Cheteshwar Pujara On His 100th Test: ਭਾਰਤੀ ਟੈਸਟ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਿੱਲੀ 'ਚ ਆਸਟ੍ਰੇਲੀਆ ਖ਼ਿਲਾਫ਼ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣਗੇ। ਉਹ 100 ਜਾਂ ਇਸ ਤੋਂ ਵੱਧ ਟੈਸਟ ਖੇਡਣ ਵਾਲੇ ਭਾਰਤ ਦੇ 13ਵੇਂ ਕ੍ਰਿਕਟਰ ਹੋਣਗੇ। ਪੁਜਾਰਾ ਨੇ ਆਪਣੇ 100ਵੇਂ ਟੈਸਟ ਤੋਂ ਪਹਿਲਾਂ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿੰਨਾ ਸਮਾਂ ਹੋਰ ਖੇਡਣਗੇ, ਇਸ ਬਾਰੇ ਨਹੀਂ, ਸਗੋਂ ਸਿਰਫ਼ ਇਕ ਵਾਰ 'ਚ ਇਕ ਹੀ ਮੈਚ ਬਾਰੇ ਸੋਚਦੇ ਹਨ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਟੈਸਟ ਮੈਚ 17 ਫ਼ਰਵਰੀ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ।


ਪੈਸ਼ਨ ਹੀ ਬਣਿਆ ਪ੍ਰੋਫੈਸ਼ਨ


ਈਐਸਪੀਐਲਨ ਕ੍ਰਿਕ ਇਨਫੋ ਨਾਲ ਗੱਲ ਕਰਦੇ ਹੋਏ ਚੇਤੇਸ਼ਵਰ ਪੁਜਾਰਾ ਨੇ ਕਿਹਾ, "ਮੈਂ ਆਪਣੇ ਲਈ ਕੋਈ ਟੀਚਾ ਤੈਅ ਨਹੀਂ ਕਰਨਾ ਚਾਹੁੰਦਾ। ਮੈਂ ਵਰਤਮਾਨ 'ਚ ਰਹਿਣਾ ਚਾਹੁੰਦਾ ਹਾਂ। ਇਹ ਸੋਚਣ ਦੀ ਬਜਾਏ ਕਿ ਮੈਂ ਕਿੰਨਾ ਸਮਾਂ ਖੇਡ ਸਕਦਾ ਹਾਂ, ਮੈਂ ਇਕ ਵਾਰ 'ਚ ਇਕ ਟੈਸਟ ਮੈਚ ਬਾਰੇ ਸੋਚਦਾ ਹਾਂ।" ਪੁਜਾਰਾ ਨੇ ਅੱਗੇ ਕਿਹਾ, "ਖੇਡ ਦਾ ਮਜ਼ਾ ਲੈਣਾ ਜ਼ਰੂਰੀ ਹੈ। ਤੁਹਾਡਾ ਖੇਡ ਦੇ ਸਿਖਰ 'ਤੇ ਹੋਣਾ ਮਹੱਤਵਪੂਰਨ ਹੈ। ਜਦੋਂ ਤੁਸੀਂ ਯੋਗਦਾਨ ਪਾਉਣ ਦੇ ਯੋਗ ਨਹੀਂ ਹੁੰਦੇ ਜਾਂ ਤੁਸੀਂ ਆਪਣੀਆਂ ਕਾਬਲੀਅਤਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ ਹੋ ਤਾਂ ਤੁਸੀਂ ਅਗਲੇ ਕਦਮ 'ਤੇ ਵਿਚਾਰ ਕਰ ਸਕਦੇ ਹੋ। ਮੈਂ ਹਾਲੇ 35 ਸਾਲ ਦਾ ਹੋਇਆ ਹਾਂ। ਮੇਰੇ ਕੋਲ ਅਜੇ ਵੀ ਕੁਝ ਸਮਾਂ ਹੈ।" ਪੁਜਾਰਾ ਮੁਤਾਬਕ ਮੇਰਾ ਪੈਸ਼ਨ ਹੀ ਮੇਰਾ ਪ੍ਰੋਫੈਸ਼ਨ ਬਣ ਗਿਆ ਹੈ।


2010 'ਚ ਕੀਤਾ ਸੀ ਡੈਬਿਊ


ਚੇਤੇਸ਼ਵਰ ਪੁਜਾਰਾ ਨੇ ਅਕਤੂਬਰ 2010 'ਚ ਬੰਗਲੁਰੂ ਵਿੱਚ ਆਸਟ੍ਰੇਲੀਆ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੁਜਾਰਾ ਨੇ 99 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਰਿਕਾਰਡ ਕਾਇਮ ਕੀਤੇ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਲਈ ਕਈ ਟੈਸਟ ਜਿੱਤੇ ਹਨ। ਪੁਜਾਰਾ ਨੇ 99 ਟੈਸਟ ਮੈਚਾਂ ਦੀਆਂ 169 ਪਾਰੀਆਂ 'ਚ 7021 ਦੌੜਾਂ ਬਣਾਈਆਂ ਹਨ। ਕ੍ਰਿਕਟ ਦੇ ਸਭ ਤੋਂ ਵੱਡੇ ਫਾਰਮੈਟ 'ਚ ਉਨ੍ਹਾਂ ਦੇ ਨਾਂਅ 19 ਸੈਂਕੜੇ ਅਤੇ 34 ਅਰਧ ਸੈਂਕੜੇ ਹਨ। ਟੈਸਟ ਕ੍ਰਿਕਟ 'ਚ ਉਨ੍ਹਾਂ ਦਾ ਸਰਵੋਤਮ ਸਕੋਰ ਅਜੇਤੂ 206 ਦੌੜਾਂ ਹਨ।


WTC ਫਾਈਨਲ ਲਈ ਜਿੱਤ ਜ਼ਰੂਰੀ


100ਵੇਂ ਟੈਸਟ ਦੌਰਾਨ ਪੁਜਾਰਾ ਨੂੰ ਚੀਅਰ ਕਰਨ ਲਈ ਉਨ੍ਹਾਂ ਦਾ ਪਰਿਵਾਰ ਅਰੁਣ ਜੇਤਲੀ ਸਟੇਡੀਅਮ 'ਚ ਮੌਜੂਦ ਰਹੇਗਾ। ਗੱਲਬਾਤ ਦੌਰਾਨ ਪੁਜਾਰਾ ਨੇ ਕਿਹਾ, "ਹਾਂ ਇਹ ਮੇਰਾ 100ਵਾਂ ਟੈਸਟ ਹੋਵੇਗਾ। ਪਰ ਅਜੇ ਵੀ ਟੀਮ ਲਈ ਬਹੁਤ ਕੰਮ ਕਰਨਾ ਹੈ। ਅਸੀਂ ਆਸਟ੍ਰੇਲੀਆ ਦੇ ਖ਼ਿਲਾਫ਼ ਅਹਿਮ ਸੀਰੀਜ਼ ਖੇਡ ਰਹੇ ਹਾਂ।" ਪੁਜਾਰਾ ਮੁਤਾਬਕ ਦੂਜਾ ਮੈਚ ਮੇਰਾ 100ਵਾਂ ਟੈਸਟ ਹੋਵੇਗਾ, ਪਰ ਇਸ ਤੋਂ ਬਾਅਦ 2 ਹੋਰ ਟੈਸਟ ਹੋਣਗੇ, ਜਿਨ੍ਹਾਂ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਜਿੱਤਣਾ ਬਹੁਤ ਜ਼ਰੂਰੀ ਹੋਵੇਗਾ।