ODI World Cup 2023, Pakistan Team: ਪਾਕਿਸਤਾਨ ਕ੍ਰਿਕਟ ਟੀਮ ਆਖਰਕਾਰ ਭਾਰਤੀ ਦਾ ਵੀਜ਼ਾ ਮਿਲਣ ਤੋਂ ਬਾਅਦ 27 ਸਤੰਬਰ ਨੂੰ ਹੈਦਰਾਬਾਦ ਪਹੁੰਚ ਗਈ। ਪਾਕਿਸਤਾਨੀ ਟੀਮ ਦੇ ਹੈਦਰਾਬਾਦ ਪਹੁੰਚਣ ਤੋਂ ਬਾਅਦ ਉੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕਪਤਾਨ ਬਾਬਰ ਆਜ਼ਮ ਅਤੇ ਟੀਮ ਦੇ ਬਾਕੀ ਸਾਰੇ ਖਿਡਾਰੀ ਵੀ ਇਸ ਸਵਾਗਤ ਤੋਂ ਬਹੁਤ ਖੁਸ਼ ਨਜ਼ਰ ਆਏ। ਪਾਕਿਸਤਾਨ ਦੇ ਕਈ ਖਿਡਾਰੀਆਂ ਨੇ ਇਸ ਸਵਾਗਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।


ਭਾਰਤ 'ਚ ਵਨਡੇ ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਵੀ 2 ਅਭਿਆਸ ਮੈਚ ਖੇਡਣ ਦਾ ਮੌਕਾ ਮਿਲੇਗਾ। ਇਸ ਦੌਰਾਨ ਹੈਦਰਾਬਾਦ 'ਚ ਪਾਕਿਸਤਾਨੀ ਟੀਮ ਦਾ ਪੂਰਾ ਭੋਜਨ ਮੈਨਿਊ ਵੀ ਸਾਹਮਣੇ ਆਇਆ। ਇਸ ਵਿੱਚ ਚਿਕਨ, ਮਟਨ ਤੋਂ ਲੈ ਕੇ ਗ੍ਰਿਲਡ ਫਿਸ਼ ਤੱਕ ਸਭ ਕੁਝ ਸ਼ਾਮਿਲ ਸੀ। ਪੀਟੀਆਈ ਦੀ ਖਬਰ ਮੁਤਾਬਕ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਦੀ ਡਾਈਟ ਵਿੱਚ ਪ੍ਰੋਟੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਿਲਡ ਲੈਂਬ ਚੋਪਸ, ਮਟਨ ਕਰੀ, ਬਟਰ ਚਿਕਨ ਅਤੇ ਗ੍ਰਿਲਡ ਫਿਸ਼ ਨੂੰ ਸ਼ਾਮਿਲ ਕੀਤਾ ਗਿਆ ਹੈ।






ਵਿਸ਼ਵ ਕੱਪ 'ਚ ਖੇਡਣ ਵਾਲੀਆਂ ਸਾਰੀਆਂ ਟੀਮਾਂ ਦੇ ਖਾਣੇ 'ਚ ਬੀਫ ਨਹੀਂ ਪਰੋਸਿਆ ਜਾਵੇਗਾ। ਇਸ ਕਾਰਨ ਪ੍ਰੋਟੀਨ ਦੀ ਮਾਤਰਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਚਿਕਨ, ਮਟਨ ਅਤੇ ਮੱਛੀ 'ਤੇ ਨਿਰਭਰ ਰਹਿਣਾ ਪਵੇਗਾ। ਇਸ ਦੌਰਾਨ, ਕਾਰਬੋਹਾਈਡਰੇਟ ਲਈ, ਪਾਕਿਸਤਾਨੀ ਖਿਡਾਰੀਆਂ ਨੇ ਸਟੇਡੀਅਮ ਵਿੱਚ ਮੌਜੂਦ ਸ਼ੈੱਫ ਨੂੰ ਉਬਲੇ ਬਾਸਮਤੀ ਚਾਵਲ, ਸਪੈਗੇਟੀ ਬੋਲੋਨੀਜ਼ ਸੌਸ ਅਤੇ ਸ਼ਾਕਾਹਾਰੀ ਪੁਲਾਓ ਪਕਾਉਣ ਲਈ ਕਿਹਾ। ਪਾਕਿਸਤਾਨੀ ਕਰੀਬ 2 ਹਫਤੇ ਹੈਦਰਾਬਾਦ 'ਚ ਰੁਕਣਗੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਹੈਦਰਾਬਾਦ ਦੀ ਮਸ਼ਹੂਰ ਬਿਰਯਾਨੀ ਦਾ ਸਵਾਦ ਲੈਣ ਦਾ ਮੌਕਾ ਵੀ ਦਿੱਤਾ ਜਾਵੇਗਾ।


ਪਾਕਿਸਤਾਨ 29 ਸਤੰਬਰ ਨੂੰ ਖੇਡੇਗਾ ਆਪਣਾ ਪਹਿਲਾ ਅਭਿਆਸ ਮੈਚ


ਭਾਰਤ ਆਉਣ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਵਿਸ਼ਵ ਕੱਪ ਦੀ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ ਹੈ। ਇਸ ਕਾਰਨ ਪੂਰੀ ਟੀਮ ਨੇ 28 ਸਤੰਬਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਅਭਿਆਸ ਕੀਤਾ। ਹੁਣ ਪਾਕਿਸਤਾਨੀ ਟੀਮ ਆਪਣਾ ਪਹਿਲਾ ਅਭਿਆਸ ਮੈਚ 29 ਸਤੰਬਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇਗੀ। ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 6 ਅਕਤੂਬਰ ਨੂੰ ਨੀਦਰਲੈਂਡ ਦੀ ਟੀਮ ਖ਼ਿਲਾਫ਼ ਕਰੇਗੀ।