Champions Trophy 2025 : ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਵਿੱਚ ਹੋਵੇਗੀ, ਇਹ ਬਿਆਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਰਜ਼ਾ ਨਕਵੀ ਦਾ ਹੈ। ਨਕਵੀ ਨੇ ਆਈਸੀਸੀ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਚੈਂਪੀਅਨਜ਼ ਟਰਾਫੀ ਲਈ ਕਿਸੇ ਹਾਈਬ੍ਰਿਡ ਮਾਡਲ (Hybrid model) 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਹ ਸਾਰਾ ਮਾਮਲਾ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਜਾਣ ਨਾਲ ਸ਼ੁਰੂ ਹੋਇਆ ਹੈ। ਹਾਲਾਂਕਿ ਹੁਣ ਤੱਕ ਬੀਸੀਸੀਆਈ (BCCI) ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਟੀਮ ਇੰਡੀਆ ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ।
ਦੱਸ ਦੇਈਏ ਕਿ 19 ਜੁਲਾਈ ਨੂੰ ਕੋਲੰਬੋ ਵਿੱਚ ਆਈਸੀਸੀ ਅਧਿਕਾਰੀਆਂ ਦੀ ਮੀਟਿੰਗ ਹੋਣੀ ਸੀ। ਰਿਪੋਰਟ ਮੁਤਾਬਕ ਪੀਸੀਬੀ ਨੇ ਸਪੱਸ਼ਟ ਕੀਤਾ ਹੈ ਕਿ ਹਾਈਬ੍ਰਿਡ ਮਾਡਲ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਰਿਪੋਰਟ 'ਚ ਦੱਸਿਆ ਗਿਆ- PCB ਦੇ ਚੇਅਰਮੈਨ ਮੋਹਸਿਨ ਰਜ਼ਾ ਨਕਵੀ ਨੇ ICC ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਕਰੇਗਾ, ਜਿਸ ਲਈ ਕੋਈ ਹਾਈਬ੍ਰਿਡ ਮਾਡਲ ਲਾਗੂ ਨਹੀਂ ਕੀਤਾ ਜਾਵੇਗਾ। ਭਾਰਤ ਨੂੰ ਪਾਕਿਸਤਾਨ ਲਿਆਉਣਾ ICC ਦਾ ਕੰਮ ਹੈ, ਪਾਕਿਸਤਾਨ ਕ੍ਰਿਕਟ ਬੋਰਡ ਦਾ ਨਹੀਂ।
ਪ੍ਰਸਤਾਵਿਤ ਸ਼ਡਿਊਲ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਗਈ ਹੈ
ਕੁਝ ਹਫ਼ਤੇ ਪਹਿਲਾਂ, ਆਈਸੀਸੀ ਨੇ ਪੀਸੀਬੀ ਦੁਆਰਾ ਭੇਜੇ ਪ੍ਰਸਤਾਵਿਤ ਸ਼ਡਿਊਲ ਨੂੰ ਹਰੀ ਝੰਡੀ ਦੇ ਦਿੱਤੀ ਸੀ। ਉਸ ਪ੍ਰੋਗਰਾਮ ਮੁਤਾਬਕ ਟੀਮ ਇੰਡੀਆ ਦੇ ਸਾਰੇ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡੇ ਜਾਣਗੇ। ਜੇਕਰ ਭਾਰਤ ਸੈਮੀਫਾਈਨਲ ਜਾਂ ਫਾਈਨਲ 'ਚ ਪਹੁੰਚਦਾ ਹੈ ਤਾਂ ਉਹ ਮੈਚ ਲਾਹੌਰ 'ਚ ਵੀ ਖੇਡੇ ਜਾਣਗੇ।
ਸ਼ਡਿਊਲ ਮੁਤਾਬਕ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਜੇਕਰ ਭਾਰਤ ਚੈਂਪੀਅਨਸ ਟਰਾਫੀ ਖੇਡਣ ਪਾਕਿਸਤਾਨ ਨਹੀਂ ਆਉਂਦਾ। ਅਜਿਹੇ 'ਚ ਪਾਕਿਸਤਾਨ ਦੀ ਟੀਮ ਵੀ ਭਾਰਤ ਦੀ ਮੇਜ਼ਬਾਨੀ 'ਚ ਹੋਣ ਵਾਲੇ 2026 ਟੀ-20 ਵਿਸ਼ਵ ਕੱਪ ਖੇਡਣ ਨਹੀਂ ਜਾਵੇਗੀ।
ਇਸ ਤੋਂ ਪਹਿਲਾਂ ਏਸ਼ੀਆ ਕੱਪ 2023 ਵੀ ਵਿਵਾਦਾਂ ਦਾ ਵਿਸ਼ਾ ਬਣਿਆ ਸੀ, ਜਿਸ ਦੀ ਮੇਜ਼ਬਾਨੀ ਪਾਕਿਸਤਾਨ ਨੇ ਕੀਤੀ ਸੀ। ਟੀਮ ਇੰਡੀਆ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਭਾਰਤ ਦੇ ਮੈਚ ਸ਼੍ਰੀਲੰਕਾ ਵਿੱਚ ਹੋਏ ਸਨ। ਪਰ ਇਸ ਵਾਰ ਪੀਸੀਬੀ ਨੇ ਹਾਈਬ੍ਰਿਡ ਮਾਡਲ ਨੂੰ ਲੈ ਕੇ ਬਹੁਤ ਸਖ਼ਤ ਰਵੱਈਆ ਅਪਣਾਇਆ ਹੈ।