India vs England 2nd Test: ਭਾਰਤ ਤੇ ਇੰਗਲੈਂਡ ਵਿਚਾਲੇ ਲੌਡਰਸ ਦੇ ਇਤਿਹਾਸਕ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ 364 ਰਨਾਂ 'ਤੇ ਆਲਆਊਟ ਹੋ ਗਈ। ਭਾਰਤ ਲਈ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ 250 ਗੇਂਦਾਂ 'ਤੇ 12 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ 129 ਰਨ ਬਣਾਏ। ਉੱਥੇ ਹੀ ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ 62 ਦੌੜਾਂ ਦੇਕੇ ਪੰਜ ਵਿਕੇਟ ਝਟਕਾਏ।


ਇਸ ਤੋਂ ਪਹਿਲਾਂ ਭਾਰਤ ਨੇ ਅੱਜ ਸਵੇਰੇ ਤਿੰਨ ਵਿਕਟਾਂ ਤੇ 276 ਰਨ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਰਾਹੁਲ 127 ਤੇ ਅਜਿੰਕਯ ਰਹਾਣੇ ਨੇ ਇਕ ਰਨ ਨਾਲ ਅੱਗੇ ਪਾਰੀ ਵਧਾਈ। ਹਾਲਾਂਕਿ ਰਾਹੁਲ ਜ਼ਿਆਦਾ ਦੇਰ ਨਹੀਂ ਟਿਕ ਸਕੇ ਤੇ ਕੱਲ੍ਹ ਦੇ ਸਕੋਰ 'ਚ ਸਿਰਫ਼ ਦੋ ਰਨ ਜੋੜ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਹਾਣੇ ਵੀ ਆਪਣਾ ਵਿਕੇਟ ਗਵਾ ਬੈਠੇ। ਉਨ੍ਹਾਂ 23 ਗੇਂਦਾਂ 'ਤੇ ਇਕ ਰਨ ਬਣਾਇਆ।


ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਨੇ ਫਿਰ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਦੋਵਾਂ ਬੱਲੇਬਾਜਾਂ ਨੇ ਛੇਵੇਂ ਵਿਕੇਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਪੰਤ ਵੁਡ ਦਾ ਸ਼ਿਕਾਰ ਬਣੇ। ਉਨ੍ਹਾਂ 58 ਗੇਂਦਾਂ 'ਤੇ ਪੰਜ ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਪੰਤ ਦੇ ਆਊਟ ਹੋਣ ਤੋਂ ਤੁਰੰਤ ਬਾਅਦ ਹੀ ਨਵੇਂ ਬੱਲੇਬਾਜ਼ ਦੇ ਰੂਪ 'ਚ ਉੱਤਰੇ ਮੋਹੰਮਦ ਸ਼ਮੀ ਖਾਤਾ ਖੋਲ੍ਹੇ ਬਿਨਾਂ ਸੱਤਵੇਂ ਬੱਲੇਬਾਜ਼ ਦੇ ਰੂਪ 'ਚ ਆਊਟ ਹੋ ਗਏ।






ਲੰਚ ਬ੍ਰੇਕ ਤੋਂ ਬਾਅਦ ਭਾਰਤੀ ਪਾਰੀ ਪੂਰੀ ਤਰ੍ਹਾਂ ਲੜਖੜਾ ਗਈ ਤੇ ਐਂਡਰਸਨ ਨੇ ਇਸ਼ਾਂਤ ਸ਼ਰਮਾ (8) ਤੇ ਜਸਪ੍ਰੀਤ ਬੁਮਰਾਹ (0) ਦੇ ਵਿਕੇਟ ਲਏ ਜਦਕਿ ਵੁਡ ਨੇ ਰਵਿੰਦਰ ਜਡੇਜਾ ਨੂੰ ਆਊਟ ਕਰਕੇ ਭਾਰਤੀ ਪਾਰੀ ਸਮੇਟ ਦਿੱਤੀ। ਜਡੇਜਾ ਨੇ 120 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ 40 ਰਨ ਬਣਾਏ। ਉੱਥੇ ਹੀ ਇੰਗਲੈਂਡ ਵੱਲੋਂ ਜੇਮਸ ਐਂਡਰਸਨ ਨੇ ਪੰਜ ਵਿਕੇਟ ਝਟਕਾਏ। ਇਸ ਤੋਂ ਇਲਾਵਾ ਓਲੀ ਰੌਬਿੰਸਨ ਤੇ ਮਾਰਕ ਵਿਡ ਨੇ ਦੋ-ਦੋ ਵਿਕੇਟ ਲਏ ਜਦਕਿ ਮੋਇਨ ਅਲੀ ਨੂੰ ਇਕ ਵਿਕੇਟ ਮਿਲਿਆ।