Team India Schedule: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 2024-2025 ਦੇ ਘਰੇਲੂ ਸੀਜ਼ਨ ਲਈ ਟੀਮ ਇੰਡੀਆ ਦੇ ਕਾਰਜਕ੍ਰਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਦੇ ਘਰੇਲੂ ਸੀਜ਼ਨ ਦੀ ਸ਼ੁਰੂਆਤ ਸਤੰਬਰ 'ਚ ਬੰਗਲਾਦੇਸ਼ ਦੇ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਨਾਲ ਹੋਵੇਗੀ ਅਤੇ ਟੀਮ ਇੰਡੀਆ ਨੂੰ ਉਸੇ ਟੀਮ ਨਾਲ 3 ਟੀ-20 ਮੈਚ ਵੀ ਖੇਡਣੇ ਹੋਣਗੇ। ਇਸ ਤੋਂ ਇਲਾਵਾ ਭਾਰਤੀ ਟੀਮ ਇਸ ਸਾਲ ਨਿਊਜ਼ੀਲੈਂਡ ਅਤੇ 2025 ਦੀ ਸ਼ੁਰੂਆਤ 'ਚ ਇੰਗਲੈਂਡ ਦੀ ਮੇਜ਼ਬਾਨੀ ਵੀ ਕਰਨ ਜਾ ਰਹੀ ਹੈ। ਇਸ ਘਰੇਲੂ ਸੀਜ਼ਨ ਦੌਰਾਨ ਭਾਰਤ 5 ਟੈਸਟ, 3 ਵਨਡੇ ਅਤੇ 8 ਟੀ-20 ਮੈਚ ਖੇਡੇਗਾ।
ਭਾਰਤ ਤਿੰਨ ਦੇਸ਼ਾਂ ਦੀ ਮੇਜ਼ਬਾਨੀ ਕਰੇਗਾ
ਬੰਗਲਾਦੇਸ਼ - ਭਾਰਤੀ ਟੀਮ ਪਹਿਲੀ ਵਾਰ ਸਤੰਬਰ ਦੇ ਮਹੀਨੇ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗੀ। ਇਹ ਟੂਰ 19 ਸਤੰਬਰ ਤੋਂ 12 ਅਕਤੂਬਰ ਤੱਕ ਚੱਲੇਗਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਟੈਸਟ ਮੈਚ ਖੇਡੇ ਜਾਣਗੇ, ਜੋ ਕਿ ਚੇਨਈ ਅਤੇ ਕਾਨਪੁਰ ਵਿੱਚ ਹੋਣਗੇ। ਅਤੇ 6 ਤੋਂ 12 ਅਕਤੂਬਰ ਤੱਕ ਦੋਵੇਂ ਟੀਮਾਂ 3 ਟੀ-20 ਮੈਚਾਂ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਨ੍ਹਾਂ 3 ਟੀ-20 ਮੈਚਾਂ ਦੀ ਮੇਜ਼ਬਾਨੀ ਕ੍ਰਮਵਾਰ ਧਰਮਸ਼ਾਲਾ, ਦਿੱਲੀ ਅਤੇ ਹੈਦਰਾਬਾਦ ਕਰਨਗੇ।
ਨਿਊਜ਼ੀਲੈਂਡ- ਬੰਗਲਾਦੇਸ਼ ਖਿਲਾਫ ਸੀਰੀਜ਼ ਖਤਮ ਹੋਣ ਦੇ 4 ਦਿਨ ਬਾਅਦ ਭਾਰਤੀ ਟੀਮ ਨਿਊਜ਼ੀਲੈਂਡ ਨਾਲ 3 ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰੇਗੀ। ਕੀਵੀ ਟੀਮ ਭਾਰਤ ਨਾਲ 16 ਅਕਤੂਬਰ ਤੋਂ 1 ਨਵੰਬਰ ਤੱਕ 3 ਟੈਸਟ ਮੈਚ ਖੇਡੇਗੀ। ਪਹਿਲਾ ਮੈਚ ਬੈਂਗਲੁਰੂ 'ਚ, ਦੂਜਾ ਪੁਣੇ 'ਚ ਅਤੇ ਤੀਜਾ ਟੈਸਟ ਮੈਚ ਮੁੰਬਈ 'ਚ ਖੇਡਿਆ ਜਾਵੇਗਾ।
ਇੰਗਲੈਂਡ- 2025 ਦੇ ਨਵੇਂ ਸਾਲ 'ਚ ਭਾਰਤ ਦੇ ਸਾਹਮਣੇ ਪਹਿਲੀ ਚੁਣੌਤੀ ਇੰਗਲੈਂਡ ਹੋਵੇਗੀ। ਇੰਗਲੈਂਡ ਦਾ ਭਾਰਤ ਦੌਰਾ 22 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 12 ਫਰਵਰੀ ਨੂੰ ਖਤਮ ਹੋਵੇਗਾ। ਲਗਭਗ 3 ਹਫਤਿਆਂ ਦੇ ਅੰਦਰ, ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੀ-20 ਅਤੇ 3 ਵਨਡੇ ਮੈਚ ਖੇਡੇ ਜਾਣਗੇ। ਇਨ੍ਹਾਂ ਸਾਰੇ ਅੱਠ ਮੈਚਾਂ ਦੀ ਮੇਜ਼ਬਾਨੀ ਅੱਠ ਵੱਖ-ਵੱਖ ਮੈਦਾਨਾਂ ਨੂੰ ਸੌਂਪੀ ਗਈ ਹੈ।
ਜ਼ਿੰਬਾਬਵੇ ਖਿਲਾਫ ਸੀਰੀਜ਼ ਖੇਡੇਗਾ ਭਾਰਤ
ਇਸ ਘਰੇਲੂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਜ਼ਿੰਬਾਬਵੇ ਦੇ ਦੌਰੇ 'ਤੇ ਜਾ ਰਹੀ ਹੈ। ਟੀ-20 ਵਿਸ਼ਵ ਕੱਪ 2024 ਦੀ ਸਮਾਪਤੀ ਤੋਂ ਕੁਝ ਦਿਨ ਬਾਅਦ ਹੀ ਭਾਰਤ ਜ਼ਿੰਬਾਬਵੇ ਦਾ ਦੌਰਾ ਕਰੇਗਾ। ਦੋਵਾਂ ਟੀਮਾਂ ਵਿਚਾਲੇ 6 ਜੁਲਾਈ ਤੋਂ 14 ਜੁਲਾਈ ਤੱਕ 5 ਟੀ-20 ਮੈਚ ਖੇਡੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਟੀਮ ਦੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ।