RR vs GT: ਗੁਜਰਾਤ ਨੇ ਰਾਜਸਥਾਨ ਤੋਂ ਲਿਆ ਪਿਛਲੀ ਹਾਰ ਦਾ ਬਦਲਾ, ਇੱਕਤਰਫਾ ਮੁਕਾਬਲੇ 'ਚ 9 ਵਿਕਟਾਂ ਨਾਲ ਹਰਾਇਆ
IPL 2023: ਗੁਜਰਾਤ ਦੀ ਟੀਮ ਨੂੰ ਇਸ ਮੈਚ ਵਿੱਚ ਸਿਰਫ਼ 119 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ ਇਹ ਟੀਚਾ 13.5 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਅਤੇ ਆਪਣੀ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ।
RR vs GT, IPL 2023 Match 48: ਆਈਪੀਐਲ ਦੇ 16ਵੇਂ ਸੀਜ਼ਨ ਦਾ 48ਵਾਂ ਲੀਗ ਮੈਚ ਪੂਰੀ ਤਰ੍ਹਾਂ ਨਾਲ ਇੱਕਤਰਫਾ ਰਿਹਾ। ਗੁਜਰਾਤ ਟਾਈਟਨਸ (GT) ਨੇ ਰਾਜਸਥਾਨ ਰਾਇਲਜ਼ (RR) ਤੋਂ 9 ਵਿਕਟਾਂ ਨਾਲ ਮੈਚ ਜਿੱਤ ਕੇ ਪਿਛਲੀ ਹਾਰ ਦਾ ਬਦਲਾ ਲਿਆ। ਇਸ ਮੈਚ ਵਿੱਚ ਗੁਜਰਾਤ ਨੂੰ ਸਿਰਫ਼ 119 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦੀ ਸ਼ਾਨਦਾਰ ਸ਼ੁਰੂਆਤੀ ਸਾਂਝੇਦਾਰੀ ਤੋਂ ਬਾਅਦ ਟੀਮ ਨੇ ਇਹ ਟੀਚਾ 13.5 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਗੁਜਰਾਤ ਦੀ ਇਸ ਸੀਜ਼ਨ ਵਿੱਚ ਇਹ 7ਵੀਂ ਜਿੱਤ ਹੈ।
ਸ਼ੁਭਮਨ ਅਤੇ ਸਾਹਾ ਨੇ ਟੀਮ ਨੂੰ ਸ਼ਾਨਦਾਰ ਓਪਨਿੰਗ ਦਿੰਦੇ ਹੋਏ ਮੈਚ ਨੂੰ ਪੂਰੀ ਤਰ੍ਹਾਂ ਨਾਲ ਇਕਤਰਫਾ ਕਰ ਦਿੱਤਾ
119 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਟਾਈਟਨਸ ਲਈ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਪਾਰੀ ਦੀ ਸ਼ੁਰੂਆਤ ਕਰਨ ਆਏ। ਦੋਵਾਂ ਬੱਲੇਬਾਜ਼ਾਂ ਨੇ ਪਹਿਲੇ 3 ਓਵਰਾਂ 'ਚ ਥੋੜ੍ਹੀ ਸਾਵਧਾਨੀ ਨਾਲ ਬੱਲੇਬਾਜ਼ੀ ਕਰਦੇ ਹੋਏ ਸਕੋਰ ਨੂੰ 16 ਦੌੜਾਂ ਤੱਕ ਪਹੁੰਚਾਇਆ। ਪਾਰੀ ਦੇ ਚੌਥੇ ਓਵਰ ਵਿੱਚ ਰਨ ਰੇਟ ਵਧਣ ਲੱਗਾ। ਪਹਿਲੇ 6 ਓਵਰਾਂ ਦੀ ਸਮਾਪਤੀ ਤੋਂ ਬਾਅਦ ਗੁਜਰਾਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 49 ਦੌੜਾਂ ਤੱਕ ਪਹੁੰਚ ਗਿਆ ਸੀ।
ਸਾਹਾ ਅਤੇ ਗਿੱਲ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ ਤਾਂ ਜੋ ਟੀਮ ਮੈਚ ਵਿੱਚ ਵੱਡੀ ਜਿੱਤ ਹਾਸਲ ਕਰ ਸਕੇ। ਗੁਜਰਾਤ ਨੂੰ ਪਹਿਲਾ ਝਟਕਾ 71 ਦੇ ਸਕੋਰ 'ਤੇ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਾ। ਯੁਜਵੇਂਦਰ ਚਾਹਲ ਨੇ 36 ਦੇ ਨਿੱਜੀ ਸਕੋਰ 'ਤੇ ਸ਼ੁਭਮਨ ਗਿੱਲ ਨੂੰ ਆਪਣਾ ਸ਼ਿਕਾਰ ਬਣਾਇਆ।
ਕਪਤਾਨ ਹਾਰਦਿਕ ਨੇ ਦਿਖਾਇਆ ਹਮਲਾਵਰ ਅੰਦਾਜ਼, ਜਲਦੀ ਹੀ ਖਤਮ ਕਰ ਦਿੱਤਾ ਮੈਚ
ਸ਼ੁਭਮਨ ਗਿੱਲ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਗੁਜਰਾਤ ਟਾਈਟਨਸ ਵੱਲੋਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਆਏ। ਉਨ੍ਹਾਂ ਨੇ ਮੈਦਾਨ 'ਚ ਆਉਂਦੇ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਹਾਰਦਿਕ ਨੇ ਤੇਜ਼ੀ ਨਾਲ ਸਕੋਰ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਚ 'ਚ ਗੁਜਰਾਤ ਦੀ ਜਿੱਤ ਨੂੰ ਪੂਰੀ ਤਰ੍ਹਾਂ ਪੱਕਾ ਕਰ ਦਿੱਤਾ।
ਹਾਰਦਿਕ ਨੇ ਇਸ ਮੈਚ 'ਚ ਸਿਰਫ 15 ਗੇਂਦਾਂ 'ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਇਸ ਮੈਚ 'ਚ ਰਿਧੀਮਾਨ ਸਾਹਾ ਨੇ ਵੀ 41 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗੁਜਰਾਤ ਨੇ 119 ਦੌੜਾਂ ਦਾ ਟੀਚਾ 13.5 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਰਾਜਸਥਾਨ ਲਈ ਗੇਂਦਬਾਜ਼ੀ 'ਚ ਯੁਜਵੇਂਦਰ ਚਾਹਲ ਨੂੰ ਸਿਰਫ 1 ਵਿਕਟ ਮਿਲੀ।
ਇਹ ਵੀ ਪੜ੍ਹੋ: Rishabh Pant Health Update: ਪਹਿਲੀ ਵਾਰ ਬਿਨਾਂ ਵੈਸਾਖੀ ਤੋਂ ਨਜ਼ਰ ਆਏ ਰਿਸ਼ਭ ਪੰਤ, NCA 'ਚ ਖੇਡਿਆ ਟੇਬਲ ਟੈਨਿਸ
ਰਾਸ਼ਿਦ ਖਾਨ ਅਤੇ ਨੂਰ ਅਹਿਮਦ ਦੇ ਸਾਹਮਣੇ ਰਾਜਸਥਾਨ ਦੀ ਪਾਰੀ ਹੋ ਗਈ ਢੇਰ
ਇਸ ਮੈਚ 'ਚ ਰਾਜਸਥਾਨ ਰਾਇਲਸ ਦੀ ਪਾਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਟੀਮ ਵਲੋਂ ਬੱਲੇਬਾਜ਼ੀ ਦਾ ਕਾਫੀ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਰਾਜਸਥਾਨ ਦੇ ਸਿਰਫ਼ 4 ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ।
ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਨੇ ਸਭ ਤੋਂ ਵੱਧ 30 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਟ੍ਰੇਂਟ ਬੋਲਟ ਨੇ 15 ਅਤੇ ਯਸ਼ਸਵੀ ਜੈਸਵਾਲ ਨੇ 14 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਗੇਂਦਬਾਜ਼ੀ ਵਿੱਚ ਰਾਸ਼ਿਦ ਖਾਨ ਨੇ 3, ਨੂਰ ਅਹਿਮਦ ਨੇ 2 ਵਿਕਟਾਂ ਲਈਆਂ। ਮੁਹੰਮਦ ਸ਼ਮੀ, ਹਾਰਦਿਕ ਪੰਡਯਾ ਅਤੇ ਜੋਸ਼ੂਆ ਲਿਟਲ ਨੇ ਵੀ 1-1 ਵਿਕਟ ਹਾਸਿਲ ਕੀਤੀ।
ਇਹ ਵੀ ਪੜ੍ਹੋ: Babar Azam ODI Record: ਬਾਬਰ ਨੇ ਵਿਰਾਟ ਕੋਹਲੀ ਤੇ ਵਿਵ ਰਿਚਰਡਸ ਨੂੰ ਛੱਡਿਆ ਪਿੱਛੇ, ਬਣੇ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਖਿਡਾਰੀ