Champions Trophy Final Venue: ਜਦੋਂ ਚੈਂਪੀਅਨਜ਼ ਟਰਾਫੀ 2025 ਟੂਰਨਾਮੈਂਟ ਸ਼ੁਰੂ ਵੀ ਨਹੀਂ ਹੋਇਆ ਸੀ, ਉਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਸੰਘਰਸ਼ ਚੱਲ ਰਿਹਾ ਸੀ। ਅੰਤ ਵਿੱਚ ਟੀਮ ਇੰਡੀਆ ਲਈ ਇੱਕ ਹਾਈਬ੍ਰਿਡ ਮਾਡਲ ਅਪਣਾਇਆ ਗਿਆ, ਜਿਸ ਕਾਰਨ ਇਸਦੇ ਮੈਚ ਦੁਬਈ ਵਿੱਚ ਹੋਏ। 
ਸ਼ਡਿਊਲ ਅਨੁਸਾਰ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਲਾਹੌਰ ਵਿੱਚ ਖੇਡਿਆ ਜਾਣਾ ਸੀ, ਪਰ ਭਾਰਤ ਦੇ ਫਾਈਨਲ ਵਿੱਚ ਪਹੁੰਚਣ ਕਾਰਨ ਫਾਈਨਲ ਦਾ ਸਥਾਨ ਲਾਹੌਰ ਤੋਂ ਬਦਲ ਕੇ ਦੁਬਈ ਕਰ ਦਿੱਤਾ ਗਿਆ ਹੈ। ਇਸ ਬਦਲਾਅ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।


ਕਿੰਨੇ ਕਰੋੜਾਂ ਦਾ ਹੋਇਆ ਨੁਕਸਾਨ ?


ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ICC ਨੇ ਚੈਂਪੀਅਨਜ਼ ਟਰਾਫੀ 2025 ਟੂਰਨਾਮੈਂਟ ਲਈ ਕੁੱਲ 586 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਸੀ। ਟੂਰਨਾਮੈਂਟ ਵਿੱਚ ਕੁੱਲ 15 ਮੈਚ ਖੇਡੇ ਜਾਣੇ ਸਨ ਤੇ ਹਰੇਕ ਮੈਚ ਲਈ ਲਗਭਗ 39 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਹੁਣ ਤੱਕ ਭਾਰਤ ਦੇ 4 ਮੈਚ, ਜਿਨ੍ਹਾਂ ਵਿੱਚ ਸੈਮੀਫਾਈਨਲ ਵੀ ਸ਼ਾਮਲ ਹੈ, ਦੁਬਈ ਵਿੱਚ ਖੇਡੇ ਜਾ ਚੁੱਕੇ ਹਨ, ਜਦੋਂ ਕਿ ਅਸਲ ਸ਼ਡਿਊਲ ਅਨੁਸਾਰ, ਇਹ ਸਾਰੇ ਚਾਰ ਮੈਚ ਪਾਕਿਸਤਾਨ ਵਿੱਚ ਖੇਡੇ ਜਾਣੇ ਸਨ।



ਭਾਰਤੀ ਟੀਮ ਦੇ ਚਾਰ ਮੈਚਾਂ ਕਾਰਨ ਪੀਸੀਬੀ ਨੂੰ ਹੁਣ ਤੱਕ 156 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਭਾਰਤ ਫਾਈਨਲ ਵਿੱਚ ਪਹੁੰਚ ਗਿਆ ਹੈ, ਇਸ ਲਈ ਇਹ ਦੁਬਈ ਵਿੱਚ ਵੀ ਖੇਡਿਆ ਜਾਵੇਗਾ। ਇਸ ਕਾਰਨ ਪਾਕਿਸਤਾਨ ਦਾ ਕੁੱਲ ਨੁਕਸਾਨ 195 ਕਰੋੜ ਰੁਪਏ ਤੱਕ ਪਹੁੰਚਣ ਵਾਲਾ ਹੈ।


ਸਟੇਡੀਅਮਾਂ ਤੇ ਹੋਇਆ ਖ਼ਰਚਾ ਹੋਇਆ ਬੇਕਾਰ !


ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਮੈਦਾਨਾਂ ਦੀ ਮੁਰੰਮਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਰਾਵਲਪਿੰਡੀ, ਕਰਾਚੀ ਅਤੇ ਲਾਹੌਰ ਦੇ ਮੈਦਾਨਾਂ ਦੇ ਨਵੀਨੀਕਰਨ ਲਈ 500 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾਈ ਗਈ ਸੀ। ਪੀਸੀਬੀ ਨੂੰ ਉਮੀਦ ਸੀ ਕਿ ਉਸਾਰੀ ਦਾ ਕੰਮ ਪੂਰਾ ਹੋਣ ਤੋਂ ਬਾਅਦ, ਮੈਦਾਨ ਦਰਸ਼ਕਾਂ ਨਾਲ ਭਰ ਜਾਵੇਗਾ, ਪਰ ਉਮੀਦ ਨਾਲੋਂ ਘੱਟ ਲੋਕ ਮੈਚ ਦੇਖਣ ਲਈ ਆਏ। ਪਾਕਿਸਤਾਨ ਦੇ ਗਰੁੱਪ ਪੜਾਅ ਵਿੱਚੋਂ ਬਾਹਰ ਹੋਣ ਅਤੇ ਦੋ ਮੈਚ ਮੀਂਹ ਕਾਰਨ ਰੱਦ ਹੋਣ ਕਾਰਨ ਸਥਿਤੀ ਹੋਰ ਵੀ ਵਿਗੜ ਗਈ। ਪੀਸੀਬੀ ਨੂੰ ਰਾਵਲਪਿੰਡੀ ਦੇ ਮੈਦਾਨ ਵਿੱਚ ਟਾਸ ਕੀਤੇ ਬਿਨਾਂ ਰੱਦ ਕੀਤੇ ਗਏ ਮੈਚਾਂ ਦੇ ਟਿਕਟ ਦੇ ਪੈਸੇ ਵੀ ਵਾਪਸ ਕਰਨੇ ਪਏ।