T20 World Cup 2024 IND vs PAK:  ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਨਿਊਯਾਰਕ 'ਚ ਖੇਡਿਆ ਜਾਣਾ ਹੈ। ਇੱਥੇ ਦੀ ਪਿੱਚ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਰਿਪੋਰਟਾਂ ਮੁਤਾਬਕ ਭਾਰਤ-ਪਾਕਿ ਮੈਚ ਦੀ ਪਿੱਚ ਹੌਲੀ ਹੋ ਸਕਦੀ ਹੈ। ਅਜਿਹੇ 'ਚ ਮੈਚ ਘੱਟ ਸਕੋਰ ਵਾਲਾ ਹੋ ਸਕਦਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ (Indian captain Rohit Sharma) ਨੇ ਪਿੱਚ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਿੱਚ 'ਤੇ ਖੇਡਣਾ ਸਾਡੀ ਚੁਣੌਤੀ ਦਾ ਹਿੱਸਾ ਹੈ। ਇਸ ਲਈ ਇਸ ਨਾਲ ਬਹੁਤਾ ਫਰਕ ਨਹੀਂ ਪੈਣ ਵਾਲਾ ਹੈ। ਐਤਵਾਰ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਵੇਗਾ।



ਮੈਚ ਤੋਂ ਪਹਿਲਾਂ ਰੋਹਿਤ ਨੇ ਆਖੀ ਇਹ ਗੱਲ


ਰੋਹਿਤ ਨੇ ਮੈਚ ਤੋਂ ਪਹਿਲਾਂ ਕਿਹਾ, ''ਕਿਸੇ ਵੀ ਤਰ੍ਹਾਂ ਦੀ ਪਿੱਚ 'ਤੇ ਖੇਡਣਾ ਸਾਡੀ ਅੰਤਰਰਾਸ਼ਟਰੀ ਚੁਣੌਤੀ ਦਾ ਹਿੱਸਾ ਹੈ। ਗਾਬਾ 'ਤੇ ਜਿਸ ਤਰ੍ਹਾਂ ਦੀ ਪਿੱਚ 'ਤੇ ਅਸੀਂ ਖੇਡੇ, ਉਸ ਦੇ ਮੁਕਾਬਲੇ ਇਹ ਕੁੱਝ ਵੀ ਨਹੀਂ ਹੈ। ਸਾਡੇ ਲਈ ਵਿਸ਼ਵ ਕੱਪ ਜਿੱਤਣ ਤੋਂ ਵੱਡਾ ਹੋਰ ਕੁਝ ਨਹੀਂ ਹੋਵੇਗਾ। ਅਸੀਂ ਹਰ ਸਥਿਤੀ ਲਈ ਤਿਆਰ ਹਾਂ। ਟੀ-20 ਕ੍ਰਿਕੇਟ ਵਿੱਚ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਮੈਚ ਵਾਲੇ ਦਿਨ ਕਿਵੇਂ ਖੇਡਦੇ ਹੋ।


ਰੋਹਿਤ ਦੇ ਅੰਗੂਠੇ 'ਤੇ ਮਾਮੂਲੀ ਸੱਟ ਲੱਗੀ ਹੈ


ਭਾਰਤ-ਪਾਕਿ ਮੈਚ ਤੋਂ ਪਹਿਲਾਂ ਖਬਰ ਆਈ ਸੀ ਕਿ ਰੋਹਿਤ ਦੇ ਅੰਗੂਠੇ 'ਤੇ ਮਾਮੂਲੀ ਸੱਟ ਲੱਗੀ ਹੈ। ਪਰ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰਨਗੇ। ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਦੇ ਨਾਲ ਕੌਣ ਓਪਨਿੰਗ ਕਰਦਾ ਹੈ। ਵਿਰਾਟ ਕੋਹਲੀ ਆਇਰਲੈਂਡ ਖਿਲਾਫ ਓਪਨਿੰਗ ਕਰਨ ਆਏ ਸਨ। ਪਰ ਉਹ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ।


ਟੀਮ ਇੰਡੀਆ ਦਾ ਮੈਚ ਉਸੇ ਪਿੱਚ 'ਤੇ ਹੋਵੇਗਾ ਜਿਸ 'ਤੇ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਵਿਚਾਲੇ ਮੈਚ ਚੱਲ ਰਿਹਾ ਹੈ। ਇਸ ਮੈਚ ਵਿੱਚ ਨੀਦਰਲੈਂਡ ਦੀ ਟੀਮ 103 ਦੌੜਾਂ ਹੀ ਬਣਾ ਸਕੀ। ਜੇਕਰ ਪਿੱਚ ਇਸੇ ਤਰ੍ਹਾਂ ਰਹੀ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਵੀ ਘੱਟ ਸਕੋਰ ਵਾਲਾ ਹੋਵੇਗਾ। ਅਜਿਹੇ 'ਚ ਟੀਮ ਇੰਡੀਆ ਸਪਿਨਰਾਂ 'ਤੇ ਭਰੋਸਾ ਕਰ ਸਕਦੀ ਹੈ।