IND vs ENG: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਬੱਲੇਬਾਜ਼ੀ ਤੇ ਕਪਤਾਨੀ ਦੇ ਨਾਲ-ਨਾਲ ਮੈਦਾਨ ਉੱਤੇ ਆਪਣੇ ਹਮਲਾਵਰ ਰਵੱਈਏ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਹਮਲਾਵਰਤਾ ਬਾਰੇ ਅਕਸਰ ਮੈਦਾਨ ਦੇ ਬਾਹਰ ਵੀ ਚਰਚਾ ਹੁੰਦੀ ਹੈ। ਹੁਣ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਵੀ ਵਿਰਾਟ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।


ਉਨ੍ਹਾਂ ਕਿਹਾ ਹੈ ਕਿ ਇੰਗਲੈਂਡ ਦੇ ਸਮਰਥਕ ਉਨ੍ਹਾਂ ਨੂੰ ਜਿੰਨਾ ਮਰਜ਼ੀ ਨਾਪਸੰਦ ਕਰਨ ਵਿਰਾਟ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਜਿਸ ਹਮਲਾਵਰਤਾ ਨਾਲ ਖੇਡਦੇ ਹਨ, ਉਹ ਉਸੇ ਤਰੀਕੇ ਨਾਲ ਖੇਡਣਗੇ। ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਭਲਕ ਤੋਂ ਲੀਡਸ ਮੈਦਾਨ 'ਤੇ ਖੇਡਿਆ ਜਾਣਾ ਹੈ।


ਡੇਲੀ ਮੇਲ ਨਾਲ ਗੱਲਬਾਤ ਵਿੱਚ ਨਾਸਿਰ ਹੁਸੈਨ ਨੇ ਕਿਹਾ, "ਟੀਮ ਚਾਹੇ ਕੋਈ ਵੀ ਹੋਵੇ, ਕੋਹਲੀ ਮੈਦਾਨ 'ਤੇ ਵਿਰੋਧੀ ਖਿਡਾਰੀਆਂ ਦੇ ਖਿਲਾਫ ਆਪਣਾ ਹਮਲਾਵਰ ਰਵੱਈਆ ਕਾਇਮ ਰੱਖਦੇ ਹਨ। ਮੈਂ ਇਹ ਦਾਅਵਾ ਕਰ ਸਕਦਾ ਹਾਂ ਕਿ ਬਹੁਤ ਸਾਰੇ ਖਿਡਾਰੀ ਉਨ੍ਹਾਂ ਦੇ ਵਿਰੁੱਧ ਖੇਡਣਾ ਵੀ ਪਸੰਦ ਨਹੀਂ ਕਰਦੇ ਹੋਣਗੇ। ਇੰਗਲੈਂਡ ਦੇ ਸਮਰਥਕ ਉਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਪਰ ਵਿਰਾਟ ਨੂੰ ਇਸ ਸਭ ਦੀ ਕੋਈ ਪ੍ਰਵਾਹ ਨਹੀਂ।"


ਹੁਸੈਨ ਨੇ ਕੋਹਲੀ ਬਾਰੇ ਇੱਕ ਮਜ਼ੇਦਾਰ ਘਟਨਾ ਸਾਂਝੀ ਕੀਤੀ


ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਨੇ ਕੋਹਲੀ ਬਾਰੇ ਇੱਕ ਮਜ਼ਾਕੀਆ ਘਟਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ, "ਮੈਨੂੰ ਯਾਦ ਹੈ ਜਦੋਂ ਡੰਕਨ ਫਲੈਚਰ ਟੀਮ ਇੰਡੀਆ ਦੇ ਕੋਚ ਸਨ। ਮੈਂ ਉਸ ਸਮੇਂ ਕੋਹਲੀ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਸੀ। ਫਿਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਿਰਾਟ ਇਕ ਵਿਨਰ ਹੈ ਤੇ ਉਹ ਕਿਸੇ ਵੀ ਕੀਮਤ 'ਤੇ ਆਪਣੀ ਜਿੱਤ ਬਰਕਰਾਰ ਰੱਖਣਾ ਜਾਣਦਾ ਹੈ।"


ਇਸ ਦੇ ਨਾਲ ਹੀ ਹੁਸੈਨ ਨੇ ਕਿਹਾ, "ਤੁਸੀਂ ਮੈਚ ਤੋਂ ਪਹਿਲਾਂ ਟ੍ਰੇਨਿੰਗ ਸੈਸ਼ਨ ਵਿੱਚ ਵੀ ਉਨ੍ਹਾਂ ਦਾ ਰਵੱਈਆ ਦੇਖ ਸਕਦੇ ਹੋ। ਵਿਰਾਟ ਆਪਣੇ ਸਾਥੀਆਂ ਦੇ ਨਾਲ ਫੁੱਟਬਾਲ ਜਾਂ ਕੋਈ ਹੋਰ ਖੇਡ ਖੇਡਦੇ ਹੋਏ ਵੀ ਹਮਲਾਵਰ ਰਹਿੰਦਾ ਹੈ।"


ਨਾਸਿਰ ਨੇ ਇਹ ਗੱਲ ਕੋਹਲੀ ਦੀ ਬੱਲੇਬਾਜ਼ੀ ਫਾਰਮ ਬਾਰੇ ਕਹੀ


ਨਾਸਿਰ ਹੁਸੈਨ ਨੇ ਕੋਹਲੀ ਦੀ ਬੱਲੇਬਾਜ਼ੀ ਬਾਰੇ ਵੀ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ, "ਕੋਹਲੀ ਦਾ ਟੀਚਾ ਸੀਰੀਜ਼ ਜਿੱਤਣਾ ਹੈ। ਜਿੰਨਾ ਚਿਰ ਭਾਰਤ ਜਿੱਤ ਰਿਹਾ ਹੈ, ਉਹ ਆਪਣੀ ਬੱਲੇਬਾਜ਼ੀ ਫਾਰਮ ਬਾਰੇ ਚਿੰਤਾ ਨਹੀਂ ਕਰੇਗਾ।" ਉਨ੍ਹਾਂ ਕਿਹਾ, "ਕੋਹਲੀ ਭਾਰਤ ਲਈ ਇਹ ਸੀਰੀਜ਼ ਜਿੱਤਣ ਦੇ ਮਹੱਤਵ ਨੂੰ ਸਮਝਦੇ ਹਨ। ਉਹ ਅਗਲੇ ਤਿੰਨ ਟੈਸਟ ਮੈਚਾਂ ਦੇ ਨਤੀਜਿਆਂ 'ਤੇ ਆਪਣੇ ਆਪ ਨੂੰ ਜੱਜ ਕਰਨਗੇ, ਨਾ ਕਿ ਉਹ ਕਿੰਨੀਆਂ ਦੌੜਾਂ ਬਣਾਉਂਦੇ ਹਨ, ਇਸ ਆਧਾਰ 'ਤੇ।"