World Cup 2023: ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਦੇ ਨਾਲ 2023 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵਾਂ ਟੀਮਾਂ ਵਿਚਾਲੇ ਇਸ ਸੀਰੀਜ਼ ਦਾ ਪਹਿਲਾ ਮੈਚ ਅੱਜ ਆਕਲੈਂਡ 'ਚ ਖੇਡਿਆ ਗਿਆ ਜਿਸ 'ਚ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਖਿਲਾਫ ਖੇਡੀ ਜਾ ਰਹੀ ਵਨਡੇ ਸੀਰੀਜ਼ 'ਚ ਟੀਮ ਇੰਡੀਆ ਦੇ ਸਟਾਰ ਖਿਡਾਰੀ ਜ਼ਿਆਦਾਤਰ ਬ੍ਰੇਕ 'ਤੇ ਹਨ। ਭਾਰਤ ਨੂੰ 2023 ਵਿਸ਼ਵ ਕੱਪ ਤੋਂ ਪਹਿਲਾਂ ਵੱਖ-ਵੱਖ ਟੀਮਾਂ ਖਿਲਾਫ 21 ਵਨਡੇ ਖੇਡਣੇ ਹਨ। ਇਸ ਦੌਰਾਨ 31 ਖਿਡਾਰੀ ਵਿਸ਼ਵ ਕੱਪ ਟੀਮ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਇਨ੍ਹਾਂ ਵਿੱਚੋਂ ਭਾਰਤ ਨੇ ਵਿਸ਼ਵ ਕੱਪ ਟੀਮ ਲਈ ਖਿਡਾਰੀਆਂ ਦੀ ਚੋਣ ਕਰਨੀ ਹੈ। ਭਾਰਤ ਨੇ 2019 ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ 44 ਖਿਡਾਰੀਆਂ ਨੂੰ ਅਜ਼ਮਾਇਆ ਹੈ। ਇਸ ਸਮੇਂ 31 ਖਿਡਾਰੀ ਕਤਾਰ ਵਿੱਚ ਹਨ ਜਿਨ੍ਹਾਂ ਵਿੱਚੋਂ 14 ਕ੍ਰਿਕਟਰ ਨਿਊਜ਼ੀਲੈਂਡ ਵਿੱਚ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਜਗ੍ਹਾ ਲਈ ਕਿੰਨੇ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।


ਭਾਰਤੀ ਟੀਮ ਦੇ ਟਾਪ ਆਰਡਰ


ਭਾਰਤੀ ਟੀਮ ਦੇ ਟਾਪ ਆਰਡਰ ਲਈ ਕਈ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਜੇ ਟਾਪ ਆਰਡਰ 'ਚ ਦੇਖਿਆ ਜਾਵੇ ਤਾਂ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਸ਼ਿਖਰ ਧਵਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ, ਪ੍ਰਿਥਵੀ ਸ਼ਾਅ ਵਰਗੇ ਕ੍ਰਿਕਟਰ ਹਨ। ਇਹ ਸਾਰੇ ਕ੍ਰਿਕਟਰ 2023 ਵਿਸ਼ਵ ਕੱਪ ਟੀਮ 'ਚ ਟਾਪ ਆਰਡਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਇਨ੍ਹਾਂ ਵਿੱਚੋਂ ਕੁਝ ਕ੍ਰਿਕਟਰਾਂ ਦਾ ਹਾਲੀਆ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਹੈ।


ਮਿਡਲ ਆਰਡਰ ਲਈ ਮਾਰਾਮਾਰੀ


ਜੇ ਕੇਐੱਲ ਰਾਹੁਲ ਨੂੰ ਚੋਟੀ ਦੇ ਕ੍ਰਮ 'ਚ ਜਗ੍ਹਾ ਨਹੀਂ ਮਿਲਦੀ ਹੈ ਤਾਂ ਉਹ ਮੱਧਕ੍ਰਮ 'ਚ ਚੁਣੌਤੀ ਪੇਸ਼ ਕਰਨਗੇ। ਉਨ੍ਹਾਂ ਤੋਂ ਇਲਾਵਾ ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ ਅਤੇ ਰਜਤ ਪਾਟੀਦਾਰ ਵੀ ਆਪਣਾ ਦਾਅਵਾ ਪੇਸ਼ ਕਰਨਗੇ। ਹਾਲਾਂਕਿ ਰਾਹੁਲ ਤ੍ਰਿਪਾਠੀ ਅਤੇ ਰਜਤ ਪਾਟੀਦਾਰ ਨੇ ਅਜੇ ਵਨਡੇ ਡੈਬਿਊ ਕਰਨਾ ਹੈ।


ਹਰਫਨਮੌਲਾ ਚੁਣੌਤੀ ਵਧਾਉਣਗੇ


ਵਿਸ਼ਵ ਕੱਪ ਟੀਮ ਲਈ ਹਰਫਨਮੌਲਾ ਦੇ ਤੌਰ 'ਤੇ ਹਾਰਦਿਕ ਦੀ ਜਗ੍ਹਾ ਪੱਕੀ ਹੋ ਗਈ ਹੈ। ਉਨ੍ਹਾਂ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਦੀਪਕਾ ਹੁੱਡਾ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ ਵਰਗੇ ਖਿਡਾਰੀ ਵਿਸ਼ਵ ਕੱਪ ਟੀਮ 'ਚ ਹਰਫਨਮੌਲਾ ਵਜੋਂ ਦਾਅਵਾ ਪੇਸ਼ ਕਰਨਗੇ। ਹਾਲਾਂਕਿ ਇਨ੍ਹਾਂ 'ਚੋਂ ਕਈ ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਫਿਟਨੈੱਸ 'ਤੇ ਵੀ ਨਿਰਭਰ ਕਰੇਗੀ।


ਇਹ ਹੋਣਗੇ ਸਪਿਨਰ ਦਾਅਵੇਦਾਰ 


ਕ੍ਰਿਕਟ ਵਰਲਡ ਕੱਪ 2023 ਲਈ ਕਈ ਸਪਿਨਰ ਭਾਰਤੀ ਟੀਮ ਵਿੱਚ ਚੋਣ ਲਈ ਆਪਣੀ ਚੁਣੌਤੀ ਪੇਸ਼ ਕਰਨਗੇ। ਜੇਕਰ ਆਰ ਅਸ਼ਵਿਨ ਫਿੱਟ ਰਹਿੰਦਾ ਹੈ ਤਾਂ ਉਸ ਦਾ ਭਾਰਤੀ ਪਿੱਚਾਂ 'ਤੇ ਖੇਡਿਆ ਜਾਣਾ ਯਕੀਨੀ ਹੈ ਕਿਉਂਕਿ ਉਸ ਕੋਲ ਕਈ ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਤੋਂ ਇਲਾਵਾ ਯੁਜਵੇਂਦਰ ਚਾਹਲ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਵੀ ਆਪਣਾ ਦਾਅਵਾ ਪੇਸ਼ ਕਰਨਗੇ।


ਕਿਸ ਤੇਜ਼ ਗੇਂਦਬਾਜ਼ ਨੂੰ ਮਿਲੇਗਾ ਮੌਕਾ 


ਵਿਸ਼ਵ ਕੱਪ 2023 ਲਈ ਕਈ ਤੇਜ਼ ਗੇਂਦਬਾਜ਼ ਭਾਰਤੀ ਟੀਮ ਦਾ ਦਰਵਾਜ਼ਾ ਖੜਕਾਉਣਗੇ। ਜੇਕਰ ਸ਼ਮੀ ਫਿੱਟ ਰਹਿੰਦੇ ਹਨ ਤਾਂ ਤਜ਼ਰਬੇ ਦੇ ਆਧਾਰ 'ਤੇ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਦੀਪਕ ਚਾਹਰ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ ਅਤੇ ਮੁਹੰਮਦ ਸਿਰਾਜ ਵਰਗੇ ਗੇਂਦਬਾਜ਼ ਵਿਸ਼ਵ ਕੱਪ ਟੀਮ ਵਿੱਚ ਥਾਂ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੇ।