Asia Cup 2022: ਪਾਕਿਸਤਾਨ ਨੇ ਏਸ਼ੀਆ ਕੱਪ 2022 ਦੇ ਸੁਪਰ-4 ਦੌਰ ਦੇ ਮੈਚ ਵਿੱਚ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੂੰ ਮੈਚ ਜਿੱਤਣ ਲਈ 20 ਓਵਰਾਂ ਵਿੱਚ 182 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨ ਨੇ 19.5 ਓਵਰਾਂ 'ਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 51 ਗੇਂਦਾਂ 'ਤੇ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


'ਪਾਕਿਸਤਾਨੀ ਟੀਮ ਨੇ ਸਾਡੇ ਨਾਲੋਂ ਬਿਹਤਰ ਕ੍ਰਿਕਟ ਖੇਡੀ'


ਇਸ ਦੇ ਨਾਲ ਹੀ ਇਸ ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਦੋਵੇਂ ਟੀਮਾਂ ਲਈ ਦਬਾਅ ਵਾਲਾ ਮੈਚ ਸੀ। ਮੁਹੰਮਦ ਰਿਜ਼ਵਾਨ ਅਤੇ ਮੁਹੰਮਦ ਨਵਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਸਾਂਝੇਦਾਰੀ ਨੇ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਭਾਰਤੀ ਕਪਤਾਨ ਨੇ ਕਿਹਾ ਕਿ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨਾ ਆਸਾਨ ਹੋ ਗਿਆ ਸੀ ਪਰ ਇਹ ਸਾਡੇ ਲਈ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਵਧੀਆ ਮੌਕਾ ਹੈ। ਰੋਹਿਤ ਸ਼ਰਮਾ ਨੇ ਅੱਗੇ ਕਿਹਾ ਕਿ ਪਹਿਲਾਂ ਮੈਂ ਸੋਚਿਆ ਕਿ ਇਹ ਚੰਗਾ ਸਕੋਰ ਹੈ, ਪਰ ਇਸ ਦਾ ਸਿਹਰਾ ਪਾਕਿਸਤਾਨ ਨੂੰ ਜਾਂਦਾ ਹੈ। ਪਾਕਿਸਤਾਨ ਦੀ ਟੀਮ ਨੇ ਸਾਡੇ ਨਾਲੋਂ ਬਿਹਤਰ ਕ੍ਰਿਕਟ ਖੇਡੀ। ਨਾਲ ਹੀ ਭਾਰਤੀ ਕਪਤਾਨ ਨੇ ਵਿਰਾਟ ਕੋਹਲੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਦੀਆਂ ਵਿਕਟਾਂ ਗਲਤ ਸਮੇਂ 'ਤੇ ਡਿੱਗੀਆਂ।


ਮੁਹੰਮਦ ਨਵਾਜ਼ ਦੀ ਬੱਲੇਬਾਜ਼ੀ ਨੇ ਬਦਲ ਦਿੱਤਾ ਮੈਚ


ਮੁਹੰਮਦ ਰਿਜ਼ਵਾਨ ਤੋਂ ਇਲਾਵਾ ਮੁਹੰਮਦ ਨਵਾਜ਼ ਨੇ 20 ਗੇਂਦਾਂ 'ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮੈਚ ਦਾ ਰੁਖ ਹੀ ਬਦਲ ਦਿੱਤਾ। ਮੁਹੰਮਦ ਨਵਾਜ਼ ਨੇ ਆਪਣੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਲਗਾਏ। ਖੁਸ਼ਦਿਲ ਸ਼ਾਹ 11 ਗੇਂਦਾਂ 'ਤੇ 14 ਦੌੜਾਂ ਬਣਾ ਕੇ ਨਾਬਾਦ ਰਹੇ ਜਦਕਿ ਇਫਤਿਕਾਰ ਅਹਿਮਦ 2 ਦੌੜਾਂ ਬਣਾ ਕੇ ਨਾਬਾਦ ਰਹੇ। ਆਸਿਫ ਅਲੀ ਨੇ 8 ਗੇਂਦਾਂ 'ਤੇ 16 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਹਾਰਦਿਕ ਪੰਡਯਾ ਅਤੇ ਯੁਜਵੇਂਦਰ ਚਾਹਲ ਨੂੰ 1-1 ਸਫਲਤਾ ਮਿਲੀ। ਹੁਣ ਮੰਗਲਵਾਰ ਨੂੰ ਏਸ਼ੀਆ ਕੱਪ 2022 ਦੇ ਸੁਪਰ-4 ਦੌਰ 'ਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।