IND vs ENG 2nd Test: ਟੀਮ ਇੰਡੀਆ ਨੇ ਬੀਤੇ ਦਿਨੀਂ ਲਾਰਡਸ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ। ਇਸ ਇਤਿਹਾਸਕ ਮੈਦਾਨ 'ਤੇ ਟੈਸਟ ਮੈਚਾਂ 'ਚ ਭਾਰਤ ਦੀ ਹੁਣ ਤਕ ਇਹ ਤੀਜੀ ਜਿੱਤ ਹੈ। ਇਸ ਜਿੱਤ ਦੇ ਨਾਲ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਰਤੀ ਕਪਤਾਨਾਂ ਦੀ ਇੱਕ ਉੱਚਤਮ ਸੂਚੀ 'ਚ ਸ਼ਾਮਲ ਹੋ ਗਏ ਹਨ। ਕੋਹਲੀ ਲਾਰਡਸ ਵਿਖੇ ਟੈਸਟ ਮੈਚ ਜਿੱਤਣ ਵਾਲੇ ਦੇਸ਼ ਦੇ ਤੀਜੇ ਕਪਤਾਨ ਬਣ ਗਏ ਹਨ। ਕੋਹਲੀ ਤੋਂ ਪਹਿਲਾਂ ਭਾਰਤ ਦੇ ਮਹਾਨ ਆਲਰਾਊਂਡਰ ਸਾਬਕਾ ਕ੍ਰਿਕਟਰ ਕਪਿਲ ਦੇਵ ਤੇ ਕੈਪਟਨ ਕੂਲ ਮਹਿੰਦਰ ਸਿੰਘ ਧੋਨੀ ਇਹ ਕਾਰਨਾਮਾ ਕਰ ਚੁੱਕੇ ਹਨ।


ਇਸ ਨਾਲ ਕੋਹਲੀ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਏ ਹਨ, ਜਿਨ੍ਹਾਂ ਨੇ ਇੱਕ ਕਪਤਾਨ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤੇ ਹਨ। ਇੰਗਲੈਂਡ ਦੇ ਖ਼ਿਲਾਫ਼ ਦੂਜੇ ਟੈਸਟ ਵਿੱਚ ਜਿੱਤ ਦੇ ਨਾਲ ਉਨ੍ਹਾਂ ਨੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲੋਇਡ ਨੂੰ ਪਿੱਛੇ ਛੱਡਦੇ ਹੋਏ ਇਸ ਸੂਚੀ ਵਿੱਚ ਇਹ ਸਥਾਨ ਪ੍ਰਾਪਤ ਕੀਤਾ ਹੈ।


ਕਪਿਲ ਦੇਵ ਨੇ 1986 'ਚ ਤੇ ਧੋਨੀ ਨੇ 2014 'ਚ ਲਾਰਡਸ ਟੈਸਟ ਜਿੱਤਿਆ ਸੀ


1986 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਨੇ ਲਾਰਡਸ ਵਿੱਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ ਸੀ। ਚੇਤਨ ਸ਼ਰਮਾ ਤੇ ਕਪਿਲ ਦੇਵ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਦਿਲੀਪ ਵੇਂਗਸਰਕਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਇਸ ਮੈਚ ਵਿੱਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ। ਨਾਲ ਹੀ ਇੰਗਲੈਂਡ ਦੇ ਖਿਲਾਫ ਇਸ ਸੀਰੀਜ਼ ਵਿੱਚ ਟੀਮ ਇੰਡੀਆ ਨੇ 2-0 ਨਾਲ ਜਿੱਤ ਪ੍ਰਾਪਤ ਕੀਤੀ।


ਭਾਰਤ ਨੂੰ ਲਾਰਡਸ ਵਿੱਚ ਆਪਣੀ ਦੂਜੀ ਟੈਸਟ ਜਿੱਤ ਲਈ 28 ਸਾਲ ਉਡੀਕ ਕਰਨੀ ਪਈ। ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ 2014 ਵਿੱਚ ਇਸ ਇਤਿਹਾਸਕ ਮੈਦਾਨ ਉੱਤੇ ਆਪਣੀ ਦੂਜੀ ਜਿੱਤ ਪ੍ਰਾਪਤ ਕੀਤੀ। ਇਸ ਮੈਚ ਵਿੱਚ ਅਜਿੰਕਯਾ ਰਹਾਣੇ ਨੇ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ। ਇੰਗਲੈਂਡ ਦੀ ਦੂਜੀ ਪਾਰੀ ਦੇ ਦੌਰਾਨ ਇਸ਼ਾਂਤ ਸ਼ਰਮਾ ਨੇ ਸ਼ਾਨਦਾਰ ਸਪੈੱਲ ਲਗਾਉਂਦੇ ਹੋਏ 7 ਵਿਕਟਾਂ ਲੈ ਕੇ ਮੇਜ਼ਬਾਨ ਟੀਮ ਦੀ ਕਮਰ ਤੋੜ ਦਿੱਤੀ। ਭਾਰਤ ਨੇ ਇਹ ਮੈਚ 95 ਦੌੜਾਂ ਨਾਲ ਜਿੱਤਿਆ।


ਕੋਹਲੀ ਸਭ ਤੋਂ ਸਫਲ ਟੈਸਟ ਕਪਤਾਨਾਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚੇ


ਇਸ ਜਿੱਤ ਦੇ ਨਾਲ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਲਾਈਵ ਲੋਇਡ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਚੌਥੇ ਸਥਾਨ ਉੱਤੇ ਪਹੁੰਚ ਗਏ ਹਨ। ਕੋਹਲੀ ਨੇ ਬਤੌਰ ਕਪਤਾਨ 63 ਟੈਸਟ ਮੈਚਾਂ ਵਿੱਚ 37 ਜਿੱਤਾਂ ਹਾਸਲ ਕੀਤੀਆਂ ਹਨ। ਜਦਕਿ ਲੋਇਡ ਨੇ 74 ਟੈਸਟ ਮੈਚਾਂ ਵਿੱਚ ਵੈਸਟਇੰਡੀਜ਼ ਦੀ ਅਗਵਾਈ ਕੀਤੀ, ਜਿਸ ਵਿੱਚੋਂ ਉਸ ਨੇ 36 ਮੈਚ ਜਿੱਤੇ। ਟੈਸਟ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ 109 ਮੈਚਾਂ ਵਿੱਚ 53 ਜਿੱਤ ਦੇ ਨਾਲ ਪਹਿਲੇ ਸਥਾਨ ਉੱਤੇ ਹਨ।


ਇਸ ਦੇ ਨਾਲ ਹੀ ਆਸਟ੍ਰੇਲੀਆ ਦੇ 2 ਸਾਬਕਾ ਕਪਤਾਨ ਰਿਕੀ ਪੋਂਟਿੰਗ ਅਤੇ ਸਟੀਵ ਵਾ ਇਸ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ 'ਤੇ ਮੌਜੂਦ ਹਨ। ਰਿਕੀ ਪੋਂਟਿੰਗ ਨੇ ਬਤੌਰ ਕਪਤਾਨ 77 ਮੈਚਾਂ ਵਿੱਚੋਂ 48 ਜਿੱਤੇ ਹਨ। ਜਦੋਂ ਕਿ ਸਟੀਵ ਵਾ ਨੇ 57 ਮੈਚਾਂ ਵਿੱਚ ਆਸਟਰੇਲੀਆ ਦੀ ਅਗਵਾਈ ਕੀਤੀ, ਜਿਸ ਵਿੱਚੋਂ ਉਸ ਨੇ 41 ਟੈਸਟ ਮੈਚ ਜਿੱਤੇ।