India Vs Pakistan: ਸਿਰਫ 78 ਦੌੜਾਂ ਬਣਾ ਕੇ ਹੀ ਰੋਹਿਤ ਸ਼ਰਮਾ ਰਚਣਗੇ ਇਤਿਹਾਸ! ਇਹ ਕਾਰਨਾਮਾ ਕਰਨ ਵਾਲੇ ਹੋਣਗੇ ਛੇਵੇਂ ਖਿਡਾਰੀ
India Vs Pakistan: ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਅੱਜ ਇਤਿਹਾਸ ਰਚ ਸਕਦੇ ਹਨ। ਰੋਹਿਤ ਸ਼ਰਮਾ ਵਨਡੇ ਕ੍ਰਿਕਟ 'ਚ 10000 ਦੌੜਾਂ ਪੂਰੀਆਂ ਕਰਨ ਦੀ ਦਹਿਲੀਜ਼ 'ਤੇ ਹਨ
India Vs Pakistan: ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਅੱਜ ਇਤਿਹਾਸ ਰਚ ਸਕਦੇ ਹਨ। ਰੋਹਿਤ ਸ਼ਰਮਾ ਵਨਡੇ ਕ੍ਰਿਕਟ 'ਚ 10000 ਦੌੜਾਂ ਪੂਰੀਆਂ ਕਰਨ ਦੀ ਦਹਿਲੀਜ਼ 'ਤੇ ਹਨ। ਜੇਕਰ ਰੋਹਿਤ ਸ਼ਰਮਾ ਅੱਜ 78 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਵਨਡੇ ਕ੍ਰਿਕਟ 'ਚ 10,000 ਦੌੜਾਂ ਬਣਾਉਣ ਵਾਲੇ ਛੇਵੇਂ ਭਾਰਤੀ ਖਿਡਾਰੀ ਬਣ ਜਾਣਗੇ। ਰੋਹਿਤ ਸ਼ਰਮਾ ਤੋਂ ਪਹਿਲਾਂ ਇਹ ਮੁਕਾਮ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਧੋਨੀ ਤੇ ਵਿਰਾਟ ਕੋਹਲੀ ਨੇ ਹਾਸਲ ਕੀਤਾ ਹੈ।
ਵਨਡੇ ਕ੍ਰਿਕਟ 'ਚ ਰੋਹਿਤ ਸ਼ਰਮਾ ਦਾ ਕਰੀਅਰ 2008 'ਚ ਸ਼ੁਰੂ ਹੋਇਆ ਸੀ ਪਰ 6 ਸਾਲ ਤੱਕ ਰੋਹਿਤ ਸ਼ਰਮਾ ਨੂੰ ਟੀਮ 'ਚ ਜਗ੍ਹਾ ਪੱਕੀ ਕਰਨ ਲਈ ਸੰਘਰਸ਼ ਕਰਨਾ ਪਿਆ। ਰੋਹਿਤ ਸ਼ਰਮਾ ਨੂੰ 2013 ਦੀ ਚੈਂਪੀਅਨਸ ਟਰਾਫੀ ਵਿੱਚ ਓਪਨਰ ਵਜੋਂ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਵਨਡੇ ਕ੍ਰਿਕਟ 'ਚ ਹੋਰ ਉਚਾਈਆਂ ਹਾਸਲ ਕਰਦੇ ਗਏ।
ਰੋਹਿਤ ਸ਼ਰਮਾ ਨੇ ਹੁਣ ਤੱਕ 246 ਵਨਡੇ ਮੈਚ ਖੇਡੇ ਹਨ ਤੇ 48.88 ਦੀ ਸ਼ਾਨਦਾਰ ਔਸਤ ਨਾਲ 9922 ਦੌੜਾਂ ਬਣਾਈਆਂ। ਇਸ ਦੌਰਾਨ ਰੋਹਿਤ ਸ਼ਰਮਾ ਦਾ ਸਟ੍ਰਾਈਕ ਰੇਟ 90.09 ਰਿਹਾ। ਰੋਹਿਤ ਸ਼ਰਮਾ ਨੇ ਵਨਡੇ 'ਚ 30 ਸੈਂਕੜੇ ਤੇ 49 ਅਰਧ ਸੈਂਕੜੇ ਲਾਏ ਹਨ। ਇੰਨਾ ਹੀ ਨਹੀਂ ਰੋਹਿਤ ਸ਼ਰਮਾ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਵਨਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਲਗਾਏ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ ਰੋਹਿਤ ਸ਼ਰਮਾ ਦਾ ਸਭ ਤੋਂ ਵੱਧ ਸਕੋਰ 264 ਦੌੜਾਂ ਹੈ।
ਰੋਹਿਤ ਸ਼ਰਮਾ ਦੀ ਨਜ਼ਰ ਖਾਸ ਰਿਕਾਰਡ 'ਤੇ
ਓਪਨਿੰਗ ਬੱਲੇਬਾਜ਼ੀ ਕਰਦੇ ਹੋਏ ਜ਼ਿਆਦਾਤਰ ਦੌੜਾਂ ਰੋਹਿਤ ਸ਼ਰਮਾ ਦੇ ਬੱਲੇ ਤੋਂ ਆਈਆਂ ਹਨ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਸ਼ਰਮਾ ਨੇ 158 ਪਾਰੀਆਂ 'ਚ ਲਗਪਗ 56 ਦੀ ਔਸਤ ਨਾਲ 7892 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਓਪਨਿੰਗ ਕਰਦੇ ਹੋਏ 30 'ਚੋਂ 28 ਸੈਂਕੜੇ ਲਾਏ ਹਨ। ਰੋਹਿਤ ਸ਼ਰਮਾ ਦੇ ਬੱਲੇ ਨਾਲ ਓਪਨਿੰਗ ਕਰਦੇ ਹੋਏ 36 ਅਰਧ ਸੈਂਕੜੇ ਵੀ ਲੱਗੇ ਹਨ।
ਰੋਹਿਤ ਸ਼ਰਮਾ ਨੇ ਨੇਪਾਲ ਖਿਲਾਫ ਅਰਧ ਸੈਂਕੜਾ ਲਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿਖਾ ਦਿੱਤੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਐਤਵਾਰ ਨੂੰ ਰੋਹਿਤ ਸ਼ਰਮਾ ਟੀਮ ਇੰਡੀਆ ਨੂੰ ਨਾ ਸਿਰਫ ਸ਼ਾਨਦਾਰ ਸ਼ੁਰੂਆਤ ਦੇਣਗੇ ਸਗੋਂ ਵਨਡੇ ਕ੍ਰਿਕਟ 'ਚ ਇਹ ਵੱਡਾ ਮੀਲ ਪੱਥਰ ਹਾਸਲ ਕਰਨ 'ਚ ਵੀ ਸਫਲ ਹੋਣਗੇ।