕੋਲ ਵੱਧ ਤੋਂ ਵੱਧ ਟੀ-20 ਮੈਚ ਖੇਡਣ ਦਾ ਮੌਕਾ ਹੋਵੇਗਾ। ਭਵਿੱਖ 'ਚ ਟੀ-20 ਮੈਚਾਂ ਦੀ ਗਿਣਤੀ ਵੀ ਵਧਾਉਣੀ ਪਵੇਗੀ। ਅਜਿਹੇ 'ਚ ਜੇਕਰ ਹਾਰਦਿਕ ਪੰਡਯਾ 3 ਤੋਂ 4 ਸਾਲ ਤੱਕ ਕਪਤਾਨ ਬਣੇ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਕਪਤਾਨੀ ਕਰਦੇ ਰਹਿੰਦੇ ਹਨ ਤਾਂ ਉਹ ਯਕੀਨੀ ਤੌਰ 'ਤੇ ਟੀ-20 ਕਪਤਾਨੀ 'ਚ ਧੋਨੀ, ਰੋਹਿਤ ਅਤੇ ਕੋਹਲੀ ਨੂੰ ਮਾਤ ਦੇ ਸਕਦੇ ਹਨ।