KKR vs RCB: RCB ਦੇ ਕਪਤਾਨ ਕੋਹਲੀ ਨੇ ਖਰਾਬ ਬੱਲੇਬਾਜ਼ੀ 'ਤੇ ਭੰਨ੍ਹਿਆ ਹਾਰ ਦਾ ਠੀਕਰਾ, ਜਾਣੋ ਕੀ ਕਿਹਾ?
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, "ਚੰਗੀ ਭਾਈਵਾਲੀ ਕਰਨੀ ਬਹੁਤ ਜ਼ਰੂਰੀ ਸੀ। ਸਾਨੂੰ ਉਮੀਦ ਨਹੀਂ ਸੀ ਕਿ ਮੈਦਾਨ 'ਤੇ ਇੰਨੀ ਛੇਤੀ ਤ੍ਰੇਲ ਆ ਜਾਵੇਗੀ।
Kolkata vs Bangalore: ਵਿਰਾਟ ਕੋਹਲੀ ਦੀ ਰਾਇਲ ਚੈਲੰਜਰਸ ਬੰਗਲੁਰੂ (ਆਰਸੀਬੀ) ਨੇ ਬੀਤੇ ਦਿਨੀਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਾਹਮਣੇ ਆਈਪੀਐਲ 2021 'ਚ ਖਰਾਬ ਪ੍ਰਦਰਸ਼ਨ ਕੀਤਾ ਤੇ ਟੀਮ 92 ਦੌੜਾਂ ਦੇ ਸ਼ਰਮਨਾਕ ਸਕੋਰ 'ਤੇ ਢੇਰ ਹੋ ਗਈ। ਕੇਕੇਆਰ ਨੇ ਆਸਾਨੀ ਨਾਲ 1 ਵਿਕਟ ਦੇ ਨੁਕਸਾਨ 'ਤੇ ਇਹ ਟੀਚਾ ਪ੍ਰਾਪਤ ਕਰ ਲਿਆ। ਮੈਚ ਤੋਂ ਬਾਅਦ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਹਾਰ ਲਈ ਖਰਾਬ ਬੱਲੇਬਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸਾਨੂੰ ਮੈਚ 'ਚ ਕੁਝ ਚੰਗੀ ਭਾਈਵਾਲੀ ਕਰਨ ਦੀ ਜ਼ਰੂਰਤ ਸੀ।
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, "ਚੰਗੀ ਭਾਈਵਾਲੀ ਕਰਨੀ ਬਹੁਤ ਜ਼ਰੂਰੀ ਸੀ। ਸਾਨੂੰ ਉਮੀਦ ਨਹੀਂ ਸੀ ਕਿ ਮੈਦਾਨ 'ਤੇ ਇੰਨੀ ਛੇਤੀ ਤ੍ਰੇਲ ਆ ਜਾਵੇਗੀ। ਅਸੀਂ 1 ਵਿਕਟ ਦੇ ਨੁਕਸਾਨ 'ਤੇ 42 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ ਪਰ ਅਚਾਨਕ 20 ਦੌੜਾਂ ਦੇ ਅੰਤਰਾਲ 'ਚ 5 ਵਿਕਟਾਂ ਗੁਆ ਦਿੱਤੀਆਂ। ਇਸ ਹਾਰ ਨੇ ਸਾਨੂੰ ਹੋਰ ਸੁਚੇਤ ਕਰ ਦਿੱਤਾ ਹੈ। ਇਹ ਆਈਪੀਐਲ ਦੇ ਦੂਜੇ ਪੜਾਅ ਦੀ ਸ਼ੁਰੂਆਤ 'ਚ ਹੀ ਹੋਇਆ ਹੈ। ਇਸ ਲਈ ਅਸੀਂ ਅੱਗੇ ਦੇ ਮੈਚਾਂ ਲਈ ਆਪਣੀਆਂ ਗਲਤੀਆਂ ਨੂੰ ਸੁਧਾਰਨ 'ਤੇ ਕੰਮ ਕਰਾਂਗੇ।"
ਬਹਾਨੇ ਬਣਾਉਣ ਨਾਲ ਕੰਮ ਨਹੀਂ ਚਲੇਗਾ
ਆਈਪੀਐਲ ਦੇ ਦੂਜੇ ਪੜਾਅ ਤੋਂ ਬਾਅਦ ਆਰਸੀਬੀ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਚੁੱਕੇ ਕੋਹਲੀ ਨੇ ਕਿਹਾ, "ਅਸੀਂ ਇਸ ਹਾਰ ਨੂੰ ਲੈ ਕੇ ਕੋਈ ਬਹਾਨਾ ਨਹੀਂ ਬਣਾ ਰਹੇ ਹਾਂ। ਇੱਕ ਪੇਸ਼ੇਵਰ ਖਿਡਾਰੀ ਵਜੋਂ ਤੁਹਾਡੇ ਤੋਂ ਉਮੀਦ ਕੀਤੀ ਜਾਂ ਦੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਹਾਲਾਤ ਮੁਤਾਬਕ ਤਾਲਮੇਲ ਬਿਠਾਓ ਅਤੇ ਉਸ ਮੁਤਾਬਕ ਆਪਣੇ ਖੇਡ ਨੂੰ ਐਡਜਸਟ ਕਰੋ। ਕਈ ਵਾਰ ਟੂਰਨਾਮੈਂਟ 'ਚ ਲੈਅ ਪਾਉਣ ਲਈ ਤੁਹਾਨੂੰ ਇਕ ਮੈਚ ਦਾ ਸਮਾਂ ਲੱਗ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਅਗਲੇ ਮੈਚ ਤਕ ਬਿਹਤਰ ਹੋ ਜਾਵਾਂਗੇ।"
ਵਿਰਾਟ ਨੇ ਵਰੁਣ ਚਕਰਵਤੀ ਦੀ ਪ੍ਰਸ਼ੰਸਾ ਕੀਤੀ
ਵਿਰਾਟ ਨੇ ਬੀਤੇ ਦਿਨ ਦੇ ਮੈਚ 'ਚ ਕੇਕੇਆਰ ਦੇ ਰਹੱਸਮਈ ਗੇਂਦਬਾਜ਼ ਵਰੁਣ ਚੱਕਰਵਤੀ ਦੇ ਪ੍ਰਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ। ਵਿਰਾਟ ਨੇ ਕਿਹਾ, "ਵਰੁਣ ਨੇ ਅੱਜ ਦੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਦੋਂ ਉਹ ਭਾਰਤ ਲਈ ਖੇਡਦਣਗੇ ਤਾਂ ਉਹ ਇਕ ਮਹੱਤਵਪੂਰਨ ਫੈਕਟਰ ਸਾਬਤ ਹੋ ਸਕਦੇ ਹਨ। ਉਹ ਛੇਤੀ ਹੀ ਭਾਰਤ ਲਈ ਖੇਡਣਗੇ ਤੇ ਉਨ੍ਹਾਂ ਦਾ ਅੱਜ ਦਾ ਪ੍ਰਦਰਸ਼ਨ ਟੀਮ ਲਈ ਇਕ ਚੰਗਾ ਸੰਕੇਤ ਹੈ।"