IND Vs SA: ਵਨਡੇ ਸੀਰੀਜ਼ 'ਚ ਸ਼ਿਖਰ ਧਵਨ ਨੂੰ ਬਣਾਇਆ ਜਾਵੇਗਾ ਕਪਤਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ
ਵਨਡੇ ਮੈਚਾਂ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਨਾਲ ਤਿੰਨ ਟੀ-20 ਮੈਚ ਵੀ ਖੇਡਣੇ ਹਨ। ਟੀ-20 ਸੀਰੀਜ਼ 28 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਆਖਰੀ ਮੈਚ 4 ਅਕਤੂਬਰ ਨੂੰ ਖੇਡਿਆ ਜਾਵੇਗਾ।
IND Vs SA: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 6 ਅਕਤੂਬਰ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤ ਦੇ ਅਹਿਮ ਖਿਡਾਰੀ ਇਸ ਸੀਰੀਜ਼ ਤੋਂ ਬਾਹਰ ਰਹਿ ਸਕਦੇ ਹਨ। ਇੰਨਾ ਹੀ ਨਹੀਂ ਇਕ ਵਾਰ ਫਿਰ ਸ਼ਿਖਰ ਧਵਨ ਨੂੰ ਵਨਡੇ ਟੀਮ ਦੀ ਕਮਾਨ ਮਿਲ ਸਕਦੀ ਹੈ। ਇਸ ਦੇ ਨਾਲ ਹੀ BCCI ਵਿਸ਼ਵ ਕੱਪ ਦੀ ਤਿਆਰੀ ਲਈ ਭਾਰਤੀ ਖਿਡਾਰੀਆਂ ਨੂੰ ਜਲਦੀ ਹੀ ਆਸਟ੍ਰੇਲੀਆ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਵਨਡੇ ਮੈਚਾਂ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਨਾਲ ਤਿੰਨ ਟੀ-20 ਮੈਚ ਵੀ ਖੇਡਣੇ ਹਨ। ਟੀ-20 ਸੀਰੀਜ਼ 28 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਆਖਰੀ ਮੈਚ 4 ਅਕਤੂਬਰ ਨੂੰ ਖੇਡਿਆ ਜਾਵੇਗਾ। ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀਸੀਸੀਆਈ 5 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਲਈ ਚੁਣੇ ਗਏ ਖਿਡਾਰੀਆਂ ਨੂੰ ਆਸਟ੍ਰੇਲੀਆ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਬੀਸੀਸੀਆਈ ਚਾਹੁੰਦਾ ਹੈ ਕਿ ਖਿਡਾਰੀਆਂ ਨੂੰ ਆਸਟ੍ਰੇਲੀਆ 'ਚ ਤਿਆਰੀ ਦਾ ਪੂਰਾ ਮੌਕਾ ਮਿਲੇ। ਬੀਸੀਸੀਆਈ ਨੇ ਇਸ ਸਬੰਧ 'ਚ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨਾਲ ਵੀ ਗੱਲ ਕੀਤੀ ਹੈ। ਜੇਕਰ ਖਿਡਾਰੀ 5 ਅਕਤੂਬਰ ਨੂੰ ਹੀ ਆਸਟ੍ਰੇਲੀਆ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰੈਕਟਿਸ ਲਈ ਇਕ ਹਫ਼ਤੇ ਦਾ ਵਾਧੂ ਸਮਾਂ ਮਿਲੇਗਾ। ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਸ ਤੋਂ ਇਲਾਵਾ ਟੀਮ ਇੰਡੀਆ ਨੂੰ 2 ਪ੍ਰੈਕਟਿਸ ਮੈਚ ਵੀ ਖੇਡਣੇ ਹਨ।
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ
ਇਹ ਪੂਰੀ ਤਰ੍ਹਾਂ ਤੈਅ ਹੈ ਕਿ ਵਨਡੇ ਸੀਰੀਜ਼ 'ਚ ਸ਼ਿਖਰ ਧਵਨ ਟੀਮ ਇੰਡੀਆ ਦੀ ਅਗਵਾਈ ਕਰਨਗੇ। ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਖ਼ਿਲਾਫ਼ ਖੇਡੀ ਗਈ ਸੀਰੀਜ਼ 'ਚ ਵੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਇਸ ਸੀਰੀਜ਼ 'ਚ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ, ਕਿਉਂਕਿ ਉਹ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਹਨ। ਸ਼ੁਭਮਨ ਗਿੱਲ ਵੀ ਓਪਨਰ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।
ਇਸ ਤੋਂ ਇਲਾਵਾ ਸੰਜੂ ਸੈਮਸਨ, ਰਾਹੁਲ ਤ੍ਰਿਪਾਠੀ, ਈਸ਼ਾਨ ਕਿਸ਼ਨ, ਆਵੇਸ਼ ਖਾਨ, ਮੁਹੰਮਦ ਸਿਰਾਜ ਵਰਗੇ ਖਿਡਾਰੀਆਂ ਨੂੰ ਵੀ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ 'ਚ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਬੀਸੀਸੀਆਈ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਲਈ ਰਿਜ਼ਰਵ 'ਚ ਰੱਖੇ ਗਏ ਖਿਡਾਰੀ ਟੀਮ ਦੇ ਨਾਲ ਆਸਟ੍ਰੇਲੀਆ ਜਾਣਗੇ।