IND vs AUS, WTC Final 2023- Innings Highlights: ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ 209 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕੀਤਾ ਕਬਜ਼ਾ
ਆਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਉਹਨਾਂ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਮੈਚ ਦੇ ਆਖਰੀ ਦਿਨ ਟੀਮ ਇੰਡੀਆ ਦੂਜੀ ਪਾਰੀ 'ਚ 234 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ।
WTC Final 2023 IND vs AUS: ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਦੂਜੇ ਐਡੀਸ਼ਨ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇਸ ਇਤਿਹਾਸਕ ਮੈਚ ਵਿੱਚ ਭਾਰਤੀ ਟੀਮ ਨੂੰ ਮੈਚ ਦੀ ਚੌਥੀ ਪਾਰੀ ਵਿੱਚ ਜਿੱਤ ਲਈ 444 ਦੌੜਾਂ ਦਾ ਟੀਚਾ ਮਿਲਿਆ ਪਰ ਟੀਮ ਇੰਡੀਆ ਖੇਡ ਦੇ 5ਵੇਂ ਦਿਨ 234 ਦੌੜਾਂ 'ਤੇ ਸਿਮਟ ਗਈ। ਆਸਟ੍ਰੇਲੀਆ ਲਈ ਇਸ ਪਾਰੀ 'ਚ ਨਾਥਨ ਲਿਓਨ ਨੇ 4 ਵਿਕਟਾਂ ਜਦਕਿ ਸਕਾਟ ਬੋਲੈਂਡ ਨੇ 3 ਵਿਕਟਾਂ ਲਈਆਂ।
ਭਾਰਤੀ ਟੀਮ ਦੀਆਂ ਉਮੀਦਾਂ ਆਖਰੀ ਦਿਨ ਪਹਿਲੇ ਸੈਸ਼ਨ ਵਿੱਚ ਹੀ ਹੋ ਗਈਆਂ ਖਤਮ
ਫਾਈਨਲ ਮੈਚ 'ਚ ਜਦੋਂ ਚੌਥੇ ਦਿਨ ਦੀ ਖੇਡ ਖਤਮ ਹੋਈ ਤਾਂ ਉਸ ਸਮੇਂ ਭਾਰਤੀ ਟੀਮ ਨੇ 3 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਆਖਰੀ ਦਿਨ ਉਸ ਨੂੰ ਜਿੱਤ ਲਈ 280 ਹੋਰ ਦੌੜਾਂ ਦੀ ਲੋੜ ਸੀ ਪਰ 5ਵੇਂ ਦਿਨ ਦੇ ਪਹਿਲੇ ਸੈਸ਼ਨ 'ਚ ਭਾਰਤੀ ਟੀਮ ਨੂੰ 179 ਦੇ ਸਕੋਰ 'ਤੇ 2 ਵੱਡੇ ਝਟਕੇ ਲੱਗੇ। ਇਸ ਵਿੱਚ ਵਿਰਾਟ ਕੋਹਲੀ ਦੀ ਵੱਡੀ ਵਿਕਟ ਵੀ ਸ਼ਾਮਲ ਹੈ।
ਕੋਹਲੀ ਨੇ ਸਕਾਟ ਬੋਲੈਂਡ ਦੀ ਆਫ ਸਟੰਪ ਤੋਂ ਬਾਹਰ ਜਾ ਰਹੀ ਗੇਂਦ 'ਤੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਦੇ ਬਾਹਰੀ ਕਿਨਾਰੇ ਨੂੰ ਲੈ ਕੇ ਸਿੱਧੀ ਸਲਿਪ ਵੱਲ ਚਲੀ ਗਈ ਜਿੱਥੇ ਸਟੀਵ ਸਮਿਥ ਨੇ ਹਵਾ ਵਿੱਚ ਡਾਈਵਿੰਗ ਕਰਦੇ ਹੋਏ ਕੈਚ ਲੈ ਕੇ ਆਪਣੀ ਟੀਮ ਨੂੰ ਵੱਡੀ ਸਫਲਤਾ ਦਿਵਾਈ। ਕੋਹਲੀ 49 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਕ ਹੀ ਓਵਰ 'ਚ 2 ਝਟਕਿਆਂ ਕਾਰਨ ਭਾਰਤੀ ਟੀਮ ਮੈਚ 'ਚ ਪੂਰੀ ਤਰ੍ਹਾਂ ਬੈਕਫੁੱਟ 'ਤੇ ਆ ਗਈ। ਅਜਿੰਕਿਆ ਰਹਾਣੇ ਨੇ ਕੇਐੱਲ ਭਰਤ ਦੇ ਨਾਲ ਇੱਥੇ ਤੋਂ ਸਕੋਰ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। ਦੋਵਾਂ ਵਿਚਾਲੇ ਛੇਵੇਂ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ।
ਸਟਾਰਕ ਨੇ ਰਹਾਣੇ ਨੂੰ ਪੈਵੇਲੀਅਨ ਭੇਜ ਕੇ ਆਸਟਰੇਲੀਆ ਦੀ ਕਰ ਦਿੱਤੀ ਜਿੱਤ ਪੱਕੀ
ਮਿਸ਼ੇਲ ਸਟਾਰਕ ਨੇ 46 ਦੇ ਨਿੱਜੀ ਸਕੋਰ 'ਤੇ ਪਵੇਲੀਅਨ ਪਰਤਣ ਵਾਲੇ ਅਜਿੰਕਿਆ ਰਹਾਣੇ ਦੇ ਰੂਪ 'ਚ 212 ਦੇ ਸਕੋਰ 'ਤੇ ਆਸਟ੍ਰੇਲੀਆਈ ਟੀਮ ਨੂੰ ਇਸ ਮੈਚ 'ਚ ਛੇਵੀਂ ਸਫਲਤਾ ਦਿਵਾਈ। ਇੱਥੋਂ ਆਸਟ੍ਰੇਲੀਅਨ ਟੀਮ ਦੀ ਜਿੱਤ ਪੂਰੀ ਤਰ੍ਹਾਂ ਪੱਕੀ ਹੋ ਗਈ। ਨਾਥਨ ਲਿਓਨ ਨੇ ਮੁਹੰਮਦ ਸਿਰਾਜ ਨੂੰ 234 ਦੇ ਸਕੋਰ 'ਤੇ ਪੈਵੇਲੀਅਨ ਭੇਜ ਕੇ ਭਾਰਤੀ ਟੀਮ ਦੀ ਦੂਜੀ ਪਾਰੀ ਦਾ ਅੰਤ ਕੀਤਾ।
ਆਸਟ੍ਰੇਲੀਆ ਲਈ ਇਸ ਪਾਰੀ 'ਚ ਆਫ ਸਪਿਨਰ ਨਾਥਨ ਲਿਓਨ ਨੇ 4 ਵਿਕਟਾਂ ਲਈਆਂ ਜਦਕਿ ਸਕਾਟ ਬੋਲੈਂਡ ਨੇ 3 ਵਿਕਟਾਂ, ਮਿਸ਼ੇਲ ਸਟਾਰਕ ਨੇ 2 ਵਿਕਟਾਂ ਜਦਕਿ ਕਪਤਾਨ ਪੈਟ ਕਮਿੰਸ ਨੇ 1 ਵਿਕਟ ਹਾਸਲ ਕੀਤੀ। ਇਸ ਮੈਚ ਨੂੰ ਜਿੱਤਣ ਦੇ ਨਾਲ, ਆਸਟ੍ਰੇਲੀਆ ਹੁਣ ਵਿਸ਼ਵ ਕ੍ਰਿਕਟ ਦੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਸਾਰੀਆਂ ICC ਟਰਾਫੀਆਂ ਜਿੱਤੀਆਂ ਹਨ।