ICC Cricket World Cup 2023: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੈਚ ਕੁਝ ਹੀ ਘੰਟਿਆਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਖਾਸ ਤੌਰ 'ਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਪੂਰੇ ਸੀਜ਼ਨ 'ਚ ਇੱਕ ਵੀ ਮੈਚ ਨਹੀਂ ਹਾਰਿਆ ਤੇ ਇਸ ਦਾ ਵੱਡਾ ਕਾਰਨ ਮੁਹੰਮਦ ਸ਼ਮੀ ਹੈ। ਟੀਮ ਇੰਡੀਆ ਤੇ ਭਾਰਤ ਦੇ ਸਾਰੇ ਪ੍ਰਸ਼ੰਸਕਾਂ ਨੂੰ ਵੀ ਫਾਈਨਲ ਮੈਚ 'ਚ ਮੁਹੰਮਦ ਸ਼ਮੀ ਤੋਂ ਕਾਫੀ ਉਮੀਦਾਂ ਹਨ।



ਫਾਈਨਲ ਮੈਚ 'ਚ ਪੂਰੇ ਦੇਸ਼ ਦੀਆਂ ਉਮੀਦਾਂ ਸ਼ਮੀ ਤੋਂ 



ਮੁਹੰਮਦ ਸ਼ਮੀ ਨੂੰ ਇਸ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ 'ਚ ਨਹੀਂ ਖਿਡਾਇਆ ਗਿਆ ਸੀ ਪਰ ਜਦੋਂ ਤੋਂ ਉਨ੍ਹਾਂ ਨੂੰ ਮੌਕਾ ਮਿਲਿਆ, ਫਿਰ ਕੋਈ ਵੀ ਉਨ੍ਹਾਂ ਨੂੰ ਦੁਬਾਰਾ ਟੀਮ ਤੋਂ ਬਾਹਰ ਨਹੀਂ ਕਰ ਸਕਿਆ। ਮੁਹੰਮਦ ਸ਼ਮੀ ਨੇ ਧਰਮਸ਼ਾਲਾ 'ਚ ਨਿਊਜ਼ੀਲੈਂਡ ਖਿਲਾਫ ਮੈਚ ਖੇਡਿਆ ਤੇ ਪਹਿਲੇ ਮੈਚ 'ਚ ਹੀ 5 ਵਿਕਟਾਂ ਲਈਆਂ। 


ਇਸ ਤੋਂ ਬਾਅਦ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਸਿਰਫ 6 ਮੈਚਾਂ 'ਚ 23 ਵਿਕਟਾਂ ਲੈ ਕੇ ਇਸ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਏ ਸੈਮੀਫਾਈਨਲ ਮੈਚ 'ਚ ਵੀ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਮੈਚ 'ਚ ਵੀ ਸ਼ਮੀ ਨੇ ਨਿਊਜ਼ੀਲੈਂਡ ਦੇ 7 ਬੱਲੇਬਾਜ਼ਾਂ ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ ਸੀ ਤੇ ਖੁਦ 'ਪਲੇਅਰ ਆਫ ਦ ਮੈਚ' ਬਣੇ।



ਮਸ਼ੀਨ ਵਾਂਗ ਗੇਂਦਬਾਜ਼ੀ ਕਰਦੇ



ਈਐਸਪੀਐਨ ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ, ਉਨ੍ਹਾਂ ਦੇ ਕੋਚ ਬਦਰੂਦੀਨ, ਜਿਨ੍ਹਾਂ ਨੇ ਸ਼ਮੀ ਨੂੰ ਬਚਪਨ ਵਿੱਚ ਟ੍ਰੇਂਡ ਸੀ, ਨੇ ਕਿਹਾ ਕਿ ਸ਼ਮੀ ਨੇ ਲੌਕਡਾਊਨ ਦੌਰਾਨ ਆਪਣੀ ਗੇਂਦਬਾਜ਼ੀ 'ਤੇ ਕਾਫੀ ਮਿਹਨਤ ਕੀਤੀ ਸੀ। ਉਹ ਆਪਣੇ ਪਿੰਡ ਆ ਕੇ ਆਪਣੇ ਭਰਾ ਨੂੰ ਬੌਲਿੰਗ ਕਰਦੇ ਸੀ। ਮੁਹੰਮਦ ਸ਼ਮੀ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਆਪਣੇ ਭਰਾ ਨੂੰ ਗੇਂਦਬਾਜ਼ੀ ਕਰਦੇ ਰਹਿੰਦੇ ਸਨ, ਯਾਨੀ ਉਹ ਹਰ ਰੋਜ਼ 8 ਘੰਟੇ ਉਸੇ ਜਗ੍ਹਾ 'ਤੇ ਗੇਂਦਬਾਜ਼ੀ ਦਾ ਅਭਿਆਸ ਕਰਦੇ ਸਨ। ਇਸ ਲਈ ਸਾਨੂੰ ਲੱਗਦਾ ਸੀ ਕਿ ਉਹ ਬੌਲਿੰਗ ਮਸ਼ੀਨ ਸੀ, ਜੋ ਲਗਾਤਾਰ ਗੇਂਦ ਨੂੰ ਉਸੇ ਥਾਂ 'ਤੇ ਸੁੱਟ ਰਹੇ ਸੀ।


ਸ਼ਮੀ ਨੇ ਗਿੱਲੀ ਗੇਂਦ ਨਾਲ ਵੀ ਕੀਤਾ ਅਭਿਆਸ 



ਸ਼ਮੀ ਦੇ ਕੋਚ ਨੇ ਦੱਸਿਆ ਕਿ ''ਸ਼ਮੀ ਇੱਕ ਹੀ ਪਿੱਚ 'ਤੇ ਕਈ ਘੰਟੇ ਲਗਾਤਾਰ ਗੇਂਦਬਾਜ਼ੀ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਦੇ ਕੋਚ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਸ਼ਮੀ ਨੇ ਤ੍ਰੇਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਭਿਆਸ ਵੀ ਕੀਤਾ। ਮੈਦਾਨ 'ਤੇ ਤ੍ਰੇਲ ਕਾਰਨ ਗੇਂਦਬਾਜ਼ਾਂ ਨੂੰ ਰਾਤ ਵੇਲੇ ਗੇਂਦ ਫੜਨ ਤੇ ਸਹੀ ਗੇਂਦਬਾਜ਼ੀ ਕਰਨ 'ਚ ਮੁਸ਼ਕਲ ਆਉਂਦੀ ਹੈ ਪਰ ਸ਼ਮੀ ਨੇ ਰਾਤ ਨੂੰ ਗਿੱਲੀ ਗੇਂਦ ਨਾਲ ਗੇਂਦਬਾਜ਼ੀ ਦਾ ਕਾਫੀ ਅਭਿਆਸ ਕੀਤਾ ਹੈ, ਤਾਂ ਜੋ ਲੋੜ ਪੈਣ 'ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।