ਭਾਰਤ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ, ਦੋਵਾਂ ਟੀਮਾਂ 'ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ
ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ।
IND vs PAK WC T20 : ਭਾਰਤ ਤੇ ਪਾਕਿਸਤਾਨ ਅੱਜ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧ ਟੀਮਾਂ ਆਪਸ ਵਿੱਚ ਭਿੜਨਗੀਆਂ। ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਪਰ ਹਨ।
ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਨਾਲ ਇੱਕ ਹਾਈ ਪ੍ਰੋਫਾਈਲ ਮੈਚ ਨਾਲ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈ ਪ੍ਰੋਫਾਈਲ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ, ਦੋਵੇਂ ਟੀਮਾਂ ਗਰੁੱਪ ਬੀ 'ਚ ਹਨ।
ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ। ਭਾਰਤ ਲਈ ਖੇਡਣ ਵਾਲੀ ਟੀਮ ਦੀ ਰਚਨਾ ਦੀ ਗੱਲ ਕਰੀਏ ਤਾਂ ਕਾਗਜ਼ 'ਤੇ ਭਾਰਤੀ ਟੀਮ ਬਹੁਤ ਸੰਤੁਲਿਤ ਦਿਖਾਈ ਦੇ ਰਹੀ ਹੈ। ਟੀਮ 'ਚ ਪੰਜ ਬੱਲੇਬਾਜ਼, ਇੱਕ ਵਿਕਟਕੀਪਰ, ਤਿੰਨ ਆਲਰਾਊਂਡਰ, ਤਿੰਨ ਸਪਿਨਰ ਤੇ ਤਿੰਨ ਤੇਜ਼ ਗੇਂਦਬਾਜ਼ ਹਨ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕਿਹਾ, ਅਸੀਂ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਾਂ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਆਈਸੀਸੀ ਦੇ ਕਿਸੇ ਵੀ ਟੂਰਨਾਮੈਂਟ ਵਿਚ ਖਿੱਚ ਦਾ ਕੇਂਦਰ ਹੁੰਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਖੇਡ ਮੁਕਾਬਲੇ ਕਾਫ਼ੀ ਘੱਟ ਹੁੰਦੇ ਹਨ। ਇਸ ਮੁਕਾਬਲੇ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਬੁਲੰਦੀਆਂ ਉਤੇ ਹੈ। ਜੇਕਰ ਆਈਸੀਸੀ ਦੇ ਇਕ ਰੋਜ਼ਾ ਤੇ ਟੀ20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿ ਵਿਰੁੱਧ ਸਾਰੇ 12 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ ਦੀ ਟੀਮ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ।
ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਵੀ ਇਸ ਮੌਕੇ ਮਹੱਤਵਪੂਰਨ ਹੋਵੇਗੀ ਜੋ ਕਿ ਮਾਰਗਦਰਸ਼ਕ ਦੇ ਤੌਰ ਉਤੇ ਹਾਜ਼ਰ ਹੋਣਗੇ। ਟੀ20 ਵਿਸ਼ਵ ਕੱਪ ਵਿਚ ਭਾਰਤ ਨੇ ਸਾਰੇ ਮੈਚ ਧੋਨੀ ਦੀ ਅਗਵਾਈ ਵਿਚ ਹੀ ਜਿੱਤੇ ਹਨ। ਹਾਲਾਂਕਿ ਟੀ20 ਕ੍ਰਿਕਟ ਦਾ ਅਜਿਹਾ ਸਰੂਪ ਹੈ ਜਿਸ ਵਿੱਚ ਕਿਸੇ ਵੀ ਟੀਮ ਦੀ ਜਿੱਤ ਯਕੀਨੀ ਨਹੀਂ ਮੰਨੀ ਜਾ ਸਕਦੀ। ਵਿਰਾਟ ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਵੀ ਛਾਪ ਛੱਡਣ ਦੀ ਪੂਰੀ ਕੋਸ਼ਿਸ਼ ਕਰਨਗੇ।