Pujara Test Record: ਬੰਗਲਾਦੇਸ਼ (Bangladesh) ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ 'ਚ ਚੇਤੇਸ਼ਵਰ ਪੁਜਾਰਾ (Cheteshwar Pujara) ਕੋਲ ਵੱਡੀ ਉਪਲੱਬਧੀ ਦਰਜ ਕਰਨ ਦਾ ਮੌਕਾ ਹੋਵੇਗਾ। ਇਸ ਟੈਸਟ 'ਚ ਜਿਵੇਂ ਹੀ ਉਨ੍ਹਾਂ ਨੇ ਸਿਰਫ 13 ਦੌੜਾਂ ਬਣਾਈਆਂ, ਉਹ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸਰ ਡੌਨ ਬ੍ਰੈਡਮੈਨ (Don Bradman) ਦੇ ਟੈਸਟ ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗਾ।


ਸਰ ਡੌਨ ਬ੍ਰੈਡਮੈਨ ਨੇ ਆਪਣੇ ਟੈਸਟ ਕਰੀਅਰ ਵਿੱਚ 6996 ਦੌੜਾਂ ਬਣਾਈਆਂ। ਪੁਜਾਰਾ ਨੇ ਹੁਣ ਤੱਕ 6984 ਦੌੜਾਂ ਬਣਾਈਆਂ ਹਨ। ਪੁਜਾਰਾ ਨੇ ਸਾਲ 2010 'ਚ ਆਸਟ੍ਰੇਲੀਆ ਖਿਲਾਫ਼ ਬੈਂਗਲੁਰੂ ਟੈਸਟ ਮੈਚ 'ਚ ਡੈਬਿਊ ਕੀਤਾ ਸੀ। ਹੁਣ ਤੱਕ ਉਨ੍ਹਾਂ ਨੇ 97 ਟੈਸਟ ਮੈਚ ਖੇਡੇ ਹਨ ਅਤੇ ਇਨ੍ਹਾਂ 'ਚ ਉਨ੍ਹਾਂ ਨੇ 44.76 ਦੀ ਬੱਲੇਬਾਜ਼ੀ ਔਸਤ ਨਾਲ ਦੌੜਾਂ ਬਣਾਈਆਂ ਹਨ। ਆਪਣੇ 12 ਸਾਲ ਦੇ ਅੰਤਰਰਾਸ਼ਟਰੀ ਟੈਸਟ ਕਰੀਅਰ ਵਿੱਚ ਉਨ੍ਹਾਂ ਨੇ 19 ਸੈਂਕੜੇ ਲਗਾਏ ਹਨ।


ਪੁਜਾਰਾ ਨੇ ਆਖਰੀ ਟੈਸਟ 'ਚ ਲਗਾਇਆ ਸੀ ਸੈਂਕੜਾ


ਚੇਤੇਸ਼ਵਰ ਪੁਜਾਰਾ ਨੇ ਬੰਗਲਾਦੇਸ਼ ਦੇ ਖਿਲਾਫ਼ ਚਟਗਾਂਵ 'ਚ ਆਖਰੀ ਟੈਸਟ 'ਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ। ਇਹ ਸੈਂਕੜਾ ਲਗਾਉਂਦੇ ਹੀ ਉਸ ਨੇ ਰੌਸ ਟੇਲਰ (ਨਿਊਜ਼ੀਲੈਂਡ), ਗੋਰਡਨ ਗ੍ਰੀਨਿਜ (ਵੈਸਟ ਇੰਡੀਜ਼), ਕਲਾਈਵ ਲੋਇਡ (ਵੈਸਟ ਇੰਡੀਜ਼) ਅਤੇ ਮਾਈਕ ਹਸੀ (ਆਸਟ੍ਰੇਲੀਆ) ਦੇ 19 ਟੈਸਟ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਪੁਜਾਰਾ ਕੋਲ ਵੀ ਆਖਰੀ ਟੈਸਟ ਵਿੱਚ ਇਨ੍ਹਾਂ ਚਾਰ ਦਿੱਗਜਾਂ ਨੂੰ ਪਿੱਛੇ ਛੱਡਣ ਦਾ ਮੌਕਾ ਸੀ। ਦਰਅਸਲ ਇਸ ਮੈਚ ਦੀ ਪਹਿਲੀ ਪਾਰੀ 'ਚ ਪੁਜਾਰਾ 90 ਦੌੜਾਂ ਬਣਾ ਕੇ ਆਊਟ ਹੋ ਗਏ ਸਨ।


ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਅੱਠਵਾਂ ਭਾਰਤੀ


ਭਾਰਤ ਲਈ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਦੀ ਸੂਚੀ ਵਿੱਚ ਚੇਤੇਸ਼ਵਰ ਪੁਜਾਰਾ ਅੱਠਵੇਂ ਸਥਾਨ 'ਤੇ ਹੈ। ਉਹਨਾਂ ਤੋਂ ਅੱਗੇ ਸੌਰਵ ਗਾਂਗੁਲੀ (7212), ਵਿਰਾਟ ਕੋਹਲੀ (8094), ਵਰਿੰਦਰ ਸਹਿਵਾਗ (8586), ਵੀਵੀਐਸ ਲਕਸ਼ਮਣ (8781), ਸੁਨੀਲ ਗਾਵਸਕਰ (10122), ਰਾਹੁਲ ਦ੍ਰਾਵਿੜ (13288) ਅਤੇ ਸਚਿਨ ਤੇਂਦੁਲਕਰ (15921) ਹਨ।