ਨਵੀਂ ਦਿੱਲੀ: ਰਾਜਕੋਟ ‘ਚ ਭਾਰਤ ਤੇ ਬੰਗਲਾਦੇਸ਼ ‘ਚ ਚੱਲ ਰਹੇ ਦੂਜੇ ਟੀ-20 ਮੈਚ ‘ਚ ਰੋਹਿਤ ਸ਼ਰਮਾ ਦੀ ਰਿਕਾਰਡ ਪਾਰੀ ਅੱਗੇ ਬੰਗਲਾਦੇਸ਼ ਦੀ ਇੱਕ ਵੀ ਬਾਲ ਚਲ ਨਹੀਂ ਸਕੀ। ਟੀਮ ਇੰਡੀਆ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੀ ਸਲਾਮੀ ਜੋੜੀ ਰੋਹਿਤ ਤੇ ਸ਼ਿਖਰ ਧਵਨ ਨੇ ਪਹਿਲੇ 10 ਓਵਰਾਂ ‘ਚ ਹੀ ਭਾਰਤ ਨੂੰ 100 ਦੌੜਾਂ ‘ਤੇ ਪਹੁੰਚਾ ਦਿੱਤਾ।


ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੌਰਾਨ ਬੰਗਲਾਦੇਸ਼ ਦੇ ਸਪਿਨ ਗੇਂਦਬਾਜ਼ ਮੋਸੱਦੇਕ ਹੁਸੈਨ ਦੀ ਬਾਲ 'ਤੇ ਲਗਾਤਾਰ ਤਿੰਨ ਛੱਕੇ ਜੜੇ। ਇਸ ਦੌਰਾਨ ਟੀਮ ਦਾ ਪਹਿਲਾ ਵਿਕਟ 10ਵੇਂ ਓਵਰ ‘ਚ ਧਵਨ ਦਾ 31 ਦੌੜਾਂ ‘ਤੇ ਡਿੱਗ ਗਿਆ। ਰੋਹਿਤ ਤੇ ਧਵਨ ਨੇ ਚੌਥੀ ਵਾਰ ਟੀ-20 ਮੈਚਾਂ ‘ਚ 100 ਦੌੜਾਂ ਦੀ ਸਾਂਝੇਦਾਰੀ ਦਾ ਕਾਰਨਾਮਾ ਕੀਤਾ। ਰੋਹਿਤ ਸ਼ਰਮਾ ਨੇ ਆਪਣੀ ਸ਼ਾਨਦਾਰ ਪਾਰੀ ‘ਚ 6 ਚੌਕੇ ਤੇ 6 ਛੱਕੇ ਜੜ 85 ਦੌੜਾਂ ਬਣਾਈਆਂ।



ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜਿਸ ‘ਚ ਖਲੀਲ ਸਭ ਤੋਂ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ ਚਾਰ ਓਵਰਾਂ ‘ਚ 44 ਦੌੜਾਂ ਦਿੱਤੀਆਂ। ਬੰਗਲਾਦੇਸ਼ ਦੀ ਟੀਮ ਦੇ ਮੁਹੰਮਦ ਨਈਮ ਨੇ ਸਭ ਤੋਂ ਜ਼ਿਆਦਾ 36 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਨੇ 6 ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ ਜਿਸ ਨੂੰ ਭਾਰਤੀ ਕ੍ਰਿਕਟ ਟੀਮ ਨੇ 15ਵੇਂ ਓਵਰ ‘ਚ ਹੀ ਚੇਜ਼ ਕਰ ਲਿਆ।

ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਪਣਾ 100ਵਾਂ ਟੀ-20 ਇੰਟਰਨੈਸ਼ਨਲ ਮੈਚ ਖੇਡਿਆ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਮੈਚ ‘ਚ ਰੋਹਿਤ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਹੁਣ ਭਾਰਤ ਤੇ ਬੰਗਲਾਦੇਸ਼ ਦੀ ਟੀਮ ਇਸ ਟੀ-20 ਸੀਰੀਜ਼ ‘ਚ 1-1 ਦੀ ਬਰਾਬਰੀ ‘ਤੇ ਹਨ।