Saud Shakeel Test Career: ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਚੀ 'ਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਮਹਿਮਾਨ ਟੀਮ ਨੇ ਆਪਣੀ ਪਹਿਲੀ ਪਾਰੀ 'ਚ 449 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਪਾਕਿਸਤਾਨੀ ਬੱਲੇਬਾਜ਼ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਮੱਧਕ੍ਰਮ ਦੇ ਬੱਲੇਬਾਜ਼ ਸਾਊਦ ਸ਼ਕੀਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।


ਖ਼ਬਰ ਲਿਖੇ ਜਾਣ ਤੱਕ ਸਾਊਦ 8 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਇਹ ਉਨ੍ਹਾਂ ਦੇ ਕਰੀਅਰ ਦਾ ਪੰਜਵਾਂ ਟੈਸਟ ਹੈ ਅਤੇ ਉਨ੍ਹਾਂ ਨੇ 6ਵਾਂ ਅਰਧ ਸੈਂਕੜਾ ਲਗਾਇਆ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਪਾਕਿਸਤਾਨ ਕ੍ਰਿਕਟ ਦਾ ਨਵਾਂ ਸੁਪਰਸਟਾਰ ਕਹਿ ਰਹੇ ਹਨ।


ਦੱਸ ਦਈਏ ਕਿ ਇੰਗਲੈਂਡ ਦੇ ਖ਼ਿਲਾਫ਼ ਟੈਸਟ ਸੀਰੀਜ਼ 'ਚ ਕਲੀਨ ਸਵੀਪ ਤੋਂ ਬਾਅਦ ਪਾਕਿਸਤਾਨੀ ਕਪਤਾਨ ਨੇ ਆਪਣੀਆਂ ਗਲਤੀਆਂ ਸਵੀਕਾਰ ਕਰ ਲਈਆਂ, ਪਰ ਉਨ੍ਹਾਂ ਨੇ ਸਾਊਦ ਸ਼ਕੀਲ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਫਵਾਦ ਆਲਮ ਦੀ ਜਗ੍ਹਾ ਸਾਊਦ ਨੂੰ ਟੀਮ 'ਚ ਖਿਡਾਇਆ ਅਤੇ ਉਸ ਨੇ ਆਪਣੀ ਦਮਦਾਰ ਬੱਲੇਬਾਜ਼ੀ ਨਾਲ ਸਾਨੂੰ ਸਹੀ ਸਾਬਤ ਕੀਤਾ।


ਸਾਊਦ ਸ਼ਕੀਲ ਦੇ ਹੈਰਾਨੀਜਨਕ ਅੰਕੜੇ


ਸਾਊਦ ਦੇ ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਆਪਣਾ 5ਵਾਂ ਟੈਸਟ ਖੇਡ ਰਹੇ ਹਨ। ਹੁਣ ਤੱਕ ਉਨ੍ਹਾਂ ਨੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 493 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਕੁੱਲ 59 ਚੌਕੇ ਅਤੇ ਇਕ ਛੱਕਾ ਨਿਕਲਿਆ। ਇਸ ਦੇ ਨਾਲ ਹੀ ਉਨ੍ਹਾਂ ਦਾ ਬੱਲੇਬਾਜ਼ੀ ਔਸਤ 70 ਤੋਂ ਵੱਧ ਹੈ। ਸਾਊਦ ਬਹੁਤ ਹੀ ਜੁਝਾਰੂ ਬੱਲੇਬਾਜ਼ ਹਨ ਅਤੇ ਹਰ ਕੋਈ ਉਨ੍ਹਾਂ ਦੇ ਸਬਰ, ਐਪਲੀਕੇਸ਼ ਅਤੇ ਟੈਂਪਰਾਮੈਂਟ ਦੀ ਤਾਰੀਫ਼ ਕਰ ਰਿਹਾ ਹੈ।


ਸਰਫਰਾਜ਼ ਨੇ ਲਗਾਈ ਅਰਧ ਸੈਂਕੜੇ ਦੀ ਹੈਟ੍ਰਿਕ


ਦੂਜੇ ਪਾਸੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਤੋਂ ਲਗਭਗ ਚਾਰ ਸਾਲ ਬਾਅਦ ਪਾਕਿਸਤਾਨ ਦੀ ਟੈਸਟ ਟੀਮ 'ਚ ਵਾਪਸੀ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਅਹਿਮਦ ਨੇ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਵੀ ਅਰਧ ਸੈਂਕੜਾ ਜੜਿਆ। ਖ਼ਬਰ ਲਿਖੇ ਜਾਣ ਤੱਕ ਉਹ 55 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਉਸ ਨੇ ਪਹਿਲੇ ਟੈਸਟ ਦੀਆਂ ਦੋਵੇਂ ਪਾਰੀਆਂ 'ਚ ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ 86 ਅਤੇ ਦੂਜੀ ਪਾਰੀ ਵਿੱਚ 53 ਦੌੜਾਂ ਬਣਾਈਆਂ ਸਨ।