Harmanpreet Kaur West Indies Women vs India Women: ਮਹਿਲਾ ਕ੍ਰਿਕਟ 'ਚ ਭਾਰਤ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਟ੍ਰਾਈ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਵਿੱਚ ਟੀਮ ਇੰਡੀਆ ਨੇ ਪਿਛਲੇ ਮੈਚ ਵਿੱਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਹੁਣ ਫਾਈਨਲ ਮੈਚ 2 ਫਰਵਰੀ ਨੂੰ ਖੇਡਿਆ ਜਾਵੇਗਾ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਈਸਟ ਲੰਡਨ 'ਚ ਖੇਡਿਆ ਜਾਵੇਗਾ। ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਚ 'ਚ ਭਾਰਤ ਲਈ ਹਰਮਨਪ੍ਰੀਤ ਅਤੇ ਜੇਮਿਮਾ ਰੋਡਰਿਗਜ਼ ਨੇ ਸ਼ਾਨਦਾਰ ਪਾਰੀ ਖੇਡੀ। ਜਦਕਿ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ।


ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 95 ਦੌੜਾਂ ਦਾ ਟੀਚਾ ਦਿੱਤਾ ਸੀ।  ਜਵਾਬ 'ਚ ਭਾਰਤ ਨੇ 13.5 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਸਮ੍ਰਿਤੀ ਮੰਧਾਨਾ ਅਤੇ ਜੇਮਿਮਾ ਰੌਡਰਿਗਜ਼ ਓਪਨਿੰਗ ਕਰਨ ਆਈਆਂ। ਮੰਧਾਨਾ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਈ।


ਜਦਕਿ ਜੇਮਿਮਾ ਨੇ 39 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 42 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਵੀ ਲਗਾਏ। ਹਰਲੀਨ ਦਿਓਲ 13 ਦੌੜਾਂ ਬਣਾ ਕੇ ਆਊਟ ਹੋ ਗਈ। ਹਰਮਨਪ੍ਰੀਤ ਕੌਰ ਨੇ ਕਪਤਾਨੀ ਦੀ ਪਾਰੀ ਖੇਡੀ। ਉਸ ਨੇ 23 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 32 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਵੀ ਲਗਾਏ।


ਵੈਸਟਇੰਡੀਜ਼ ਲਈ ਹੇਲੀ ਮੈਥਿਊਜ਼ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਜੇਮਸ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਉਹ ਅਜੇਤੂ ਰਹੀ। ਇਸ ਦੌਰਾਨ ਦੀਪਤੀ ਨੇ ਟੀਮ ਇੰਡੀਆ ਲਈ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ 'ਚ 11 ਦੌੜਾਂ ਦੇ ਕੇ 2 ਮੇਡਨ ਓਵਰ ਵੀ ਲਏ। ਪੂਜਾ ਵਸਤਰਾਕਰ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਗਾਇਕਵਾੜ ਨੂੰ ਵੀ ਕਾਮਯਾਬੀ ਮਿਲੀ। ਉਸ ਨੇ 4 ਓਵਰਾਂ 'ਚ 9 ਦੌੜਾਂ ਦਿੱਤੀਆਂ ਅਤੇ ਮੇਡਨ ਓਵਰ ਕਰਵਾਇਆ। ਰੇਣੁਕਾ ਸਿੰਘ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਉਸ ਨੇ 4 ਓਵਰਾਂ 'ਚ 22 ਦੌੜਾਂ ਦਿੱਤੀਆਂ।


ਇਸ ਟ੍ਰਾਈ ਸੀਰਜ਼ ਵਿੱਚ ਭਾਰਤ ਦਾ ਸਫ਼ਰ ਸ਼ਾਨਦਾਰ ਰਿਹਾ। ਟੀਮ ਇੰਡੀਆ ਨੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 27 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 56 ਦੌੜਾਂ ਨਾਲ ਮਾਤ ਦਿੱਤੀ ਗਈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਦੂਜਾ ਮੈਚ ਬਿਨਾਂ ਨਤੀਜੇ ਦੇ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਵੈਸਟਇੰਡੀਜ਼ ਨੂੰ ਫਿਰ ਹਰਾਇਆ। ਹੁਣ ਉਹ 2 ਫਰਵਰੀ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਖਿਲਾਫ ਮੈਚ ਖੇਡੇਗੀ।


ਇਹ ਵੀ ਪੜ੍ਹੋ: Pathaan ਦੀ ਕਮਾਈ 'ਤੇ Deepika Padukone ਨੇ ਕਿਹਾ, - 'ਅਸੀਂ ਰਿਕਾਰਡ ਤੋੜਨ ਲਈ ਫਿਲਮ ਨਹੀਂ ਬਣਾ ਰਹੇ ਸੀ'