ਪਾਕਿਸਤਾਨੀ ਟੀਮ ਸ਼੍ਰੀਲੰਕਾ 'ਚ ਐਮਰਜੈਂਸੀ ਦੀ ਸਥਿਤੀ ਦੇ ਦੌਰਾਨ ਵੀ ਟੈਸਟ ਸੀਰੀਜ਼ ਖੇਡਣ ਜਾ ਰਹੀ ਹੈ। ਵੀਰਵਾਰ ਨੂੰ ਇਹ ਟੀਮ ਕੋਲੰਬੋ ਤੋਂ ਗਾਲੇ ਪਹੁੰਚੀ। ਗਾਲੇ ਵਿੱਚ ਵੀ ਪਾਕਿ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਪਾਕਿਸਤਾਨੀ ਟੀਮ ਜਿਵੇਂ ਹੀ ਗਾਲੇ ਦੇ ਹੋਟਲ ਪਹੁੰਚੀ ਤਾਂ ਉਨ੍ਹਾਂ ਦਾ ਰਵਾਇਤੀ ਸ਼੍ਰੀਲੰਕਾਈ ਅੰਦਾਜ਼ 'ਚ ਸਵਾਗਤ ਕੀਤਾ ਗਿਆ। ਇਸ ਸਵਾਗਤ ਦੀ ਵੀਡੀਓ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।









ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਗਾਲੇ ਏਅਰਪੋਰਟ ਤੋਂ ਨਿਕਲਣ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਬੱਸ 'ਚ ਹੋਟਲ ਲਈ ਰਵਾਨਾ ਹੋਏ। ਹੋਟਲ ਵਿੱਚ ਜਾਮਨੀ ਰੰਗ ਦੇ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪਰੰਪਰਾਗਤ ਡਾਂਸ ਕਰਦਾ ਇਕ ਗਰੁੱਪ ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕੈਪਟਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵੀ ਹੋਟਲ ਵਿੱਚ ਦੀਵੇ ਜਗਾਉਂਦੇ ਨਜ਼ਰ ਆ ਰਹੇ ਹਨ।


ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਇਸ ਸਮੇਂ ਐਮਰਜੈਂਸੀ ਦੀ ਸਥਿਤੀ ਹੈ। ਇੱਥੇ ਦਿਨ-ਬ-ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੀ ਦੇਸ਼ ਛੱਡ ਚੁੱਕੇ ਹਨ। ਇਸ ਸਭ ਦੇ ਵਿਚਕਾਰ ਪਾਕਿਸਤਾਨ ਦਾ ਸ਼੍ਰੀਲੰਕਾ ਦੌਰਾ ਖ਼ਤਰੇ ਵਿੱਚ ਸੀ ਪਰ ਸ਼੍ਰੀਲੰਕਾ ਕ੍ਰਿਕਟ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਮਨਾਉਣ ਵਿੱਚ ਸਫਲ ਰਿਹਾ। ਹੁਣ ਦੋਵਾਂ ਦੇਸ਼ਾਂ ਵਿਚਾਲੇ 16 ਜੁਲਾਈ ਤੋਂ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ।


ਪਾਕਿਸਤਾਨ ਟੀਮ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਉਪ-ਕਪਤਾਨ), ਅਬਦੁੱਲਾ ਸ਼ਫੀਕ, ਅਜ਼ਹਰ ਅਲੀ, ਫਹੀਮ ਅਸ਼ਰਫ, ਫਵਾਦ ਆਲਮ, ਹਰਿਸ ਰਾਊਫ, ਹਸਨ ਅਲੀ, ਇਮਾਮ-ਉਲ-ਹੱਕ, ਮੁਹੰਮਦ ਨਵਾਜ਼, ਨਸੀਮ ਸ਼ਾਹ, ਨੌਮਾਨ ਅਲੀ, ਸਲਮਾਨ ਅਲੀ ਆਗਾ, ਸਰਫਰਾਜ਼ ਅਹਿਮਦ (wk), ਸੌਦ ਸ਼ਕੀਲ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ ਅਤੇ ਯਾਸਿਰ ਸ਼ਾਹ।