IND vs AUS 2023: ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦਾ ਚੌਥਾ ਮੈਚ 9 ਮਾਰਚ ਤੋਂ ਅਹਿਮਦਾਬਾਦ 'ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਆਪਣੀ ਪਲੇਇੰਗ ਇਲੈਵਨ 'ਚ ਵੱਡਾ ਬਦਲਾਅ ਕਰ ਸਕਦੀ ਹੈ। ਭਾਰਤੀ ਟੀਮ ਨੇ ਇਸ ਪੂਰੀ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਇਕ ਖਿਡਾਰੀ ਦੀ ਕਮੀ ਮਹਿਸੂਸ ਕੀਤੀ ਹੈ ਅਤੇ ਉਸ ਦਾ ਨਾਂ ਰਿਸ਼ਭ ਪੰਤ ਹੈ। ਪੰਤ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਮੱਧਕ੍ਰਮ 'ਚ ਆ ਕੇ ਮੈਚ ਦਾ ਰੁਖ ਮੋੜ ਦਿੱਤਾ। ਹੁਣ ਭਾਰਤੀ ਟੀਮ ਈਸ਼ਾਨ ਕਿਸ਼ਨ ਤੋਂ ਵੀ ਇਹੀ ਉਮੀਦ ਕਰ ਰਹੀ ਹੈ।


ਮੌਜੂਦਾ ਭਾਰਤੀ ਟੀਮ ਦੇ ਨਾਲ ਈਸ਼ਾਨ ਕਿਸ਼ਨ ਮੌਜੂਦ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਚੌਥੇ ਟੈਸਟ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਕੇਐੱਸ ਭਰਤ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਦੇ ਸਕਦੇ ਹਨ। ਕੇਐਸ ਭਰਤ ਨੂੰ ਪਹਿਲੇ ਤਿੰਨ ਟੈਸਟ ਮੈਚਾਂ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ ਸੀ, ਪਰ ਉਹ ਬੱਲੇ ਨਾਲ ਕੁਝ ਕਮਾਲ ਨਹੀਂ ਕਰ ਸਕੇ ਅਤੇ ਵਿਕਟਕੀਪਿੰਗ ਦੇ ਮਾਮਲੇ ਵਿੱਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।


ਭਾਰਤੀ ਟੀਮ ਦੀ ਬੱਲੇਬਾਜ਼ੀ ਪੂਰੀ ਸੀਰੀਜ਼ 'ਚ ਦੌੜਾਂ ਬਣਾਉਣ ਲਈ ਸੰਘਰਸ਼ ਕਰਦੀ ਰਹੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਚੌਥੇ ਅਤੇ ਆਖਰੀ ਟੈਸਟ ਮੈਚ 'ਚ ਕੇਐੱਸ ਭਰਤ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰ ਸਕਦੇ ਹਨ। ਇਸ ਦੇ ਮੁੱਖ ਤੌਰ 'ਤੇ ਦੋ ਕਾਰਨ ਹੋ ਸਕਦੇ ਹਨ।


ਈਸ਼ਾਨ ਨੂੰ ਟੀਮ 'ਚ ਸ਼ਾਮਲ ਕਰਨ ਦੇ ਦੋ ਕਾਰਨ 



ਪਹਿਲਾ ਕਾਰਨ ਇਹ ਹੋਵੇਗਾ ਕਿ ਈਸ਼ਾਨ ਕਿਸ਼ਨ ਖੱਬੇ ਹੱਥ ਦਾ ਬੱਲੇਬਾਜ਼ ਹੈ। ਭਾਰਤੀ ਟੀਮ ਦੇ ਮੌਜੂਦਾ ਪਲੇਇੰਗ ਇਲੈਵਨ 'ਚ ਟਾਪ-5 'ਚ ਕੋਈ ਵੀ ਖੱਬੇ ਹੱਥ ਦਾ ਬੱਲੇਬਾਜ਼ ਨਹੀਂ ਹੈ ਅਤੇ ਇਸ ਲਈ ਰਵਿੰਦਰ ਜਡੇਜਾ ਨੂੰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਣਾ ਪਿਆ। ਜੇ ਈਸ਼ਾਨ ਕਿਸ਼ਨ ਖੱਬੇ ਹੱਥ ਦੇ ਬੱਲੇਬਾਜ਼ ਦੇ ਤੌਰ 'ਤੇ ਪੰਜਵੇਂ ਨੰਬਰ 'ਤੇ ਆਉਂਦੇ ਹਨ ਤਾਂ ਆਸਟ੍ਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਨੂੰ ਕੁਝ ਪਰੇਸ਼ਾਨੀ ਹੋ ਸਕਦੀ ਹੈ।


ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ ਦਾ ਹਿੱਸਾ ਬਣਾਉਣ ਦਾ ਇਕ ਹੋਰ ਕਾਰਨ ਉਸ ਦੀ ਹਮਲਾਵਰ ਬੱਲੇਬਾਜ਼ੀ ਹੋ ਸਕਦੀ ਹੈ। ਈਸ਼ਾਨ ਕਿਸ਼ਨ ਨੇ ਹਾਲ ਹੀ 'ਚ ਬਹੁਤ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਵਨਡੇ 'ਚ ਦੋਹਰਾ ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਟੀ-20 ਫਾਰਮੈਟ 'ਚ ਵੀ ਉਸ ਦੀ ਤੇਜ਼ ਬੱਲੇਬਾਜ਼ੀ ਨੂੰ ਹਰ ਕੋਈ ਜਾਣਦਾ ਹੈ। ਇਸ ਲਈ ਉਹ ਪੰਜਵੇਂ ਨੰਬਰ 'ਤੇ ਆ ਕੇ ਰਿਸ਼ਭ ਪੰਤ ਵਾਂਗ ਜਵਾਬੀ ਹਮਲੇ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ।


ਭਾਰਤ-ਆਸਟ੍ਰੇਲੀਆ ਦੀ ਇਸ ਸੀਰੀਜ਼ 'ਤੇ ਨਜ਼ਰ ਮਾਰੀਏ ਤਾਂ ਭਾਰਤ ਪਹਿਲੇ ਦੋ ਟੈਸਟ ਮੈਚ ਜਿੱਤ ਕੇ ਸੀਰੀਜ਼ 'ਚ 2-1 ਨਾਲ ਅੱਗੇ ਹੈ। ਭਾਰਤ ਨੂੰ ਤੀਜੇ ਟੈਸਟ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਜੇਕਰ ਭਾਰਤ ਨੇ ਸੀਰੀਜ਼ 'ਤੇ ਕਬਜ਼ਾ ਕਰਨਾ ਹੈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣਾ ਹੈ ਤਾਂ ਆਸਟ੍ਰੇਲੀਆ ਨੂੰ ਅਹਿਮਦਾਬਾਦ ਟੈਸਟ 'ਚ ਹਰਾਉਣਾ ਹੋਵੇਗਾ।